ਅਫ਼ਗਾਨਿਸਤਾਨ- ਅਫ਼ਗਾਨਿਸਤਾਨ ਦੇ ਪੱਛਮੀ ਹਿੱਸੇ ‘ਚ ਆਏ ਭੂਚਾਲ ‘ਚ ਘੱਟੋ-ਘੱਟ 26 ਲੋਕਾਂ ਦੀ ਮੌਤ ਹੋ ਗਈ। ਭੂਚਾਲ ਇੰਨਾ ਜ਼ਬਰਦਸਤ ਸੀ ਕਿ ਅਫ਼ਗਾਨਿਸਤਾਨ ਦੇ ਪੱਛਮੀ ਸੂਬੇ ਬਦਗਿਸ ਦੇ ਕਾਦੀਸ ਜ਼ਿਲੇ ‘ਚ ਵੀ ਮਕਾਨ ਢਹਿਣ ਲੱਗੇ। ਮੀਡੀਆ ਰਿਪੋਰਟਾਂ ਮੁਤਾਬਕ ਕਈ ਲੋਕਾਂ ਦੀ ਮੌਤ ਘਰਾਂ ਵਿੱਚ ਦੱਬਣ ਕਾਰਨ ਹੋਈ ਹੈ।
ਇੱਕ ਨਿਊਜ਼ ਏਜੰਸੀ ਨੇ ਦੱਸਿਆ ਕਿ ਭੂਚਾਲ ‘ਚ ਹੁਣ ਤੱਕ 26 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮੰਨਿਆ ਜਾ ਰਿਹਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 5.6 ਸੀ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਵੀ ਅਫਗਾਨਿਸਤਾਨ ਦੇ ਫੈਜ਼ਾਬਾਦ ਨੇੜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ।
ਅਫ਼ਗਾਨਿਸਤਾਨ ਦੇ ਨਾਲ ਲੱਗਦੇ ਪਾਕਿਸਤਾਨ ਦੇ ਉੱਤਰੀ ਹਿੱਸੇ ‘ਚ ਵੀ ਸ਼ੁੱਕਰਵਾਰ ਰਾਤ ਨੂੰ 5.6 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਪਾਕਿਸਤਾਨ ਦੇ ਮੌਸਮ ਵਿਭਾਗ ਮੁਤਾਬਕ ਫਿਲਹਾਲ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਭੂਚਾਲ ਦੇ ਝਟਕੇ ਪੇਸ਼ਾਵਰ, ਮਾਨਸ਼ੇਰਾ, ਬਾਲਾਕੋਟ ਅਤੇ ਚਾਰਸਾਦਾ ਸਮੇਤ ਖੈਬਰ ਪਖਤੂਨਖਵਾ ਦੇ ਕਈ ਸ਼ਹਿਰਾਂ ‘ਚ ਮਹਿਸੂਸ ਕੀਤੇ ਗਏ। ਭੂਚਾਲ ਦੇ ਝਟਕੇ ਗਿਲਗਿਤ-ਬਾਲਟਿਸਤਾਨ ਖੇਤਰ ਦੇ ਉੱਤਰ ਵਿੱਚ ਵੀ ਮਹਿਸੂਸ ਕੀਤੇ ਗਏ।