ਨਵੀਂ ਦਿੱਲੀ: ਦਿੱਲੀ ਵਿੱਚ ਚੱਲਦੀ ਸਲੀਪਰ ਬੱਸ ਅੰਦਰ 16 ਸਾਲਾ ਵਿਦਿਆਰਥਣ ਨਾਲ ਸਮੂਹਿਕ ਜਬਰ ਜਨਾਹ ਦੇ ਮਾਮਲੇ ਵਿੱਚ ਪੁਲਿਸ ਜਾਂਚ ਨੂੰ ਅਹਿਮ ਸਬੂਤ ਮਿਲੇ ਹਨ। ਪੁਲਿਸ ਸੂਤਰਾਂ ਮੁਤਾਬਕ ਬੱਸ ਵਿੱਚੋਂ ਵਿਦਿਆਰਥਣ ਅਤੇ ਦੋਵੇਂ ਮੁਲਜ਼ਮਾਂ ਦੇ ਫਿੰਗਰਪ੍ਰਿੰਟ ਮਿਲੇ ਹਨ। ਇਸ ਤੋਂ ਇਲਾਵਾ ਬੱਸ ਦੀਆਂ ਸੀਟਾਂ ਅਤੇ ਸਟੀਅਰਿੰਗ ਵ੍ਹੀਲ ਤੋਂ ਵੀ ਫੋਰੈਂਸਿਕ ਸੈਂਪਲ ਲਏ ਗਏ ਹਨ।
DNA ਰਿਪੋਰਟ ਦੀ ਉਡੀਕ
ਪੁਲਿਸ ਨੇ ਬੱਸ ਦੇ ਡਰਾਈਵਰ ਕੁਲਦੀਪ ਅਤੇ ਕੰਡਕਟਰ ਸੰਦੀਪ ਦੇ ਉਹ ਕੱਪੜੇ ਵੀ ਕਬਜ਼ੇ ਵਿੱਚ ਲਏ ਹਨ, ਜੋ ਘਟਨਾ ਵਾਲੇ ਦਿਨ ਉਨ੍ਹਾਂ ਨੇ ਪਹਿਨੇ ਹੋਏ ਸਨ। ਹੁਣ ਪੁਲਿਸ ਨੂੰ DNA ਰਿਪੋਰਟ ਦੀ ਉਡੀਕ ਹੈ। ਰਿਪੋਰਟ ਮਿਲਣ ਤੋਂ ਬਾਅਦ ਜਾਂਚ ਨੂੰ ਅੱਗੇ ਵਧਾਉਂਦਿਆਂ ਜਲਦ ਚਾਰਜਸ਼ੀਟ ਦਾਖ਼ਲ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਦੋਵੇਂ ਮੁਲਜ਼ਮ ਪਹਿਲਾਂ ਹੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ ਅਤੇ ਘਟਨਾ ਵਿੱਚ ਵਰਤੀ ਗਈ ਸਲੀਪਰ ਬੱਸ ਵੀ ਪੁਲਿਸ ਨੇ ਜ਼ਬਤ ਕਰ ਲਈ ਹੈ।
4 ਅਗਸਤ ਦੀ ਰਾਤ ਵਾਪਰੀ ਸੀ ਘਟਨਾ
ਇਹ ਮਾਮਲਾ 4 ਅਗਸਤ ਦੀ ਰਾਤ ਦਾ ਹੈ। ਉੱਤਰ ਪ੍ਰਦੇਸ਼ ਦੇ ਮੈਨਪੁਰੀ ਦੀ ਰਹਿਣ ਵਾਲੀ 11ਵੀਂ ਜਮਾਤ ਦੀ ਵਿਦਿਆਰਥਣ ਗ੍ਰੇਟਰ ਨੋਇਡਾ ਦੇ ਪਰੀ ਚੌਕ ਤੋਂ ਬੱਸ ਵਿੱਚ ਸਵਾਰ ਹੋਈ ਸੀ। ਲਗਭਗ 47 ਕਿਲੋਮੀਟਰ ਦੇ ਸਫ਼ਰ ਤੋਂ ਬਾਅਦ ਉਸ ਨੂੰ ਕਸ਼ਮੀਰੀ ਗੇਟ ਬੱਸ ਟਰਮੀਨਲ ਨੇੜੇ ਰਿੰਗ ਰੋਡ ’ਤੇ ਉਤਾਰ ਦਿੱਤਾ ਗਿਆ। ਇਸ ਤੋਂ ਬਾਅਦ ਵਿਦਿਆਰਥਣ ਨੇ ਪੁਲਿਸ ਨਾਲ ਸੰਪਰਕ ਕਰਕੇ ਘਟਨਾ ਦੀ ਜਾਣਕਾਰੀ ਦਿੱਤੀ। ਮਾਮਲਾ 31 ਅਗਸਤ ਨੂੰ ਸਾਹਮਣੇ ਆਇਆ।
ਪੁਲਿਸ ਮੁਤਾਬਕ ਵਿਦਿਆਰਥਣ ਪਰਿਵਾਰ ਵਿੱਚ ਹੋਏ ਝਗੜੇ ਤੋਂ ਬਾਅਦ ਬਿਨਾਂ ਦੱਸੇ ਨੋਇਡਾ ਵਿੱਚ ਰਹਿੰਦੇ ਆਪਣੇ ਕਜ਼ਨ ਕੋਲ ਜਾਣ ਲਈ ਨਿਕਲੀ ਸੀ। ਮੈਨਪੁਰੀ ਤੋਂ ਆਉਂਦੇ ਸਮੇਂ ਮੀਂਹ ਅਤੇ ਹਨੇਰੇ ਵਿਚਕਾਰ ਉਹ ਪਰੀ ਚੌਕ ’ਤੇ ਉਤਰ ਗਈ। ਨੋਇਡਾ ਜਾਣ ਲਈ ਵਾਹਨ ਦੀ ਉਡੀਕ ਕਰ ਰਹੀ ਵਿਦਿਆਰਥਣ ਨੇ ਇੱਕ ਸਲੀਪਰ ਬੱਸ ਨੂੰ ਰੋਕਣ ਦਾ ਇਸ਼ਾਰਾ ਕੀਤਾ। ਡਰਾਈਵਰ ਅਤੇ ਕੰਡਕਟਰ ਨੇ ਉਸ ਨੂੰ ਬੱਸ ਵਿੱਚ ਬਿਠਾ ਲਿਆ ਅਤੇ ਦੱਸਿਆ ਕਿ ਬੱਸ ਨੋਇਡਾ ਸੈਕਟਰ-63 ਵੱਲ ਜਾ ਰਹੀ ਹੈ। ਪੁਲਿਸ ਮੁਤਾਬਕ ਕੁਝ ਸਮੇਂ ਬਾਅਦ ਕੰਡਕਟਰ ਨੇ ਉਸ ਨਾਲ ਅਸ਼ਲੀਲ ਹਰਕਤ ਕਰਨ ਦੀ ਕੋਸ਼ਿਸ਼ ਕੀਤੀ।
ਦੋਵੇਂ ਮੁਲਜ਼ਮਾਂ ’ਤੇ ਸਮੂਹਿਕ ਜਬਰ ਜਨਾਹ ਦਾ ਦੋਸ਼
ਲੜਕੀ ਨੇ ਪੁਲਿਸ ਨੂੰ ਦੱਸਿਆ ਕਿ ਡਰਾਈਵਰ ਅਤੇ ਕੰਡਕਟਰ ਨੇ ਉਸ ਨਾਲ ਜਬਰ ਜਨਾਹ ਕੀਤਾ। ਵਿਰੋਧ ਕਰਨ ’ਤੇ ਦੋਵਾਂ ਨੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਬੱਸ ਦੀਆਂ ਖਿੜਕੀਆਂ ’ਤੇ ਪਰਦੇ ਲੱਗੇ ਹੋਏ ਸਨ, ਜਿਸ ਕਾਰਨ ਅੰਦਰ ਦੀਆਂ ਗਤੀਵਿਧੀਆਂ ਬਾਹਰੋਂ ਦਿਖਾਈ ਨਹੀਂ ਦਿੱਤੀਆਂ। ਦੋਸ਼ ਹੈ ਕਿ ਦੋਵਾਂ ਨੇ ਦੇਰ ਰਾਤ ਉਸ ਨੂੰ ਕਸ਼ਮੀਰੀ ਗੇਟ ਬੱਸ ਟਰਮੀਨਲ ਨੇੜੇ ਰਿੰਗ ਰੋਡ ’ਤੇ ਉਤਾਰ ਦਿੱਤਾ ਅਤੇ ਉੱਥੋਂ ਫਰਾਰ ਹੋ ਗਏ। ਇਸ ਤੋਂ ਬਾਅਦ ਲੜਕੀ ਨੇ ਉਸੇ ਰਾਤ ਕਸ਼ਮੀਰੀ ਗੇਟ ਪੁਲਿਸ ਨਾਲ ਸੰਪਰਕ ਕੀਤਾ।
CCTV ਰਾਹੀਂ ਹੋਈ ਬੱਸ ਦੀ ਪਛਾਣ
ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਬੱਸ ਦੇ ਰੂਟ ਅਤੇ ਪਛਾਣ ਲਈ ਰਸਤੇ ਵਿੱਚ ਲੱਗੇ CCTV ਕੈਮਰਿਆਂ ਦੀ ਫੁਟੇਜ ਖੰਗਾਲੀ। ਜਾਂਚ ਦੌਰਾਨ ਬੱਸ ਨੂੰ ਟਰੈਕ ਕਰਦੇ ਹੋਏ ਡਰਾਈਵਰ ਕੁਲਦੀਪ ਅਤੇ ਕੰਡਕਟਰ ਸੰਦੀਪ ਨੂੰ ਤਿਮਾਰਪੁਰ ਦੀ ਇੱਕ ਬੱਸ ਪਾਰਕਿੰਗ ਤੋਂ ਗ੍ਰਿਫ਼ਤਾਰ ਕੀਤਾ ਗਿਆ। ਬੱਸ ਨੂੰ ਵੀ ਕਬਜ਼ੇ ਵਿੱਚ ਲੈ ਕੇ ਫੋਰੈਂਸਿਕ ਜਾਂਚ ਲਈ ਭੇਜਿਆ ਗਿਆ। ਇਹ ਬੱਸ UP-83 ਨੰਬਰ ਦੀ ਹੈ ਅਤੇ ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਵਿੱਚ ਰਜਿਸਟਰਡ ਹੈ।
ਮਾਮਲੇ ਦਾ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਵੀ ਖੁਦ ਨੋਟਿਸ ਲਿਆ ਹੈ। NHRC ਨੇ ਦਿੱਲੀ ਅਤੇ ਗੌਤਮ ਬੁੱਧ ਨਗਰ ਦੇ ਪੁਲਿਸ ਕਮਿਸ਼ਨਰਾਂ ਅਤੇ ਮੈਨਪੁਰੀ ਦੇ SP ਨੂੰ ਨੋਟਿਸ ਜਾਰੀ ਕਰਕੇ ਦੋ ਹਫ਼ਤਿਆਂ ਅੰਦਰ ਵਿਸਥਾਰਤ ਰਿਪੋਰਟ ਮੰਗੀ ਹੈ।
2012 ‘ਚ ਵੀ ਵਾਪਰੀ ਸੀ ਅਜਿਹੀ ਘਟਨਾ
ਦਿੱਲੀ ਵਿੱਚ 16 ਦਸੰਬਰ 2012 ਦੀ ਰਾਤ 23 ਸਾਲਾ ਨੌਜਵਾਨ ਲੜਕੀ ਨਾਲ ਚੱਲਦੀ ਬੱਸ ਵਿੱਚ ਸਮੂਹਿਕ ਜਬਰ ਜਨਾਹ ਹੋਇਆ ਸੀ। ਗੰਭੀਰ ਜ਼ਖਮੀ ਹੋਣ ਕਾਰਨ 29 ਦਸੰਬਰ ਨੂੰ ਸਿੰਗਾਪੁਰ ਦੇ ਹਸਪਤਾਲ ਵਿੱਚ ਉਸ ਨੇ ਦਮ ਤੋੜ ਦਿੱਤਾ ਸੀ। ਮੀਡੀਆ ਵਿੱਚ ਇਹ ਮਾਮਲਾ ‘ਨਿਰਭਿਆ ਕੇਸ’ ਦੇ ਨਾਮ ਨਾਲ ਜਾਣਿਆ ਗਿਆ।
ਇਸ ਕੇਸ ਵਿੱਚ 6 ਲੋਕਾਂ ਨੂੰ ਮੁਲਜ਼ਮ ਬਣਾਇਆ ਗਿਆ ਸੀ। ਇਨ੍ਹਾਂ ਵਿੱਚੋਂ ਇੱਕ ਨਾਬਾਲਗ ਸੀ, ਜਦਕਿ ਇੱਕ ਮੁਲਜ਼ਮ ਨੇ ਜੇਲ੍ਹ ਵਿੱਚ ਖੁਦਕੁਸ਼ੀ ਕਰ ਲਈ ਸੀ। ਚਾਰ ਦੋਸ਼ੀਆਂ ਮੁਕੇਸ਼ ਸਿੰਘ, ਪਵਨ ਗੁਪਤਾ, ਵਿਨੈ ਸ਼ਰਮਾ ਅਤੇ ਅਕਸ਼ੈ ਕੁਮਾਰ ਸਿੰਘ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਅਤੇ 20 ਮਾਰਚ 2020 ਨੂੰ ਤਿਹਾੜ ਜੇਲ੍ਹ ਵਿੱਚ ਫਾਂਸੀ ਦਿੱਤੀ ਗਈ।

