ਕੀ ਤੁਹਾਨੂੰ ਪਤਾ ਕਾਮਰੇਡ ਅਤੇ ਅਕਾਲੀਆਂ ਨੇ ਲਾਇਆ ਸੀ ਇਕੱਠੇ ਮੋਰਚਾ, ਸਾਈਕਲ ਦੇ ਕੈਰੀਅਰ ‘ਤੇ ਬੈਠ ਬਣਾਇਆ ਸੀ ਸਾਰਾ ਪ੍ਰੋਗਰਾਮ

TeamGlobalPunjab
14 Min Read

ਪੰਜਾਬ ਦੇ ਪਾਣੀਆਂ ਦੀ ਵੰਡ ਨੂੰ ਮੁੱਖ ਰੱਖ ਕੇ ਕਪੂਰੀ ਮੋਰਚਾ ਲਗਾਇਆ ਗਿਆ। ਕੀ ਸੀ ਇਹ ਕਪੂਰੀ ਮੋਰਚਾ ਤੇ ਕਦੋਂ ਲੱਗਿਆ, ਕਿਹੜੀਆਂ-ਕਿਹੜੀਆਂ ਪਾਰਟੀਆਂ ਤੇ ਸੰਗਠਨਾਂ ਨੇ ਇਸ ‘ਚ ਸਹਿਯੋਗ ਪਾਇਆ। ਆਓ ਜਾਣਦੇ ਹਾਂ ਸੀਪੀਐੱਮ ਦੇ ਉੱਘੇ ਆਗੂ ਸਰਦਾਰ ਧਰਮਪਾਲ ਸਿੰਘ ਜੀ ਤੋਂ ਪ੍ਰੋਗਰਾਮ “ਅਸਲ ਕਹਾਣੀ” ਰਾਹੀਂ…

ਸਵਾਲ : ਅਕਾਲੀ ਤੇ ਮਾਰਕਸਵਾਦੀ ਕਿਸ ਤਰ੍ਹਾਂ ਇਕੱਠੇ ਹੋਏ?

ਜਾਵਬ : 1980 ‘ਚ ਪੰਜਾਬ ਅਸੈਂਬਲੀ ਦੀਆਂ ਜਨਰਲ ਚੋਣਾਂ ਹੋਈਆਂ। ਜਿਸ ‘ਚ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਤੇ ਦਰਬਾਰਾ ਸਿੰਘ ਮੁੱਖ-ਮੰਤਰੀ ਬਣੇ। ਸਾਡੀ ਪਾਰਟੀ(ਸੀਪੀਐੱਮ) ਦਾ ਅਕਾਲੀ-ਦਲ ਨਾਲ ਰਾਜਨੀਤਿਕ ਤੌਰ ‘ਤੇ ਸਮਝੋਤਾ ਹੋਇਆ ਸੀ ਤੇ ਅਸੀਂ ਪੰਜਾਬ ਦੀਆਂ ਸਾਰੀਆਂ ਸੀਟਾਂ ਤੋਂ ਲੋਕ-ਸਭਾ(ਐੱਮਐੱਲਏ) ਦੀ ਚੋਣ ਲੜੀ। ਸੀਪੀਐੱਮ ਦੇ ਜ਼ਿਲ੍ਹਾ ਸੈਕਟਰੀ ਬਲਵੰਤ ਸਿੰਘ ਨੇ ਰਾਜਪੁਰਾ ਤੋਂ ਜਿੱਤ ਦਰਜ ਕੀਤੀ। ਇਸ ਤੋਂ ਬਿਨ੍ਹਾ ਸੀਪੀਐੱਮ ਨੇ ਪੰਜਾਬ ‘ਚ 7 ਸੀਟਾਂ ‘ਤੇ ਚੋਣ ਜਿੱਤੀ। ਉਸ ਸਮੇਂ ਇੰਦਰਾ ਗਾਂਧੀ ਪ੍ਰਧਾਨ-ਮੰਤਰੀ ਤੇ ਗਿਆਨੀ ਜੈਲ ਸਿੰਘ ਗ੍ਰਹਿ-ਮੰਤਰੀ ਸਨ। ਬਲਵੰਤ ਸਿੰਘ ਨੇ ਆਪਣੀ ਕਿਤਾਬ “ਅਣਮੁੱਕੀ ਵਾਟ” ‘ਚ ਕਪੂਰੀ ਮੋਰਚੇ ਬਾਰੇ ਵਿਸਥਾਰ ਨਾਲ ਲਿਖਿਆ ਹੈ।

- Advertisement -

 

ਇੱਕ ਵਾਰ ਰਾਤ ਦੇ ਸਮੇਂ ਬਲਵੰਤ ਸਿੰਘ ਪਿੰਡ ਚਨਾਰਥਲ ਕਲਾਂ ‘ਚ ਇੱਕ ਜਲਸੇ ਨੂੰ ਸੰਬੋਧਨ ਕਰ ਰਹੇ ਸੀ ਤਾਂ ਉਸ ਸਮੇਂ ਗੁਰਚਰਨ ਸਿੰਘ ਟੌਹੜਾ ਆਪਣੀ ਕਾਰ ‘ਚੋਂ ਹੀ ਪ੍ਰੋ. ਬਲਵੰਤ ਸਿੰਘ ਦੇ ਪ੍ਰੋਗਰਾਮ ਨੂੰ ਵੇਖਦੇ ਰਹੇ। ਅਗਲੀ ਸਵੇਰ ਪ੍ਰੋ. ਬਲਵੰਤ ਸਿੰਘ, ਬਲਵਿੰਦਰ ਸਿੰਘ ਟਿਵਾਣਾ(ਐੱਮਐੱਲਏ) ਨਾਲ ਜਥੇਦਾਰ ਟੌਹੜਾ ਦੇ ਘਰ ਗਏ। ਜਿਸ ‘ਤੇ ਜਥੇਦਾਰ ਟੌਹੜਾ ਬਹੁਤ ਖੁਸ਼ ਹੋਏ ਤੇ ਉਨ੍ਹਾਂ ਨੇ ਪ੍ਰੋ. ਬਲਵੰਤ ਸਿੰਘ ਦੇ ਰਾਤ ਵਾਲੇ ਭਾਸ਼ਣ ਦੀ ਵੀ ਤਾਰੀਫ ਕੀਤੀ। ਪ੍ਰੋ. ਬਲਵੰਤ ਸਿੰਘ ਨੇ ਟੌਹੜਾ ਸਾਹਬ ਨੂੰ ਕਿਹਾ ਕਿ ਕੇਂਦਰ ਦੀ ਸਰਕਾਰ ਨੇ ਹਮੇਸ਼ਾ ਹੀ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਪੰਜਾਬ ਤੇ ਪੰਜਾਬ ਦੇ ਲੋਕਾਂ ਨਾਲ ਵਿਤਕਰਾ ਕੀਤਾ ਹੈ। ਪ੍ਰੋ. ਬਲਵੰਤ ਸਿੰਘ ਨੇ ਟੌਹੜਾ ਸਾਹਬ ਨੂੰ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਸਾਂਝੇ ਤੌਰ ‘ਤੇ ਕਪੂਰੀ ਵਿਖੇ ਮੋਰਚਾ ਲਗਾਉਣ ਲਈ ਕਿਹਾ। ਜਿਸ ‘ਤੇ ਟੌਹੜਾ ਸਾਹਬ ਨੇ ਮੋਰਚਾ ਲਗਾਉਣ ਲਈ ਆਪਣੀ ਸਹਿਮਤੀ ਦਿੱਤੀ ਤੇ ਨਾਲ ਹੀ ਕਿਹਾ ਕਿ ਉਹ ਕੱਲ੍ਹ ਪਟਿਆਲਾ ‘ਚ ਵਿਆਹ ‘ਤੇ ਹਰਚੰਦ ਸਿੰਘ ਲੌਂਗੋਵਾਲ ਨਾਲ ਵੀ ਇਸ ਬਾਰੇ ਗੱਲ ਕਰਨਗੇ। ਅਗਲੇ ਦਿਨ ਵਿਆਹ ‘ਚ ਪ੍ਰੋ. ਬਲਵੰਤ ਸਿੰਘ, ਜਥੇਦਾਰ ਟੌਹੜਾ ਤੇ ਲੌਂਗੋਵਾਲ ਇਕੱਠੇ ਹੋਏ ਤੇ ਨਾਲ ਹੀ ਉਨ੍ਹਾਂ ਨੇ ਕਪੂਰੀ ਮੋਰਚਾ ਲਗਾਉਣ ‘ਤੇ ਸਹਿਮਤੀ ਪ੍ਰਗਟ ਕੀਤੀ। 8 ਅਪ੍ਰੈਲ 1982 ਨੂੰ ਇੰਦਰਾ ਗਾਂਧੀ ਨੇ ਕਪੂਰੀ ਵਿਖੇ ਐੱਸਵਾਈਐੱਲ ਦਾ ਉਦਘਾਟਨ ਕਰਨ ਆਉਣਾ ਸੀ। ਇਸ ਲਈ 8 ਅਪ੍ਰੈਲ 1982 ਨੂੰ ਦੋਵੇਂ ਪਾਰਟੀਆਂ ਨੇ ਮੋਰਚੇ ਦਾ ਐਲਾਨ ਕਰ ਦਿੱਤਾ।

ਜਿਸ ਤੋਂ ਬਾਅਦ ਪਿੰਡਾਂ ‘ਚ ਸਰਗਰਮੀਆਂ ਸ਼ੁਰੂ ਹੋ ਗਈਆਂ। ਉਸ ਸਮੇਂ ਪਟਿਆਲਾ ਜ਼ਿਲ੍ਹੇ ਦੀ ਹੱਦ ਡੇਰਾਬੱਸੀ, ਜੀਰਕਪੁਰ ਤੇ ਲਾਲੜੂ ਤੱਕ ਲੱਗਦੀ ਸੀ। ਸੀਪੀਐੱਮ ਦਾ ਉਸ ਸਮੇਂ ਇਨ੍ਹਾਂ ਇਲਾਕਿਆਂ ‘ਚ ਬਹੁਤ ਪ੍ਰਭਾਵ ਸੀ। ਘਨੌਰ ਰੈਲੀ ‘ਚ ਸੀਪੀਐੱਮ, ਅਕਾਲੀ ਦਲ ਦੇ ਲੀਡਰ ਤੇ ਖਾਸ ਕਰਕੇ ਨੌਜਵਾਨਾਂ ਨੇ ਭਾਗ ਲਿਆ। ਸੀਪੀਐੱਮ ਵੱਲੋਂ ਪ੍ਰੋ. ਬਲਵੰਤ ਸਿੰਘ, ਜਗਜੀਤ ਸਿੰਘ ਲੈਲਪੁਰ, ਡਾ. ਪ੍ਰੇਮ ਚੰਦ ਭਾਰਦਵਾਜ ਤੇ ਮਾਸਟਰ ਬਚਨ ਸਿੰਘ ਖਾਸਪੁਰ ਮੁੱਖ ਆਗੂ ਸਨ। ਦੋਵੇਂ ਪਾਰਟੀਆਂ ਵੱਲੋਂ ਸਰਾਲੇ ਵੱਲ ਕੂਚ ਕੀਤਾ ਜਿੱਥੇ ਇੰਦਰਾ ਗਾਂਧੀ ਵੱਲੋਂ ਚਾਂਦੀ ਦੀ ਕਹੀ ਨਾਲ ਟੱਕ ਲਗਾ ਕਿ ਐੱਸਵਾਈਐੱਲ ਦਾ ਉਦਘਾਟਨ ਕਰਨਾ ਸੀ। ਮੌਰਚੇ ਦੌਰਾਨ ਪਹਿਲੇ ਦਿਨ 500 ਅਕਾਲੀ ਵਰਕਰ ਤੇ 100 ਸੀਪੀਐੱਮ ਵਰਕਰਾਂ ਨੇ ਗ੍ਰਿਫਤਾਰੀਆਂ ਦਿੱਤੀਆਂ।

- Advertisement -

ਸਵਾਲ : ਕੀ ਕਪੂਰੀ ਮੋਰਚੇ ਦੀ ਤਜਵੀਜ਼ ਮਾਰਕਸਵਾਦੀ ਪਾਰਟੀ ਵੱਲੋਂ ਦਿੱਤੀ ਗਈ ਜਾਂ ਇਹ ਅਕਾਲੀ-ਦਲ ਦਾ ਮੋਰਚਾ ਸੀ?

ਜਵਾਬ : ਜੀ ਹਾਂ। ਕਪੂਰੀ ਮੋਰਚੇ ਦੀ ਤਜਵੀਜ਼ ਪਹਿਲਾਂ ਸੀਪੀਐੱਮ ਵੱਲੋਂ ਦਿੱਤੀ ਗਈ ਸੀ। ਉਸ ਤੋਂ ਬਾਅਦ ਅਕਾਲੀਆਂ ਨੇ ਸੀਪੀਐੱਮ ਨਾਲ ਮਿਲਕੇ ਕਪੂਰੀ ਵਿਖੇ ਮੋਰਚਾ ਲਗਾਇਆ। ਕਪੂਰੀ ਮੋਰਚੇ ‘ਚ ਮਾਰਕਸਵਾਦੀ ਪਾਰਟੀ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ।

ਸਵਾਲ : ਗ੍ਰਿਫਤਾਰੀਆਂ ਦੇਣ ਬਾਰੇ ਮਾਰਕਸਵਾਦੀ ਤੇ ਅਕਾਲੀਆਂ ‘ਚ ਕੀ ਸਮਝੋਤਾ ਹੋਇਆ ਸੀ?

ਜਵਾਬ : ਉਸ ਸਮੇਂ ਦੋਵੇਂ ਪਾਰਟੀਆਂ ‘ਚ ਗ੍ਰਿਫਤਾਰੀਆਂ ਬਾਰੇ ਸਮਝੋਤਾ ਹੋਇਆ ਕਿ ਅਕਾਲੀ ਦਲ ਹਰ ਦਿਨ 500 ਵਰਕਰ ਤੇ ਸੀਪੀਐੱਮ 100 ਵਰਕਰ ਗ੍ਰਿਫਤਾਰੀਆਂ ਲਈ ਭੇਜਿਆ ਕਰਨਗੇ। ਜਦੋਂ ਵਰਕਰਾਂ ਨੂੰ ਗ੍ਰਿਫਤਾਰ ਕਰਕੇ ਸੈਂਟਰ ਜੇਲ੍ਹ ‘ਚ ਲਿਆਂਦਾ ਗਿਆ ਤਾਂ ਉਸ ਦੌਰਾਨ ਟੌਹੜਾ ਸਾਹਬ ਨੇ ਵੱਡੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਲਈ ਕਪੂਰੀ ਤੋਂ ਮੋਰਚੇ ਨੂੰ ਚਲਾਉਣਾ ਬਹੁਤ ਮੁਸ਼ਕਿਲ ਹੈ।

ਉਸ ਸਮੇਂ ਦੌਰਾਨ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਅਗਵਾਈ ‘ਚ ਹਰਮਿੰਦਰ ਸਾਹਿਬ ਤੋਂ ਧਰਮ-ਯੁੱਧ ਮੋਰਚਾ ਸ਼ੁਰੂ ਹੋ ਗਿਆ। ਸਾਡੀ ਪਾਰਟੀ ਦੀ ਸੂਬਾ ਕਮੇਟੀ ਦੇ ਰੋਕਣ ਦੇ ਬਾਵਜੂਦ ਵੀ ਅਕਾਲੀ-ਦਲ ਨੇ ਧਰਮ-ਯੁੱਧ ‘ਚ ਸ਼ਮੂਲੀਅਤ ਕੀਤੀ। ਅਕਾਲੀ-ਦਲ ਨੇ ਸੰਤ ਲੌਂਗੋਵਾਲ ਨੂੰ ਡਿਕਟੇਟਰ ਬਣਾ ਕੇ ਧਰਮ-ਯੁੱਧ ਮੋਰਚਾ ਸ਼ੁਰੂ ਕਰ ਲਿਆ। ਸੀਪੀਐੱਮ ਨੇ ਇਕੱਲਿਆ ਲਗਭਗ 10 ਦਿਨਾਂ ਤੱਕ ਪ੍ਰੋ. ਦਰਬਾਰਾ ਸਿੰਘ ਦੀ ਅਗਵਾਈ ‘ਚ ਕਪੂਰੀ ਮੋਰਚਾ ਚਲਾਇਆ ਕਿਉਂਕਿ ਸਾਡੀ ਪਾਰਟੀ ਕੋਲ ਇਸ ਮੋਰਚੇ ਨੂੰ ਲੰਮਾ ਚਲਾਉਣ ਦੀ ਸਮਰੱਥਾ ਨਹੀਂ ਸੀ। ਉਸ ਸਮੇਂ ਦੌਰਾਨ ਨੌਜਵਾਨਾਂ ‘ਤੇ ਖਾਲਿਸਤਾਨ ਲਹਿਰ ਦਾ ਬਹੁਤ ਡੂੰਘਾ ਪ੍ਰਭਾਵ ਪਿਆ। ਫਿਰ ਸੀਪੀਐੱਮ ਨੇ ਕਪੂਰੀ ਮੋਰਚਾ ਛੱਡ ਕੇ ਪੰਜਾਬ ‘ਚ ਖਾਲਿਸਤਾਨ ਲਹਿਰ ਦੇ ਵਿਰੁੱਧ ਸਿਧਾਂਤਕ ਲੜਾਈ ਲੜੀ ਤੇ ਨਾਲ ਹੀ ਪੰਜਾਬ ਦੀਆਂ ਮੰਗਾਂ ‘ਤੇ ਪਹਿਰਾ ਦਿੱਤਾ। ਉਸ ਸਮੇਂ ਦੌਰਾਨ ਸੀਪੀਐੱਮ ਦੇ ਲਗਭਗ 300 ਸਾਥੀ ਸ਼ਹੀਦ ਹੋਏ ਜਿਨ੍ਹਾਂ ‘ਚ ਦਰਬਾਰਾ ਸਿੰਘ ਮੰਡੋਲੀ, ਪ੍ਰੇਮ ਚੰਦ ਭਾਰਦਵਾਜ, ਮਾਸਟਰ ਬਚਨ ਸਿੰਘ ਖਾਸਪੁਰ ਆਦਿ ਦੇ ਨਾਮ ਜ਼ਿਕਰਯੋਗ ਹਨ।

ਸਵਾਲ : ਕੀ ਤੁਸੀਂ ਪੰਜਾਬ ਦੇ ਮੁੱਦਿਆਂ ਨੂੰ ਰਾਜਨੀਤਿਕ ਲਾਭ ਲੈਣ ਲਈ ਉਭਾਰਿਆ ਜਾਂ ਫਿਰ ਇਸ ਪਿੱਛੇ ਕੋਈ ਹੋਰ ਕਾਰਨ ਸੀ?

ਜਵਾਬ : ਮਾਰਕਸਵਾਦੀਆਂ ਨੇ ਆਪਣੀ ਸਿਆਸਤ ‘ਚ ਕਦੀ ਵੀ ਮੌਕਾਪ੍ਰਸਤੀ ਨਹੀਂ ਕੀਤੀ। ਅਸੀਂ ਹਮੇਸਾ ਪੰਜਾਬ ਦੇ ਮੁੱਦਿਆਂ ਤੇ ਸਿਧਾਂਤਕ ਲੜਾਈ ਲੜੀ ਨਾ ਕਿ ਰਾਜਨੀਤਿਕ ਲਾਭ ਲੈਣ ਲਈ। ਸੀਪੀਐੱਮ ਨੇ ਕਦੀ ਵੀ ਆਪਣੇ ਅਸੂਲਾਂ ਨਾਲ ਸਮਝੌਤਾ ਨਹੀਂ ਕੀਤਾ ਤੇ ਸੀਪੀਐੱਮ ਹਮੇਸਾ ਤੋਂ ਹੀ ਆਪਣੀ ਸਿਧਾਂਤਕ ਨੀਤੀ ‘ਤੇ ਪਹਿਰਾ ਦਿੰਦੀ ਆਈ ਹੈ।

ਸਵਾਲ : ਐੱਸਵਾਈਐੱਲ ਦੇ ਨਿਰਮਾਣ ਸਮੇਂ ਵੀ ਕਈ ਲੋਕਾਂ ਦੀ ਹੱਤਿਆ ਕੀਤੀ ਗਈ। ਇਸ ਤੋਂ ਬਾਅਦ ਸੀਪੀਐੱਮ ਨੇ ਮੋਰਚੇ ਨੂੰ ਕਿਸ ਨਜ਼ਰੀਏ ਨਾਲ ਲਿਆ?

ਜਵਾਬ : ਸੀਪੀਐੱਮ ਪਾਰਟੀ ਕਪੂਰੀ ਮੋਰਚੇ ਨੂੰ ਲੰਮੇ ਸਮੇਂ ਤੱਕ ਚਲਾਉਣ ਦੇ ਸਮਰੱਥ ਨਹੀਂ ਸੀ ਤੇ ਦੂਜੇ ਪਾਸੇ ਅਕਾਲੀ-ਦਲ ਧਰਮ-ਯੁੱਧ ਮੋਰਚੇ ‘ਚ ਜਾ ਕੇ ਸ਼ਾਮਲ ਹੋ ਗਿਆ। ਉਸ ਸਮੇਂ ਸੀਪੀਐੱਮ ਨੇ ਪੰਜਾਬ ‘ਚ ਸ਼ਾਂਤੀ ਸਥਾਪਿਤ ਕਰਨ ਦੀ ਪ੍ਰਮੁੱਖਤਾ ਨੂੰ ਮੁੱਖ ਰੱਖ ਕੇ ਕੰਮ ਕੀਤਾ। ਚੀਫ ਇੰਜੀਨੀਅਰ ਤੇ ਵਰਕਰਾਂ ਦੇ ਕਤਲ ਤੋਂ ਬਾਅਦ ਸੀਪੀਐੱਮ ਪਾਰਟੀ ਨੇ ਉਸ ਦਾ ਵਿਰੋਧ ਕੀਤਾ ਤੇ ਕਠੋਰ ਸ਼ਬਦਾਂ ‘ਚ ਇਸ ਘਟਨਾ ਦੀ ਨਿੰਦਾ ਵੀ ਕੀਤੀ। ਸੀਪੀਐੱਮ ਪਾਰਟੀ ਨੇ ਪੰਜਾਬ ਦੀ ਏਕਤਾ ਅਖੰਡਤਾ ਲਈ ਆਪਣੀ ਸਿਧਾਂਤਕ ਲੜਾਈ ਨੂੰ ਪਹਿਲ ਦੇ ਆਧਾਰ ‘ਤੇ ਜਾਰੀ ਰੱਖਿਆ।

ਸਵਾਲ : ਪੰਜਾਬ ਦੇ ਪਾਣੀਆਂ ਦੀ ਵੰਡ ਦੀ ਸ਼ੁਰੂਆਤ ਕਿਸ ਤਰ੍ਹਾਂ ਹੋਈ। ਇੱਕ ਪੰਜਾਬੀ ਗ੍ਰਹਿ-ਮੰਤਰੀ ਹੋਣ ਤੋਂ ਬਾਅਦ ਵੀ ਪੰਜਾਬ ਨੂੰ ਇੰਨਾ ਵੱਡਾ ਨੁਕਸਾਨ ਝੱਲਣਾ ਪਿਆ। ਅਜਿਹਾ ਕਿਉਂ?

ਜਵਾਬ : ਇਸ ਦਾ ਇੱਕ ਕਾਰਨ ਇਹ ਹੈ ਕਿ ਉਸ ਸਮੇਂ ਗਿਆਨੀ ਜੈਲ ਸਿੰਘ(ਗ੍ਰਹਿ-ਮੰਤਰੀ) ਦੇ ਦਰਬਾਰਾ ਸਿੰਘ ਨਾਲ ਚੰਗੇ ਸਬੰਧ ਨਹੀਂ ਸਨ। ਜਿਸ ਕਾਰਨ ਗਿਆਨੀ ਜੈਲ ਸਿੰਘ ਦਰਬਾਰਾ ਸਿੰਘ ਨੂੰ ਬਦਨਾਮ ਕਰਨਾ ਚਾਹੁੰਦੇ ਸਨ। ਦੂਜਾ ਕਾਰਨ ਸੀ ਕਿ 1976 ‘ਚ ਇੰਦਰਾ ਗਾਂਧੀ ਨੇ ਦਰਬਾਰਾ ਸਿੰਘ ‘ਤੇ ਦਬਾਅ ਪਾਇਆ ਕਿ ਉਹ ਸੁਪਰੀਮ ਕੋਰਟ ‘ਚੋਂ ਪਾਣੀਆਂ ਦੀ ਵੰਡ ਸਬੰਧੀ ਪਾਈ ਪਟੀਸ਼ਨ ਵਾਪਿਸ ਲੈਣ। ਜਿਸ ਤੋਂ ਬਾਅਦ ਦਰਬਾਰਾ ਸਿੰਘ ਨੇ ਆਪਣੀ ਪਟੀਸ਼ਨ ਵਾਪਿਸ ਲੈ ਲਈ ਸੀ। ਉਸ ਸਮੇਂ ਹਰਿਆਣਾ ਦੇ ਮੁੱਖ-ਮੰਤਰੀ ਚੌਧਰੀ ਦੇਵੀ ਲਾਲ ਤੇ ਪ੍ਰਕਾਸ਼ ਸਿੰਘ ਬਾਦਲ ‘ਚ ਐੱਸਵਾਈਐੱਲ ‘ਤੇ ਸਮਝੌਤਾ ਹੋਇਆ। ਦੋਵੇਂ ਸਰਕਾਰਾਂ(ਕਾਂਗਰਸ ਤੇ ਅਕਾਲੀ-ਦਲ) ਵੱਲੋਂ ਹਰਿਆਣਾ ਸਰਕਾਰ ਤੋਂ ਐੱਸਵਾਈਐੱਲ ਨਹਿਰ ਲਈ ਜ਼ਮੀਨ ਦੇਣ ਦੇ ਬਦਲੇ ਪੈਸੇ ਵੀ ਲਏ ਗਏ ਸਨ।

ਸਵਾਲ : ਤੁਹਾਡੇ ਵੱਲੋਂ ਕਪੂਰੀ ਮੋਰਚੇ ਮੌਕੇ ਲੋਕਾਂ ਨੂੰ ਕਿਸ ਤਰ੍ਹਾਂ ਇਕੱਠਾ ਕੀਤਾ ਗਿਆ?

ਜਵਾਬ : ਉਸ ਸਮੇਂ ਪੰਜਾਬ ਲਈ ਪਾਣੀਆਂ ਦੀ ਵੰਡ ਦਾ ਮਸਲਾ ਬਹੁਤ ਹਾਨੀਕਾਰਕ ਸੀ ਤੇ ਅੱਜ ਵੀ ਹੈ। 1966 ਦੀ ਪੰਜਾਬ ਵੰਡ ਸਮੇਂ ਪੰਜਾਬ ਨਾਲ ਪਾਣੀ ਦੀ ਵੰਡ ‘ਤੇ ਵਿਤਕਰਾ ਕੀਤਾ ਗਿਆ। ਸਤਲੁਜ ਤੇ ਰਾਵੀ ਦੇ ਪਾਣੀ ਨੂੰ ਤਾਂ ਵੰਡਿਆ ਗਿਆ ਪਰ ਇਸ ਦੇ ਨਾਲ ਹੀ ਸਰਕਾਰ ਨੂੰ ਚਾਹੀਦਾ ਸੀ ਕਿ ਇਸ ਵੰਡ ‘ਚ ਗੰਗਾ ਤੇ ਯਮੁਨਾ ਦੇ ਪਾਣੀ ਨੂੰ ਵੀ ਜੋੜਿਆ ਜਾਵੇ। ਸੀਪੀਐੱਮ ਪਾਰਟੀ 1985 ‘ਚ ਹੋਏ ਰਾਜੀਵ ਲੌਂਗੋਵਾਲ ਸਮਝੌਤੇ ਦੇ ਪੱਖ ‘ਚ ਸੀ ਤੇ ਅੱਜ ਵੀ ਹੈ। ਕਿਉਂਕਿ ਇਸ ਸਮਝੌਤੇ ‘ਚ ਕਿਹਾ ਗਿਆ ਸੀ ਕਿ 1 ਜੁਲਾਈ 1985 ਤੋਂ ਪਹਿਲਾਂ ਪੰਜਾਬ ਦੇ ਹਿੱਸੇ ‘ਚ ਜਿਨਾ ਪਾਣੀ ਆਉਂਦਾ ਸੀ, ਉਸ ਪਾਣੀ ਦੀ ਮਾਤਰਾ ਨੂੰ ਘਟਾਇਆ ਨਹੀਂ ਜਾਵੇਗਾ।

ਸਵਾਲ : ਕਿਹੜੇ-ਕਿਹੜੇ ਲੀਡਰਾਂ ਨੇ ਕਪੂਰੀ ਮੋਰਚੇ ਮੌਕੇ ਪੂਰੀ ਇਮਾਨਦਾਰੀ ਨਾਲ ਪੰਜਾਬ ਦੇ ਪਾਣੀਆਂ ਲਈ ਹਾਂ ਦਾ ਨਾਅਰਾ ਮਾਰਿਆ?

ਜਵਾਬ : ਸੀਪੀਐੱਮ ਪਾਰਟੀ ਵੱਲੋਂ ਪੂਰੀ ਇਮਾਨਦਾਰੀ ਤੇ ਦ੍ਰਿੜਤਾ ਨਾਲ ਪੰਜਾਬ ਦੇ ਪਾਣੀਆਂ ਲਈ ਸਿਧਾਂਤਕ ਲੜਾਈ ਲੜੀ ਗਈ। ਪਰ ਅਕਾਲੀ-ਦਲ ਨੇ ਕਪੂਰੀ ਮੋਰਚੇ ਤੋਂ ਧਰਮ-ਯੁੱਧ ਮੋਰਚੇ ‘ਚ ਸ਼ਮੂਲੀਅਤ ਕਰਕੇ ਮੌਕਾਪ੍ਰਸਤੀ ਦੀ ਖੇਡ ਖੇਡੀ। ਜਿਸ ਨਾਲ ਸੀਪੀਐੱਮ ਸਹਿਮਤ ਨਹੀਂ ਸੀ। ਸੀਪੀਐੱਮ ਦੇ ਲੀਡਰਾਂ ਵੱਲੋਂ ਅਕਾਲੀ-ਦਲ ਨੂੰ ਕਿਹਾ ਗਿਆ ਕਿ ਪੰਜਾਬ ਦੇ ਹੱਕਾਂ ਲਈ ਲੜਾਈ ਕਿਸੇ ਵੀ ਥਾਂ ‘ਤੇ ਬੈਠ ਕੇ ਲੜੀ ਜਾ ਸਕਦੀ ਹੈ। ਜੇਕਰ ਅਕਾਲੀ-ਦਲ ਕਪੂਰੀ ਤੋਂ ਪੰਜਾਬ ਦੇ ਹੱਕਾਂ ਲਈ ਲੜਾਈ ਜਾਰੀ ਰੱਖਦਾ ਹੈ ਤਾਂ ਸੀਪੀਐੱਮ ਅਕਾਲੀ-ਦਲ ਨਾਲ ਹੈ ਪਰ ਸੀਪੀਐੱਮ ਕਿਸੇ ਵੀ ਕੀਮਤ ‘ਤੇ ਅਕਾਲੀ-ਦਲ ਨਾਲ ਧਰਮ-ਯੁੱਧ ਮੋਰਚੇ ‘ਚ ਸ਼ਮੂਲੀਅਤ ਨਹੀਂ ਕਰੇਗਾ।

ਸਵਾਲ : ਕਿਹੜੇ ਅਕਾਲੀ ਜਾਂ ਕਾਮਰੇਡ ਲੀਡਰ ਦੇ ਭਾਸ਼ਣ ਨੇ ਤੁਹਾਨੂੰ ਸਭ ਤੋਂ ਜ਼ਿਆਦਾ ਪ੍ਰਭਾਵਿਤ ਕੀਤਾ?

ਜਵਾਬ : ਉਸ ਸਮੇਂ ਪ੍ਰੋ. ਬਲਵੰਤ ਸਿੰਘ ਇੱਕ ਉੱਚਕੋਟੀ ਦੇ ਬੁਲਾਰੇ ਸਨ। ਉਨ੍ਹਾਂ ਦੇ ਭਾਸ਼ਣ ਨੇ ਲੋਕਾਂ ਨੂੰ ਬਹੁਤ ਪ੍ਰਭਾਵਿਤ ਕੀਤਾ। ਇਸ ਤੋਂ ਇਲਾਵਾ ਜਥੇਦਾਰ ਟੌਹੜਾ ਦੇ ਭਾਸ਼ਣ ਨੇ ਵੀ ਲੋਕਾਂ ਨੂੰ ਬਹੁਤ ਪ੍ਰਭਾਵਿਤ ਕੀਤਾ। ਉਨ੍ਹਾਂ ਨੇ ਪੰਜਾਬ ਦੇ ਹੱਕਾਂ ਲਈ ਸਟੇਜ਼ ਤੋਂ ਬਹੁਤ ਵਧੀਆ ਭਾਸ਼ਣਬਾਜ਼ੀ ਕੀਤੀ। ਪਰ ਉਨ੍ਹਾਂ ਵੱਲੋਂ ਧਰਮ-ਯੁੱਧ ਮੋਰਚੇ ‘ਚ ਸ਼ਮੂਲੀਅਤ ਕਿਉਂ ਕੀਤੀ ਗਈ ਇਸ ਦੀ ਸਾਨੂੰ ਕੋਈ ਜ਼ਿਆਦਾ ਜਾਣਕਾਰੀ ਨਹੀਂ। ਧਰਮ-ਯੁੱਧ ਮੋਰਚੇ ਤੋਂ ਬਾਅਦ ਹੀ ਸਾਡੇ ਅਕਾਲੀ-ਦਲ ਨਾਲ ਮਤਭੇਦ ਸ਼ੁਰੂ ਹੋਏ।

ਸਵਾਲ : ਕਪੂਰੀ ਮੋਰਚੇ ਮੌਕੇ ਲੋਕਾਂ ਨੂੰ ਇਕੱਠਾ ਕਰਨ ਲਈ ਤੁਹਾਡੇ ਵੱਲੋਂ ਕੀ-ਕੀ ਤਿਆਰੀਆਂ ਕੀਤੀਆਂ ਜਾਂਦੀਆਂ ਸਨ?

ਜਵਾਬ : ਉਸ ਸਮੇਂ ਨੌਜਵਾਨ ਵਰਗ ਦਾ ਇੱਕ ਵੱਡਾ ਹਿੱਸਾ ਸੀਪੀਐੱਮ ਨਾਲ ਜੁੜਿਆ ਹੋਇਆ ਸੀ। 1980 ‘ਚ ਦੇਸ਼ ਪੱਧਰ ‘ਤੇ ਡੀਵਾਈਐੱਫ ਦੀ ਸਥਾਪਨਾ ਕੀਤੀ ਗਈ। ਘਨੌਰ ਹਲਕੇ ਦੇ ਲਗਭਗ ਸਾਰੇ ਪਿੰਡਾਂ ‘ਚ ਡੀਵਾਈਐੱਫ ਦੀਆਂ ਯੂਨਿਟਾਂ ਸਥਾਪਿਤ ਕੀਤੀਆਂ ਹੋਈਆਂ ਸਨ। ਪ੍ਰੋ. ਦਰਬਾਰਾ ਸਿੰਘ ਮੰਡੋਲੀ ਨੇ ਸਾਡੀ ਅਗਵਾਈ ਕੀਤੀ ਤੇ ਉਨ੍ਹਾਂ ਦੇ ਭਰਾ ਪ੍ਰੇਮ ਸਿੰਘ ਭੰਗੂ ਨੇ ਵੀ ਇਸ ‘ਚ ਆਪਣਾ ਯੋਗਦਾਨ ਦਿੱਤਾ। ਐੱਸਵਾਈਐੱਫ ਵੀ ਸੀਪੀਐੱਮ ਦੇ ਸਪੰਰਕ ‘ਚ ਸੀ। ਪੰਜਾਬੀ ਯੂਨੀਵਰਸਿਟੀ ਪਟਿਆਲਾ, ਪਟੇਲ ਕਾਲਜ ਰਾਜਪੁਰਾ, ਆਈਟੀਆਈ ਬਨੂੜ ਤੇ ਡੇਰਾਬੱਸੀ ਕਾਲਜ ਦੇ ਨੌਜਵਾਨਾਂ ‘ਤੇ ਸੀਪੀਐੱਮ ਦਾ ਬਹੁਤ ਪ੍ਰਭਾਵ ਸੀ। ਇਸ ਤੋਂ ਇਲਾਵਾ ਸੀਪੀਐੱਮ ਦਾ ਕਿਸਾਨਾਂ ‘ਤੇ ਵੀ ਬਹੁਤ ਪ੍ਰਭਾਵ ਸੀ। ਜਿੱਥੋਂ ਤੱਕ ਮੋਰਚੇ ਲਈ ਤਿਆਰੀਆਂ ਦੀ ਗੱਲ ਹੈ ਤਾਂ ਉਸ ਲਈ ਅਸੀਂ ਰਾਤ ਨੂੰ ਪਿੰਡਾਂ ‘ਚ ਜਾ ਕੇ ਮੀਟਿੰਗਾਂ ਕੀਤੀਆਂ। ਲੋਕਾਂ ਨੂੰ ਪੰਜਾਬ ਦੀਆਂ ਮੰਗਾਂ ਪ੍ਰਤੀ ਜਾਗਰੂਕ ਕੀਤਾ ਤੇ 8 ਅਪ੍ਰੈਲ 1982 ਨੂੰ ਮੋਰਚੇ ‘ਚ ਪਹੁੰਚਣ ਦੀ ਅਪੀਲ ਵੀ ਕੀਤੀ ਗਈ।

ਦੂਜੇ ਪਾਸੇ ਅਕਾਲੀ-ਦਲ ਵੱਲੋਂ ਗੁਰਦੁਆਰਾ ਸਾਹਿਬ ਤੋਂ ਅਨਾਊਂਸਮੈਂਟਾਂ ਕਰਵਾ ਕੇ ਲੋਕਾਂ ਨੂੰ ਕਪੂਰੀ ਮੋਰਚੇ ਲਈ ਅਪੀਲ ਕੀਤੀ ਜਾਂਦੀ ਸੀ। ਇਸ ਤੋਂ ਇਲਾਵਾ ਅਕਾਲੀ-ਦਲ ਨੇ ਆਪਣੇ ਸਰਕਲ ਜਥੇਦਾਰਾਂ ਦੀ ਮਦਦ ਨਾਲ ਪਿੰਡ-ਪਿੰਡ ‘ਚ ਵੀ ਮੀਟਿੰਗਾਂ ਕੀਤੀਆਂ।

ਸੀਪੀਐੱਮ ਤੇ ਅਕਾਲੀ-ਦਲ ਵੱਲੋਂ ਘਨੌਰ ਵਿਖੇ ਸਟੇਜ਼ ਲਗਾਈ ਗਈ ਤੇ ਉਸ ਤੋਂ ਬਾਅਦ ਜਥਿਆਂ ਦੇ ਰੂਪ ‘ਚ ਸਰਾਲੇ ਵੱਲ ਕੂਚ ਕੀਤਾ। ਪੁਲਿਸ ਵੱਲੋਂ ਸਾਨੂੰ ਕਪੂਰੀ ਵੱਲ ਜਾਣ ਤੋਂ ਰੋਕ ਲਿਆ ਗਿਆ। ਇਸ ਤੋਂ ਬਾਅਦ ਦੋਵੇਂ ਪਾਰਟੀਆਂ ਨੇ ਉੱਥੇ ਬੈਠ ਕੇ ਮੋਰਚਾ ਲਗਾਇਆ।

ਸਵਾਲ : ਕੀ ਉਸ ਸਮੇਂ ਲੋਕਾਂ ਨੂੰ ਲੀਡਰਾਂ ਦੇ ਦੋਗਲੇਪਣ ਦੀ ਸਮਝ ਸੀ?

ਜਵਾਬ : ਜਿੱਥੋਂ ਤੱਕ ਲੋਕਾਂ ਦੀ ਸਮਝ ਦਾ ਸਵਾਲ ਹੈ ਤਾਂ ਅੱਜ ਦੇ ਘਟਨਾਕ੍ਰਮ ‘ਚ ਵੀ ਅਸੀਂ ਵੇਖ ਰਹੇ ਹਾਂ ਕਿ ਪੰਜਾਬ ਦੇ ਲੋਕ ਲੀਡਰਾਂ ਵੱਲੋਂ ਅਪਣਾਈ ਗਈ ਦੋਗਲੀ ਨੀਤੀ ਨੂੰ ਬਹੁਤ ਜਲਦੀ ਭੁੱਲ ਜਾਂਦੇ ਹਨ।  ਜਦੋਂ ਵੀ ਕਿਸੇ ਲੀਡਰ ਨੇ ਪੂਰੀ ਇਮਾਨਦਾਰੀ ਨਾਲ ਪੰਜਾਬੀਆਂ ਦੀ ਅਗਵਾਈ ਕੀਤੀ ਹੈ ਤਾਂ ਪੰਜਾਬ ਦੇ ਲੋਕਾਂ ਨੇ ਉਨ੍ਹਾਂ ਲੀਡਰਾਂ ਦਾ ਪੂਰਾ ਸਾਥ ਦਿੱਤਾ ਹੈ। ਪੰਜਾਬ ਦੇ ਲੋਕ ਬਹੁਤ ਭੋਲੇ ਹਨ ਤੇ ਉਹ ਬਹੁਤ ਜਲਦੀ ਲੀਡਰਾਂ ਦੀ ਦੋਗਲੀ ਨੀਤੀ ਨੂੰ ਭੁੱਲ ਜਾਂਦੇ ਹਨ।

ਸਵਾਲ : 8 ਅਪ੍ਰੈਲ 1982 ਨੂੰ ਕਪੂਰੀ ਮੋਰਚੇ ਮੌਕੇ ਲੋਕਾਂ ‘ਤੇ ਕੀ-ਕੀ ਅਤਿਆਚਾਰ ਕੀਤੇ ਗਏ?

ਜਵਾਬ : ਪ੍ਰਧਾਨ-ਮੰਤਰੀ ਇੰਦਰਾ ਗਾਂਧੀ ਨੇ ਐੱਸਵਾਈਐੱਲ ਦਾ ਉਦਘਾਟਨ ਕਰਨ ਲਈ ਕਪੂਰੀ ਆਉਣਾ ਸੀ ਜਿਸ ਕਾਰਨ ਪੁਲਿਸ ਨੂੰ ਵੱਡੀ ਗਿਣਤੀ ‘ਚ ਤੈਨਾਤ ਕੀਤੀ ਗਿਆ ਸੀ। ਜਦੋਂ ਅਸੀਂ ਇਕੱਠੇ ਹੋ ਕੇ ਕਪੂਰੀ ਵੱਲ ਕੂਚ ਕੀਤਾ ਤਾਂ ਪੁਲਿਸ ਨੇ ਲੋਕਾਂ ‘ਤੇ ਲਾਠੀਚਾਰਜ ਕੀਤਾ।

ਜਥੇਦਾਰ ਟੌਹੜਾ ਨੂੰ ਕਪੂਰੀ ਮੋਰਚੇ ਤੋਂ ਅਗਲੇ ਦਿਨ ਹੀ ਇਸ ਗੱਲ ਦੀ ਚਿੰਤਾ ਹੋਣ ਲੱਗ ਪਈ ਸੀ ਕਿ ਉਹ ਕਪੂਰੀ ਤੋਂ ਇਸ ਮੋਰਚੇ ਨੂੰ ਜਾਰੀ ਨਹੀ ਰੱਖ ਸਕਦੇ। ਇਸ ਲਈ ਅਕਾਲੀ-ਦਲ ਦੇ ਸਾਰੇ ਵੱਡੇ ਲੀਡਰਾਂ ਨੇ ਧਰਮ-ਯੁੱਧ ਮੋਰਚੇ ‘ਚ ਸ਼ਮੂਲੀਅਤ ਕੀਤੀ।

ਸਵਾਲ : ਕਪੂਰੀ ਮੋਰਚੇ ਤੋਂ ਬਾਅਦ ਸੀਪੀਐੱਮ ਦੀ ਅਕਾਲੀ-ਦਲ ਤੇ ਕਾਂਗਰਸ ਨਾਲ ਕਿਸੇ ਮੁੱਦੇ ‘ਤੇ ਸਮਝੌਤਾ ਕਰਨ ਲਈ ਕੋਈ ਗੱਲਬਾਤ ਹੋਈ?

ਜਵਾਬ : ਨਹੀਂ। ਕਪੂਰੀ ਮੋਰਚੇ ਤੋਂ ਬਾਅਦ ਸੀਪੀਐੱਮ ਦੀ ਅਕਾਲੀ-ਦਲ ਤੇ ਕਾਂਗਰਸ ਪਾਰਟੀ ਨਾਲ ਕਿਸੇ ਵੀ ਮੁੱਦੇ ‘ਤੇ ਸਮਝੌਤੇ ਕਰਨ ਦੀ ਕੋਈ ਗੱਲਬਾਤ ਨਹੀਂ ਹੋਈ।

Share this Article
Leave a comment