ਦਿੱਲੀ ‘ਆਪ’ ਦੇ ਰੰਗ ‘ਚ ਰੰਗੀ

Rajneet Kaur
5 Min Read

ਜਗਤਾਰ ਸਿੰਘ ਸਿੱਧੂ (ਮੈਨੇਜਿੰਗ ਐਡੀਟਰ) 

ਦਿੱਲੀ ਨਗਰ ਨਿਗਮ ਦੇ ਚੋਣ ਨਤੀਜਿਆਂ ਨੇ ਸਾਬਤ ਕਰ ਦਿਤਾ ਹੈ ਕਿ ਦੇਸ਼ ਦੀ ਰਾਜਧਾਨੀ ਦਿੱਲੀ ਦਾ ਕਿਲਾ ਆਮ ਆਦਮੀ ਪਾਰਟੀ ਨੇ ਪੂਰੀ ਤਰ੍ਹਾਂ ਮਜ਼ਬੂਤ ਕਰ ਲਿਆ ਹੈ। ਬੇਸ਼ੱਕ ਪਿਛਲੇ ਦਿਨੀ ਆਏ ਚੋਣ ਸਰਵੇਖਣਾ ਨੇ ਇਹ ਸਾਬਿਤ ਕਰ ਦਿਤਾ ਸੀ ਕਿ ਦਿੱਲੀ ਨਗਰ ਨਿਗਮ ਦੀਆਂ ਚੋਣਾਂ ‘ਆਪ’ ਪੂਰੀ ਸ਼ਾਨ ਨਾਲ ਜਿੱਤ ਰਹੀ ਹੈ ਪਰ ਅੱਜ ਦੇ ਚੋਣ ਨਤੀਜਿਆਂ ਨੇ ਚੋਣ ਸਰਵੇਖਣਾ ਦੀ ਭੱਵਿਖਵਾਣੀ ‘ਤੇ ਮੋਹਰ ਲਗਾ ਦਿੱਤੀ ਹੈ। ਭਾਜਪਾ ਲਈ ਦਿੱਲੀ ‘ਚ ਇਹ ਸਭ ਤੋਂ ਵੱਡਾ ਝਟਕਾ ਹੈ ਕਿ ਲਗਾਤਾਰ ਤਿੰਨ ਵਾਰ ਚੋਣਾਂ ਜਿੱਤ ਕੇ 15 ਸਾਲ ਲਈ ਨਗਰ ਨਿਗਮ ਦੇ ਪ੍ਰਬੰਧ ‘ਤੇ ਕਾਬਜ਼ ਰਹਿਣ ਵਾਲੀ ਪਾਰਟੀ ਇਕ ਵਾਰ ਪੂਰੀ ਤਰ੍ਹਾਂ ਦਿੱਲੀ ਦੇ ਮੈਦਾਨ ‘ਚੋਂ ਬਾਹਰ ਹੋ ਗਈ ਹੈ। ਭਾਜਪਾ ਦੀ ਅਜਿਹੀ ਸਥਿਤੀ ਉਸ ਵੇਲੇ ਬਣੀ ਹੈ ਜਦੋਂਕਿ ਇਹ ਪਾਰਟੀ ਕੌਮੀ ਪਧਰ ‘ਤੇ ਬਹੁਤ ਮਜ਼ਬੂਤ ਸ਼ਕਤੀਸ਼ਾਲੀ ਧਿਰ ਵਜੋਂ ਆਪਣਾ ਸਥਾਨ ਬਣਾ ਚੁੱਕੀ ਹੈ।ਬੇਸ਼ੱਕ ਦਿੱਲੀ ਸਰਕਾਰ ਦੇ ਸੀਮਤ ਅਧਿਕਾਰ ਹਨ ਅਤੇ ਦਿੱਲੀ ਦੇ ਲੈਫ.ਗਵਰਨਰ ਦਾ ਸਰਕਾਰ ਦੇ ਮਾਮਲਿਆਂ ‘ਚ ਸਿੱਧਾ ਦਖਲ ਹੈ ਪਰ ਇਸਦੇ ਬਾਵਜੂਦ ਦਿੱਲੀ ਦੇ ਲੋਕਾਂ ਵਲੋਂ ਨਗਰ ਨਿਗਮ ਦੀਆਂ ਚੋਣਾਂ ‘ਚ ‘ਆਪ’ ਨੂੰ ਜਿਤਾਉਣ ਨਾਲ ਇਕ ਰਾਜਸੀ ਸੁਨੇਹਾ ਜ਼ਰੂਰ ਗਿਆ ਹੈ ਕਿ ਅਜੇ ਵੀ ਇਸ ਮੁਲਕ ‘ਚ ਅਜਿਹੀਆਂ ਰਾਜਸੀ ਧਿਰਾਂ ਹਨ ਜਿਹੜੀਆਂ ਕਿ ਭਾਜਪਾ ਨੂੰ ਚੁਣੌਤੀ ਦੇਣ ਦੀ ਸਮਰਥਾ ਰਖਦੀਆਂ ਹਨ।ਇਹ ਨਤੀਜੇ ਇਸ ਕਰਕੇ ਵੀ ਅਹਿਮ ਹਨ ਕਿਉਂ ਜੋ ਨਗਰ ਨਿਗਮ ਦੇ ਮੈਂਬਰਾਂ ਦੇ ਅਧਿਕਾਰ ਕਿਤੇ ਵਧੇਰੇ ਹਨ।ਇਸ ਨਾਲ ਆਉਣ ਵਾਲੇ ਦਿਨਾ ‘ਚ ਭਾਜਪਾ ਨੂੰ ਦਿੱਲੀ ਦੇ ਲੋਕਾਂ ਲਈ ਆਪਣਾ ਏਜੰਡਾ ਲਾਗੂ ਕਰਵਾਉਣ ‘ਚ ਵੀ ਸੌਖ ਰਹੇਗੀ। ਭਾਰਤ ‘ਚ ਕਈ ਚੋਣਾਂ ਦੇ ਮੌਕੇ ‘ਤੇ ਧਰਮ ਜਾਂ ਫਿਰਕਾ ਪ੍ਰਸਤੀ ਦੇ ਆਧਾਰ ‘ਤੇ ਵੋਟਰਾਂ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।ਇਸੇ ਤਰ੍ਹਾਂ ਚੋਣਾਂ ਦੇ ਮਾਹਿਰ ਆਪਣਾ ਫਤਵਾ ਦੇਣ ਵੇਲੇ ਜਾਤ-ਪਾਤ ਅਤੇ ਹੋਰ ਅਜਿਹੇ ਤੱਥਾਂ ਨੂੰ ਧਿਆਨ ‘ਚ ਰੱਖ ਕੇ ਭੱਵਿਖਵਾਣੀ ਕਰਦੇ ਹਨ। ਦਿੱਲੀ ਨੇ ਘੱਟੋ-ਘੱਟ ਇਹ ਸਾਬਿਤ ਕਰ ਦਿਤਾ ਹੈ ਕਿ ਮੁਲਕ ਨੂੰ ਰਾਜਸੀ ਹਿੱਤਾਂ ਲਈ ਸੌੜੀ ਸੋਚ ਨਾਲ ਵੰਡਣ ਵਾਲਾ ਫਾਰਮੂਲਾ ਹਰ ਖਿੱਤੇ ਦੇ ਲੋਕਾਂ ਉਪਰ ਲਾਗੂ ਨਹੀਂ ਹੋ ਸਕਦਾ।

ਦਿੱਲੀ ਅਤੇ ਪੰਜਾਬ ‘ਚ ਸਰਕਾਰ ਬਣਾਉਣ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਦੇਸ਼ ਦੇ ਹੋਰਾਂ ਸੂਬਿਆਂ ਵਲ ਵੀ ਰੁਖ ਕੀਤਾ ਹੈ। ਦਿੱਲੀ ਨਗਰ ਨਿਗਮ ਦੇ ਚੋਣ ਨਤੀਜੇ ਨਿਸਚਿਤ ਤੌਰ ਤੇ ‘ਆਪ’ ਲਈ ਅੱਗੇ ਵਧਣ ਵਿੱਚ ਸਹਾਈ ਹੋਣਗੇ। ਪਿਛਲੇ ਦਿਨੀ ਦਿੱਲੀ ਤੋਂ ਇਲਾਵਾ ਹਿਮਾਚਲ ਅਤੇ ਗੁਜਰਾਤ ਵਿਧਾਨ ਸਭਾ ਲਈ ਵੀ ਵੋਟਾਂ ਪਈਆਂ ਹਨ।ਇਹ ਸਾਰੀ ਚੋਣ ਮੁਹਿੰਮ ‘ਚ ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਦੇ ਸੁਪਰੀਮੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੁਹਿੰਮ ‘ਚ ਪੂਰੀ ਤਰ੍ਹਾਂ ਮੋਹਰੀ ਸਫਾਂ ‘ਚ ਲੈ ਕੇ ਨਾਲ ਚਲੇ ਹਨ। ਇਸ ਤਰ੍ਹਾਂ ਕੌਮੀ ਪਧਰ ‘ਤੇ ‘ਆਪ’ ਵਲੋਂ ਰਾਜਸੀ ਖੇਤਰ ‘ਚ ਨਵੀਂ ਲੀਡਰਸ਼ਿਪ ਦੇ ਉਭਾਰ ਦਾ ਸੁਨੇਹਾ ਵੀ ਦਿਤਾ ਗਿਆ ਹੈ। ਬੇੱਸ਼ਕ ਪਹਿਲਾਂ ਵੀ ਦੂਜੀਆਂ ਰਾਜਸੀ ਪਾਰਟੀਆਂ ਪੰਜਾਬ ‘ਚ ਆਪਣੇ ਰਾਜ ਸਮੇਂ ਮੁੱਖ ਮੰਤਰੀਆਂ ਨੂੰ ਦੂਜੇ ਸੂਬਿਆਂ ‘ਚ ਚੋਣ ਪ੍ਰਚਾਰ ਲਈ ਲੈ ਕੇ ਜਾਂਦੀਆਂ ਰਹੀਆਂ ਹਨ ਪਰ ਉਸ ਮੁਹਿੰਮ ਦਾ ਇਕ ਸੀਮਤ ਜਿਹਾ ਮਹਤਵ ਹੁੰਦਾ ਸੀ। ਮੁੱਖ ਮੰਤਰੀ ਭਗਵੰਤ ਮਾਨ ਵਲੋਂ ਹਿਮਾਚਲ ਅਤੇ ਗੁਜਰਾਤ ‘ਚ ਚਲਾਈ ਗਈ ਚੋਣ ਮੁਹਿੰਮ ਨੇ ਰਾਜਸੀ ਲੀਡਰਸ਼ਿਪ ‘ਚ ਪੰਜਾਬ ਦੇ ਅਕਸ ਨੂੰ ਵੀ ਉਭਾਰ ਕੇ ਸਾਹਮਣੇ ਲਿਆਂਦਾ ਹੈ।

ਦਿੱਲੀ ਨਗਰ ਨਿਗਮ ਚੋਣਾਂ ‘ਚ ਦਹਾਕਿਆਂ ਤੱਕ ਦੇਸ਼ ‘ਤੇ ਰਾਜ ਕਰਨ ਵਾਲੀ ਕਾਂਗਰਸ ਪਾਰਟੀ ਦੀ ਕਾਰਗੁਜ਼ਾਰੀ ਨਾਮੋਸ਼ੀ ਭਰੀ ਰਹੀ ਹੈ। ਇਹ ਵੀ ਲਗਦਾ ਹੈ ਕਿ ਰਾਹੁਲ ਗਾਂਧੀ ਦੀ ਅਗਵਾਈ ਹੇਠਾਂ ਕਾਂਗਰਸ ਵਲੋਂ ਸ਼ੁਰੂ ਕੀਤੀ ਗਈ ‘ਭਾਰਤ ਜੋੜੋ ਯਾਤਰਾ’ ਦਾ ਦਿੱਲੀ ਦੇ ਵੋਟਰਾਂ ‘ਤੇ ਕੋਈ ਪ੍ਰਭਾਵ ਨਹੀਂ ਪਿਆ ਕਿਉਂ ਜੋ ਕਾਂਗਰਸ ਦੀ ਕਾਰਗੁਜ਼ਾਰੀ ਪਹਿਲਾਂ ਨਾਲੋ ਵੀ ਮਾੜੀ ਸਾਬਿਤ ਹੋਈ ਹੈ।ਕਾਂਗਰਸ ਨੂੰ 2024 ਦੀਆਂ ਪਾਰਲੀਮੈਂਟ ਚੋਣਾਂ ਲਈ ਵੀ ਵੱਡੀ ਚੁਣੌਤੀ ਦਾ ਸਾਹਮਣਾ ਕਰਨ ਲਈ ਆਪਣੇ ਆਪ ਨੂੰ ਤਿਆਰ ਕਰਨਾ ਹੋਵੇਗਾ।

- Advertisement -

‘ਆਪ’ 134 ਸੀਟਾਂ ‘ਤੇ ਜਿੱਤ ਹਾਸਿਲ ਕਰ ਚੁੱਕੀ ਹੈ ਜਦੋਂਕਿ ਭਾਜਪਾ ਦੇ ਖਾਤੇ ‘ਚ 104 ਸੀਟਾਂ ਆਈਆਂ ਹਨ। ਕਾਂਗਰਸ 9 ਸੀਟਾਂ ‘ਤੇ ਆਜ਼ਾਦ ਉਮੀਦਵਾਰਾਂ ਨੇ 3 ਸੀਟਾਂ ‘ਤੇ ਜਿੱਤ ਹਾਸਲ ਕੀਤੀ ਹੈ।  ਇਸ ਤਰ੍ਹਾਂ ‘ਆਪ’ ਨੇ ਸਪਸ਼ਟ ਬਹੁਮਤ ਤੋਂ ਵੀ ਵਧੇਰੇ ਸੀਟਾਂ ਲੈ ਕੇ ਪਹਿਲੀ ਵਾਰ ਨਗਰ ਨਿਗਮ ਦੀ ਜ਼ਿੰਮੇਵਾਰੀ ਸੰਭਾਲੀ ਹੈ।

Share this Article
Leave a comment