ਹਰਿਆਣਾ ਦੇ ਯੂਟਿਊਬਰ ਧਰੁਵ ਰਾਠੀ ਇਕ ਵਾਰ ਫਿਰ ਵਿਵਾਦਾਂ ਵਿਚ ਘਿਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ‘ਬੰਦਾ ਸਿੰਘ ਬਹਾਦਰ’ ਦੀ ਕਹਾਣੀ ’ਤੇ ਅਧਾਰਤ ਇਕ ਵੀਡੀਓ ਬਣਾਇਆ, ਜਿਸ ਦਾ ਸਿਰਲੇਖ ਸੀ ‘ਦ ਰਾਈਜ਼ ਆਫ ਸਿੱਖ’। ਇਸ ਵੀਡੀਓ ਵਿਚ ਉਨ੍ਹਾਂ ਨੇ ਏਆਈ ਤਕਨੀਕ ਦੀ ਵਰਤੋਂ ਕਰਕੇ ਐਨੀਮੇਸ਼ਨ ਤਿਆਰ ਕੀਤਾ, ਜਿਸ ਨੂੰ ਲੈ ਕੇ ਪੰਜਾਬ ਵਿਚ ਭਾਰੀ ਵਿਰੋਧ ਹੋ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਅਤੇ ਅਕਾਲੀ ਦਲ ਨੇ ਧਰੁਵ ਰਾਠੀ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਹੁਣ ਖਬਰ ਹੈ ਕਿ ਧਰੁਵ ਰਾਠੀ ਨੇ ਭਾਰੀ ਆਲੋਚਨਾ ਤੋਂ ਬਾਅਦ ਇਸ ਵੀਡੀਓ ਨੂੰ ਯੂਟਿਊਬ ਤੋਂ ਹਟਾ ਲਿਆ ਹੈ।
ਐਸਜੀਪੀਸੀ ਦਾ ਇਤਰਾਜ਼
ਐਸਜੀਪੀਸੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਧਰੁਵ ਰਾਠੀ ਦੀ ਸਖ਼ਤ ਆਲੋਚਨਾ ਕੀਤੀ। ਉਨ੍ਹਾਂ ਕਿਹਾ, “ਧਰੁਵ ਰਾਠੀ ਨੂੰ ਸਿੱਖ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਲਈ ਏਆਈ ਦੀ ਵਰਤੋਂ ਕਰਨ ਦਾ ਕੋਈ ਹੱਕ ਨਹੀਂ। ਸਿੱਖ ਗੁਰੂਆਂ ਅਤੇ ਉਨ੍ਹਾਂ ਦੇ ਇਤਿਹਾਸ ਨੂੰ ਪੂਰੇ ਸਤਿਕਾਰ ਨਾਲ ਪੇਸ਼ ਕਰਨਾ ਚਾਹੀਦਾ ਹੈ, ਨਾ ਕਿ ਵਪਾਰਕ ਲਾਭ ਲਈ ਇਸ ਦੀ ਦੁਰਵਰਤੋਂ ਕਰਨੀ ਚਾਹੀਦੀ।” ਉਨ੍ਹਾਂ ਅੱਗੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਅਤੇ ਹੋਰ ਸਿੱਖ ਗੁਰੂਆਂ ਲਈ ਏਆਈ ਐਨੀਮੇਸ਼ਨ ਦੀ ਵਰਤੋਂ ਨਾ ਸਿਰਫ਼ ਗ਼ਲਤ ਹੈ, ਸਗੋਂ ਤੱਥਾਂ ਦੇ ਹਿਸਾਬ ਨਾਲ ਵੀ ਗ਼ਲਤ ਹੈ।
ਸਿੱਖ ਧਰਮ ਦੀ ਬੇਅਦਬੀ
ਦਿੱਲੀ ਸਰਕਾਰ ਦੇ ਮੰਤਰੀ ਮਨਜਿੰਦਰ ਸਿਰਸਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਆਪਣਾ ਗੁੱਸਾ ਜ਼ਾਹਰ ਕੀਤਾ। ਉਨ੍ਹਾਂ ਲਿਖਿਆ, “ਧਰੁਵ ਰਾਠੀ ਦਾ ਤਾਜ਼ਾ ਵੀਡੀਓ ‘ਸਿੱਖ ਯੋਧਾ ਜਿਸ ਨੇ ਮੁਗਲਾਂ ਨੂੰ ਡਰਾਇਆ’ ਨਾ ਸਿਰਫ਼ ਤੱਥਾਂ ਦੇ ਹਿਸਾਬ ਨਾਲ ਗ਼ਲਤ ਹੈ, ਸਗੋਂ ਸਿੱਖ ਇਤਿਹਾਸ ਅਤੇ ਭਾਵਨਾਵਾਂ ਦੀ ਘੋਰ ਬੇਅਦਬੀ ਵੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਇਕ ਬੱਚੇ ਦੇ ਰੂਪ ਵਿਚ ਰੋਂਦੇ ਹੋਏ ਵਿਖਾਉਣਾ ਸਿੱਖ ਧਰਮ ਦੀ ਮੂਲ ਭਾਵਨਾ ਦਾ ਅਪਮਾਨ ਹੈ।”
ਕਾਨੂਨੀ ਕਾਰਵਾਈ ਦੀ ਮੰਗ
ਸਿਰਸਾ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐਸਜੀਐਮਸੀ) ਨੇ ਧਰੁਵ ਰਾਠੀ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਉਸ ਦੇ ਯੂਟਿਊਬ ਅਕਾਊਂਟ ਦੀ ਸਮੀਖਿਆ ਦੀ ਮੰਗ ਕੀਤੀ ਹੈ। ਡੀਐਸਜੀਐਮਸੀ ਨੇ ਦਿੱਲੀ ਪੁਲਿਸ ਨੂੰ ਧਾਰਾ 295ਏ ਅਧੀਨ ਧਰੁਵ ਰਾਠੀ ਵਿਰੁੱਧ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ, ਜਿਸ ਵਿਚ ਧਾਰਮਿਕ ਭਾਵਨਾਵਾਂ ਨੂੰ ਜਾਣਬੁੱਝ ਕੇ ਠੇਸ ਪਹੁੰਚਾਉਣ ਦਾ ਦੋਸ਼ ਸ਼ਾਮਲ ਹੈ।