ਕੌਣ ਹੋਏਗਾ ਅਗਲਾ ਮੁੱਖ ਮੰਤਰੀ? ਹਾਈ ਕਮਾਂਡ ਮੁੱਖ ਮੰਤਰੀ ਦਾ ਕਰੇਗੀ ਸਿੱਧਾ ਐਲਾਨ

TeamGlobalPunjab
2 Min Read

ਚੰਡੀਗਡ਼੍ਹ : ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਅੱਜ ਹੁਣ ਨਹੀਂ ਹੋਵੇਗੀ। ਹਾਈ ਕਮਾਂਡ ਵੱਲੋਂ ਮੁੱਖ ਮੰਤਰੀ ਦੇ ਨਾਂ ਦਾ ਸਿੱਧਾ ਐਲਾਨ ਕੀਤਾ ਜਾਵੇਗਾ।  ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਕਿਹਾ ਹੈ ਕਿ ਅਗਲੇ ਲੀਡਰ ਦੀ ਚੋਣ ਦਾ ਫੈਸਲਾ ਦਿੱਲੀ ਤੋਂ ਹੀ ਹੋਏਗਾ। ਉਨ੍ਹਾਂ ਕਿਹਾ ਕਿ ਸਾਰੇ ਅਧਿਕਾਰ ਹਾਈਕਮਾਨ ਨੂੰ ਦੇ ਦਿੱਤੇ ਹਨ, ਇਸ ਲਈ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਵਿੱਚ ਕੋਈ ਫੈਸਲਾ ਨਹੀਂ ਹੋ ਸਕਦਾ।

ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਸੁਨੀਲ ਜਾਖੜ ਦੇ ਨਾਂ ‘ਤੇ ਚਰਚਾ ਸਿਖਰ ‘ਤੇ ਹੈ। ਹਾਲਾਂਕਿ, ਹੁਣ ਕੁਝ ਪਾਰਟੀ ਦੇ ਨੇਤਾਵਾਂ ਨੇ ਇੱਕ ਹਿੰਦੂ ਨੂੰ ਵਿਧਾਇਕ ਦਲ ਦਾ ਨੇਤਾ ਬਣਾਉਣ ‘ਤੇ ਇਤਰਾਜ਼ ਦਰਜ ਕਰਵਾਇਆ ਹੈ। ਇਨ੍ਹਾਂ ਦਾ ਕਹਿਣਾ ਹੈ ਕਿ ਇਕ ਜੱਟ-ਸਿੱਖ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਜਾਣਾ ਚਾਹੀਦਾ ਹੈ। ਇਸੇ ਲਈ ਐਤਵਾਰ ਨੂੰ ਬੈਠਕ ਬੁਲਾਈ ਗਈ ਸੀ ਪਰ ਉਹ 78 ਵਿਧਾਇਕਾਂ ਦੇ ਦਸਤਖ਼ਤ ਲੈਣ ਤੋਂ ਬਾਅਦ ਟਾਲ ਦਿੱਤੀ ਗਈ।ਚਰਚਾ ਸੀ ਕਿ ਅੱਜ 11 ਵਜੇ ਪੰਜਾਬ ਕਾਂਗਰਸ ਭਵਨ ‘ਚ ਪਾਰਟੀ ਵਿਧਾਇਕਾਂ ਦੀ ਮੁੜ ਬੈਠਕ ਹੋਵੇਗੀ। ਇਸ ਮੀਟਿੰਗ ‘ਚ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਹੋਏਗਾ ਪਰ ਇਹ ਮੀਟਿੰਗ ਟਲ ਗਈ ਹੈ।

ਇਸ ਤੋਂ ਪਹਿਲਾਂ ਦਿੱਲੀ ‘ਚ ਦੇਰ ਰਾਤ ਤਕ ਰਾਹੁਲ ਗਾਂਧੀ ਦੇ ਘਰ ਬੈਠਕ ਚੱਲੀ। ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਤੇ ਅੰਬਿਕਾ ਸੋਨੀ ਇਸ ਬੈਠਕ ‘ਚ ਸ਼ਾਮਲ ਸਨ। ਨਵੇਂ ਵਿਧਾਇਕ ਦਲ ਦੇ ਲੀਡਰ ਦੇ ਤੌਰ ‘ਤੇ ਸਿੱਧੂ ਤੋਂ ਇਲਾਵਾ ਕਾਂਗਰਸ ਦੀ ਪੰਜਾਬ ਇਕਾਈ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ, ਸਾਬਕਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਤੇ ਰਾਜ ਸਭਾ ਮੈਂਬਰ ਤਪ੍ਰਤਾਪ ਸਿੰਘ ਬਾਜਵਾ ਦੇ ਨਾਂ ਚਰਚਾ ‘ਚ ਹਨ। ਅੰਬਿਕਾ ਸੋਨੀ ਦੇ ਨਾਂ ਦੀ ਚਰਚਾ ਛਿੜੀ ਸੀ ਪਰ ਉਨ੍ਹਾਂ ਨੇ ਇਸ ਤੋਂ ਇਨਕਾਰ ਕਰ ਦਿੱਤਾ ਹੈ।

TAGGED:
Share this Article
Leave a comment