ਨਵੀਂ ਦਿੱਲੀ – ਕਿਸਾਨਾਂ ਦੀ ਆਮਦਨੀ ਵਧਾਉਣ ਲਈ ਕੇਂਦਰ ਸਰਕਾਰ ਗੋਬਰ ਤੋਂ ਬਣਿਆਂ ਪੇਂਟ ਲਾਂਚ ਕਰਕੇ ਇੱਕ ਕਦਮ ਚੱਕਣ ਜਾ ਰਹੀ ਹੈ। ਇਹ ਪੇਂਟ ਅੱਜ ਯਾਨੀ ਮੰਗਲਵਾਰ ਨੂੰ ਮਾਰਕੀਟ ’ਚ ਆਵੇਗਾ। ਕੇਂਦਰੀ ਮੰਤਰੀ ਨਿਤਿਨ ਗਡਕਰੀ ਅੱਜ ਇਸ ਦੀ ਸ਼ੁਰੂਆਤ ਕਰਨਗੇ।
ਦੱਸ ਦਈਏ ਇਸ ਪੇਂਟ ਨੂੰ ਖਾਦੀ ਤੇ ਗ੍ਰਾਮ ਉਦਯੋਗ ਕਮਿਸ਼ਨ (ਕੇ.ਵੀ.ਆਈ.ਸੀ.) ਦੀ ਸਹਾਇਤਾ ਨਾਲ ਵੇਚਿਆ ਜਾਵੇਗਾ। ਇਸ ਗੋਬਰ ਪੇਂਟ ਨੂੰ ਜੈਪੁਰ ਦੀ ਇਕਾਈ ਕੁਮਾਰਰੱਪਾ ਨੈਸ਼ਨਲ ਹੈਂਡਮੇਡ ਪੇਪਰ ਇੰਸਟੀਚਿਊਟ ਵਲੋਂ ਤਿਆਰ ਕੀਤਾ ਗਿਆ ਹੈ। ਇਸ ਪੇਂਟ ਨੂੰ ਭਾਰਤੀ ਮਾਨਕ ਬਿਊਰੋ (ਬੀਆਈਐਸ) ਤੋਂ ਵੀ ਪ੍ਰਮਾਣਿਤਾ ਮਿਲੀ ਹੈ।
ਇਸਤੋਂ ਇਲਾਵਾ ਕਮਿਸ਼ਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਗੋਬਰ ਤੋਂ ਬਣਿਆ ਇਹ ਪੇਂਟ ਐਂਟੀਫੰਗਲ, ਐਂਟੀਬੈਕਟੀਰੀਅਲ ਤੇ ਈਕੋ ਫਰੈਂਡਲੀ ਹੈ। ਕੰਧ ‘ਤੇ ਪੇਂਟਿੰਗ ਤੋਂ ਬਾਅਦ ਇਹ ਸਿਰਫ ਚਾਰ ਘੰਟਿਆਂ ’ਚ ਸੁੱਕ ਜਾਵੇਗਾ। ਲੋੜ ਅਨੁਸਾਰ ਰੰਗ ਵੀ ਸ਼ਾਮਲ ਕੀਤੇ ਜਾ ਸਕਦੇ ਹਨ।
ਫਿਲਹਾਲ, ਇਸ ਦੀ ਪੈਕਿੰਗ 2 ਲੀਟਰ ਤੋਂ 30 ਲੀਟਰ ਤੱਕ ਤਿਆਰ ਕੀਤੀ ਗਈ ਹੈ। ਸਰਕਾਰ ਅਨੁਸਾਰ ਅਨੁਮਾਨ ਹੈ ਕਿ ਕਿਸਾਨ ਤੇ ਗਊਸ਼ਾਲਾਵਾਂ ਪ੍ਰਤੀ ਗਊ ਗੋਬਰ 30 ਹਜ਼ਾਰ ਰੁਪਏ ਤੱਕ ਕਮਾ ਸਕਣਗੀਆਂ।