ਦਿਲਜੀਤ ਦੋਸਾਂਝ ਦੀ ਫ਼ਿਲਮ ‘ਸਤਲੁਜ’ ਨੂੰ ਲੈ ਕੇ ਸਰਕਾਰ ਦਾ ਵੱਡਾ ਕਦਮ; ਉੱਚ-ਪੱਧਰੀ ਕਮੇਟੀ ਦਾ ਗਠਨ

Global Team
3 Min Read

ਨਵੀ ਦਿੱਲੀ : ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਦਿਲਜੀਤ ਦੋਸਾਂਝ ਦੀ ਫ਼ਿਲਮ ‘ਸਤਲੁਜ’ ਦੇ ਕੰਟੈਂਟ ਦੀ ਜਾਂਚ ਲਈ ਇੱਕ ਉੱਚ-ਪੱਧਰੀ ਇੰਟਰ-ਡਿਪਾਰਟਮੈਂਟਲ ਕਮੇਟੀ ਬਣਾਈ ਹੈ। ਇਹ ਫ਼ਿਲਮ ਪੰਜਾਬ ਦੇ ਮਨੁੱਖੀ ਅਧਿਕਾਰ ਕਾਰਕੁਨ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਅਧਾਰਤ ਹੈ।

ਕਮੇਟੀ ਫ਼ਿਲਮ ਦੀ ਸਮੱਗਰੀ , ਤੱਥਾਂ ਅਤੇ ਪੇਸ਼ ਕੀਤੇ ਗਏ ਵਿਸ਼ਿਆਂ ਦਾ ਅਧਿਐਨ ਕਰੇਗੀ। ਇਹ ਕਦਮ ਅਜਿਹੇ ਸਮੇਂ ਚੁੱਕਿਆ ਗਿਆ ਹੈ, ਜਦੋਂ ਮੰਤਰਾਲੇ ਦੇ ਨਿਰਦੇਸ਼ਾਂ ਤੋਂ ਬਾਅਦ OTT ਪਲੇਟਫਾਰਮ ZEE5 ਨੇ ਫ਼ਿਲਮ ਨੂੰ ਭਾਰਤ ਵਿੱਚ ਆਪਣੇ ਪਲੇਟਫਾਰਮ ਤੋਂ ਹਟਾ ਦਿੱਤਾ।

ਮੰਤਰਾਲੇ ਦੇ ਸੀਨੀਅਰ ਅਧਿਕਾਰੀ ਅਨੁਸਾਰ, ਹੁਣ ਇਸ ਮਾਮਲੇ ਦੀ ਜਾਂਚ IT ਨਿਯਮ 2021 ਦੇ ਨਿਯਮ 14 ਤਹਿਤ ਗਠਿਤ ਕਮੇਟੀ ਕਰੇਗੀ। ਇਹ ਕਮੇਟੀ ਵਿਵਾਦਿਤ ਡਿਜੀਟਲ ਕੰਟੈਂਟ ਨਾਲ ਜੁੜੀਆਂ ਸ਼ਿਕਾਇਤਾਂ ਦੀ ਸਮੀਖਿਆ ਕਰਕੇ ਕੇਂਦਰ ਸਰਕਾਰ ਨੂੰ ਆਪਣੀਆਂ ਸਿਫ਼ਾਰਸ਼ਾਂ ਦੇ ਸਕਦੀ ਹੈ।

ਦੱਸ ਦਈਏ ਕਿ ਫ਼ਿਲਮ ਦਾ ਸ਼ੁਰੂਆਤੀ ਨਾਮ ‘ਪੰਜਾਬ-95’ ਸੀ। ਫ਼ਿਲਮ ਨੂੰ ਪਹਿਲੀ ਵਾਰ ਸਾਲ 2022 ਵਿੱਚ ਸੈਂਟਰਲ ਬੋਰਡ ਆਫ਼ ਫ਼ਿਲਮ ਸਰਟੀਫਿਕੇਸ਼ਨ (CBFC) ਕੋਲ ਭੇਜਿਆ ਗਿਆ ਸੀ। ਉਸ ਸਮੇਂ ਬੋਰਡ ਨੇ ਇਸ ਵਿੱਚ 127 ਬਦਲਾਵਾਂ ਦੀ ਸਿਫ਼ਾਰਸ਼ ਕੀਤੀ ਸੀ। ਫ਼ਿਲਮ ਨਿਰਮਾਤਾਵਾਂ ਨੇ ਇਨ੍ਹਾਂ ਬਦਲਾਵਾਂ ਨੂੰ ਸਵੀਕਾਰ ਨਹੀਂ ਕੀਤਾ ਅਤੇ ਬੀਤੇ ਸ਼ੁੱਕਰਵਾਰ ਨੂੰ ਇਹ ਫ਼ਿਲਮ ਬਿਨਾਂ ਕਿਸੇ ਕੱਟ ਦੇ ZEE5 ‘ਤੇ ਰਿਲੀਜ਼ ਕਰ ਦਿੱਤੀ ਗਈ। ਹਾਲਾਂਕਿ, ਰਿਲੀਜ਼ ਦੇ ਕੁਝ ਹੀ ਸਮੇਂ ਬਾਅਦ ਫ਼ਿਲਮ ਨੂੰ ਲੈ ਕੇ ਵਿਵਾਦ ਵੱਧ ਗਿਆ ਅਤੇ ਐਤਵਾਰ ਨੂੰ OTT ਪਲੇਟਫਾਰਮ ਨੇ ਐਲਾਨ ਕੀਤਾ ਕਿ ਇਹ ਫ਼ਿਲਮ ਹੁਣ ਭਾਰਤ ਵਿੱਚ ਉਪਲਬਧ ਨਹੀਂ ਹੈ।

ਫ਼ਿਲਮ ਦੇ ਮੁੱਖ ਅਦਾਕਾਰ ਦਿਲਜੀਤ ਦੋਸਾਂਝ ਨੇ ਵੀ ਵਿਵਾਦ ਨੂੰ ਲੈ ਕੇ ਪ੍ਰਤੀਕਿਰਿਆ ਦਿੱਤੀ ਸੀ। ਇੰਸਟਾਗ੍ਰਾਮ ਲਾਈਵ ਦੌਰਾਨ ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਪਹਿਲਾਂ ਹੀ ਅੰਦਾਜ਼ਾ ਸੀ ਕਿ ਫ਼ਿਲਮ ਨੂੰ ਲੈ ਕੇ ਅਜਿਹੀ ਸਥਿਤੀ ਪੈਦਾ ਹੋ ਸਕਦੀ ਹੈ। ਫਿਲਹਾਲ, ਇੰਟਰ-ਡਿਪਾਰਟਮੈਂਟਲ ਕਮੇਟੀ ਫ਼ਿਲਮ ਦੇ ਕੰਟੈਂਟ  ਦੀ ਸਮੀਖਿਆ ਕਰੇਗੀ ਅਤੇ ਉਸਦੀ ਰਿਪੋਰਟ ਦੇ ਅਧਾਰ ‘ਤੇ ਅਗਲੀ ਕਾਰਵਾਈ ਬਾਰੇ ਫ਼ੈਸਲਾ ਲਿਆ ਜਾ ਸਕਦਾ ਹੈ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment