ਮਿਆਂਮਾਰ ‘ਚ 7.7 ਰਿਕਟਰ ਸਕੇਲ ਦੀ ਤੀਬਰਤਾ ਵਾਲੇ ਭੂਚਾਲ ਨੇ ਮਚਾਈ ਤਬਾਹੀ, ਢਹਿ ਗਏ ਫਲਾਈਓਵਰ ‘ਤੇ ਇਮਾਰਤਾਂ!

Global Team
2 Min Read

ਨਵੀ ਦਿੱਲੀ, 28 ਮਾਰਚ: ਭਾਰਤ ਦੇ ਗੁਆਂਢੀ ਦੇਸ਼ ਮਿਆਂਮਾਰ ਵਿੱਚ ਭੂਚਾਲ ਨੇ ਤਬਾਹੀ ਮਚਾਈ ਹੈ। ਰਿਕਟਰ ਪੈਮਾਨੇ ‘ਤੇ 7.7 ਦੀ ਤੀਬਰਤਾ ਵਾਲੇ ਭੂਚਾਲ ਕਾਰਨ ਕਾਫੀ ਕੁਝ ਤਬਾਹ ਹੋ ਗਿਆ। ਇਸ ਦਾ ਕੇਂਦਰ ਦੇਸ਼ ਦੇ ਮਾਂਡਲੇ ਸ਼ਹਿਰ ਦੇ ਨੇੜੇ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਦੱਸਿਆ ਜਾਂਦਾ ਹੈ।

ਮਿਆਂਮਾਰ ਦੇ ਇਤਿਹਾਸਕ ਸ਼ਾਹੀ ਮਹਿਲ ਮਾਂਡਲੇ ਪੈਲੇਸ ਦੇ ਕੁਝ ਹਿੱਸਿਆਂ ਨੂੰ ਨੁਕਸਾਨ ਵੀ ਪਹੁੰਚਿਆ ਹੈ। ਇਸ ਦੇ ਨਾਲ ਹੀ ਭੂਚਾਲ ‘ਚ ਸਾਗਾਇੰਗ ਖੇਤਰ ਦੇ ਸਾਗਾਇੰਗ ਕਸਬੇ ਦਾ ਇਕ ਪੁਲ ਪੂਰੀ ਤਰ੍ਹਾਂ ਤਬਾਹ ਹੋ ਗਿਆ। ਰਾਜਧਾਨੀ ਨੇਪਿਤਾ ਤੋਂ ਇਲਾਵਾ ਕਯਾਉਕਸੇ, ਪਾਈਨ ਓ ਲਵਿਨ ਅਤੇ ਸ਼ਵੇਬੋ ਵਿੱਚ ਵੀ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਇਨ੍ਹਾਂ ਸ਼ਹਿਰਾਂ ਦੀ ਆਬਾਦੀ 50 ਹਜ਼ਾਰ ਤੋਂ ਵੱਧ ਹੈ।

ਭੁਚਾਲ ਨੇ ਥਾਈਲੈਂਡ ਦੀ ਰਾਜਧਾਨੀ ਬੈਂਕਾਕ ਨੂੰ ਵੀ ਹਿਲਾ ਕੇ ਰੱਖ ਦਿੱਤਾ। ਇਥੇ ਇੱਕ ਨਿਰਮਾਣ ਅਧੀਨ ਫਲਾਈਓਵਰ ਢਹਿ ਗਿਆ, ਜਦਕਿ ਕਈ ਇਮਾਰਤਾਂ ਵੀ ਨੁਕਸਾਨੀਆਂ ਗਈਆਂ। ਸੈਂਕੜੇ ਲੋਕ ਡਰੇ ਹੋਏ ਇਮਾਰਤਾਂ ਤੋਂ ਬਾਹਰ ਆ ਗਏ। ਹਾਲਾਂਕਿ ਭੂਚਾਲ ਕਾਰਨ ਹੋਏ ਨੁਕਸਾਨ ਬਾਰੇ ਅਜੇ ਤੱਕ ਕੋਈ ਸਪੱਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਭੂਚਾਲ ਦੇ ਤੇਜ਼ ਝਟਕਿਆਂ ਕਾਰਨ ਬੈਂਕਾਕ ਅਤੇ ਮਿਆਂਮਾਰ ਦੇ ਸ਼ਹਿਰਾਂ ਦੀਆਂ ਵੱਡੀਆਂ ਇਮਾਰਤਾਂ ਕਾਫੀ ਹਿੱਲਣ ਲੱਗੀਆਂ। ਇਸ ਦੀਆਂ ਵੀਡੀਓਜ਼ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆ ਹਨ। ਵਾਇਰਲ ਵੀਡੀਓ ‘ਚ ਲੋਕ ਘਬਰਾਏ ਅਤੇ ਚੀਕਦੇ ਹੋਏ ਸੜਕਾਂ ‘ਤੇ ਦੌੜ ਰਹੇ ਨਜ਼ਰ ਆ ਰਹੇ ਹਨ।

ਦੱਸ ਦਈਏ ਕਿ 6 ਦਿਨਾਂ ਬਾਅਦ ਥਾਈਲੈਂਡ ਵਿੱਚ ਬਿਮਸਟੇਕ ਸੰਮੇਲਨ ਦਾ ਆਯੋਜਨ ਹੋਣਾ ਹੈ। ਇਸ ਦੇ ਲਈ ਬਿਮਸਟੇਕ ਦੇ ਮੈਂਬਰ ਥਾਈਲੈਂਡ ਜਾਣਗੇ। ਥਾਈਲੈਂਡ ਵਿੱਚ 3 ਤੋਂ 6 ਅਪ੍ਰੈਲ ਤੱਕ ਬਿਮਸਟੇਕ ਸੰਮੇਲਨ ਦਾ ਪ੍ਰਸਤਾਵ ਹੈ। ਇਸ ਬੈਠਕ ‘ਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਲ ਹੋਣਗੇ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment