ਨਿਊਜ਼ ਡੈਸਕ :- ਕੋਰੋਨਾ ਪਾਜ਼ਿਟਿਵ ਪਾਏ ਜਾਣ ਤੋਂ ਬਾਅਦ ਵੀ ਸੋਨੂ ਸੂਦ ਲੋਕਾਂ ਦੀ ਸੇਵਾ ਕਰਨ ‘ਚ ਰੁਝੇ ਹੋਏ ਹਨ। ਇਕ ਨਵੇਂ ਮਾਮਲੇ ‘ਚ ਉਨ੍ਹਾਂ ਨੇ ਕੋਰੋਨਾ ਪੀੜਤ ਲੜਕੀ ਭਾਰਤੀ ਨੂੰ ਚੰਗੇ ਇਲਾਜ ਲਈ ਏਅਰਲਿਫਟ ਕਰਵਾ ਕੇ ਨਾਗਪੁਰ ਤੋਂ ਹੈਦਰਾਬਾਦ ਭੇਜਿਆ ਹੈ।
ਦੱਸ ਦਈਏ ਭਾਰਤੀ ਦਾ ਨਾਗਪੁਰ ਦੇ ਇਕ ਹਸਪਤਾਲ ‘ਚ ਇਲਾਜ ਚੱਲ ਰਿਹਾ ਸੀ। ਕੋਰੋਨਾ ਦੇ ਚੱਲਦੇ ਉਸ ਦੇ ਫੇਫੜੇ 85-90 ਫ਼ੀਸਦੀ ਖ਼ਰਾਬ ਹੋ ਚੁੱਕੇ ਸੀ। ਡਾਕਟਰਾਂ ਨੇ ਦੱਸਿਆ ਕਿ ਉਸ ਦੇ ਫੇਫੜੇ ਟਰਾਂਸਪਲਾਂਟ ਕਰਨ ਜਾਂ ਵਿਸ਼ੇਸ਼ ਇਲਾਜ ਦੀ ਲੋੜ ਹੈ, ਜੋ ਹੈਦਰਾਬਾਦ ਦੇ ਅਪੋਲੋ ਹਸਪਤਾਲ ‘ਚ ਸੰਭਵ ਹੈ। ਇਸ ਤੋਂ ਤੁਰੰਤ ਬਾਅਦ ਸੋਨੂ ਨੇ ਅਪੋਲੋ ਹਸਪਤਾਲ ਦੇ ਮਾਹਿਰਾਂ ਨਾਲ ਸੰਪਰਕ ਕੀਤਾ। ਇਸ ਦੌਰਾਨ ਉਨ੍ਹਾਂ ਨੂੰ ਪਤਾ ਲੱਗਾ ਕਿ ਉਥੇ ਵਿਸ਼ੇਸ਼ ਇਲਾਜ ਮੁਹੱਈਆ ਹੈ, ਜਿਸ ਨੂੰ ਐਕਮੋ ਕਿਹਾ ਜਾਂਦਾ ਹੈ।
ਜ਼ਿਕਰਯੋਗ ਹੈ ਕਿ ਭਾਰਤੀ ਦਾ ਇਲਾਜ ਜੇਕਰ ਨਾਗਪੁਰ ‘ਚ ਹੀ ਕੀਤਾ ਜਾਂਦਾ ਤਾਂ ਉਥੇ ਹੀ ਐਕਮੋ ਲਈ ਪ੍ਰਬੰਧ ਕਰਨਾ ਪੈਣਾ ਸੀ। 6 ਡਾਕਟਰਾਂ ਦੀ ਟੀਮ ਨੂੰ ਵੀ ਇਕ ਦਿਨ ਪਹਿਲਾਂ ਹੀ ਨਾਗਪੁਰ ਆਉਣਾ ਪੈਣਾ ਸੀ। ਇਸ ਲਈ ਸੋਨੂ ਨੇ ਭਾਰਤੀ ਨੂੰ ਹੀ ਹੈਦਰਾਬਾਦ ਭੇਜ ਕੇ ਉਸ ਦੇ ਇਲਾਜ ਦਾ ਪ੍ਰਬੰਧ ਕੀਤਾ।