ਚੰਡੀਗੜ੍ਹ : ਬੀਤੀ ਕੱਲ੍ਹ ਚੰਡੀਗੜ੍ਹ ‘ਚ ਬਜ਼ਟ ਇਜਲਾਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਦਰਸ਼ਨ ‘ਤੇ ਹੋਈ ਧੱਕਾ ਮੁੱਕੀ ‘ਤੇ ਹੁਣ ਸਿਆਸਤ ਸ਼ੁਰੂ ਹੋ ਗਈ ਹੈ। ਸਿਆਸੀ ਗਲਿਆਰਿਆਂ ਵਿੱਚ ਇਸ ਨੂੰ ਲੈ ਕੇ ਸਖਤ ਪ੍ਰਤੀਕਿਰਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਇਸ ਦੇ ਚਲਦਿਆਂ ਅੱਜ ਜਿੱਥੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਸੀਨੀਅਰ ਨੇਤਾ ਦਲਜੀਤ ਸਿੰਘ ਚੀਮਾਂ ਨੇ ਬਜ਼ਟ ਨੂੰ ਲੈ ਕੇ ਸਖਤ ਪ੍ਰਤੀਕਿਰਿਆ ਦਿੱਤੀ ਹੈ ਉੱਥੇ ਹੀ ਬੀਤੀ ਕੱਲ੍ਹ ਚੰਡੀਗੜ੍ਹ ‘ਚ ਵਾਪਰੀ ਘਟਨਾ ਦੀ ਵੀ ਨਿੰਦਾ ਕੀਤੀ ਹੈ।
ਦੱਸ ਦਈਏ ਕਿ ਚੀਮਾਂ ਨੇ ਬੋਲਦਿਆਂ ਬੀਤੀ ਕੱਲ੍ਹ ਪੇਸ਼ ਹੋਏ ਬਜ਼ਟ ਨੂੰ ਜ਼ੀਰੋ ਗਰਦਾਨ ਦਿੱਤਾ ਹੈ। ਉਸ ਨੇ ਕਿਹਾ ਕਿ ਇਸ ਵਾਰ ਬਜ਼ਟ ਵਿੱਚ ਕੋਈ ਵੀ ਸਕਰਾਤਮਕ ਚੀਜ਼ ਨਹੀਂ ਰੱਖੀ ਗਈ। ਚੀਮਾਂ ਨੇ ਕਿਹਾ ਕਿ ਇਸ ਬਜ਼ਟ ਦਾ ਨਾ ਹੀ ਕੋਈ ਵਿਕਾਸ ਨਾਲ ਸਬੰਧ ਹੈ ਅਤੇ ਨਾ ਹੀ ਇਸ ਬਜ਼ਟ ਨਾਲ ਚੋਣ ਮਨੋਰਥ ਪੱਤਰ ਵਿੱਚ ਕੀਤੇ ਗਏ ਵਾਅਦੇ ਪੂਰੇ ਹੋਣਗੇ। ਚੀਮਾਂ ਨੇ ਚੰਡੀਗੜ੍ਹ ਵਿੱਚ ਅਕਾਲੀ ਦਲ ਦੇ ਪ੍ਰਦਰਸ਼ਨ ਬਾਰੇ ਬੋਲਦਿਆਂ ਕਿਹਾ ਕਿ ਇਹ ਬੜੀ ਹੀ ਮਾੜੀ ਗੱਲ ਹੈ ਕਿ ਅੱਜ ਜਿਨ੍ਹਾਂ ਪਰਿਵਾਰਾਂ ਦੇ ਮੈਂਬਰ ਕਰਜ਼ੇ ਕਾਰਨ ਖੁਦਕੁਸ਼ੀਆਂ ਕਰ ਚੁਕੇ ਹਨ ਅਤੇ ਇਸੇ ਦੁੱਖ ਦਾ ਇਜਹਾਰ ਕਰਨ ਲਈ ਅੱਜ ਉਹ ਵਿੱਤ ਮੰਤਰੀ ਕੋਲ ਗਏ ਸਨ। ਚੀਮਾਂ ਨੇ ਦੱਸਿਆ ਕਿ ਇੱਥੇ ਵਿੱਤ ਮੰਤਰੀ ਨੂੰ ਇਹ ਚਾਹੀਦਾ ਸੀ ਕਿ ਉਹ ਪ੍ਰਦਰਸ਼ਨਕਾਰੀਆਂ ਨਾਲ ਮੀਟਿੰਗ ਕਰਦੇ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਦੇ ਪਰ ਉਨ੍ਹਾਂ ਨੇ ਗੱਲ ਸੁਣਨ ਦੀ ਬਜਾਏ ਉਨ੍ਹਾਂ ‘ਤੇ ਲਾਠੀਚਾਰਜ ਕਰਵਾਇਆ। ਉਨ੍ਹਾਂ ਕਿਹਾ ਕਿ ਲੋਕਤੰਤਰ ਦਾ ਇਸ ਤੋਂ ਵੱਡਾ ਕਤਲ ਨਹੀਂ ਹੋ ਸਕਦਾ।