ਪਹਿਲੇ ਤੇ ਦੂਜੇ ਨੰਬਰ ਦੀਆਂ ਸਭ ਤੋਂ ਪੁਰਾਣੀਆਂ ਪਾਰਟੀਆਂ ਕਾਂਗਰਸ ਤੇ ਅਕਾਲੀ ਦਲ , ਕਿਵੇਂ ਸੰਕਟ ਚੋਂ ਨਿਕਲਣਗੀਆਂ!

TeamGlobalPunjab
5 Min Read

ਬਿੰਦੂ ਸਿੰਘ

ਕਾਂਗਰਸ ਪਾਰਟੀ ਕੌਮੀ ਪੱਧਰ ਤੇ 5 ਰਾਜਾਂ ਚ ਹੋਈਆਂ ਚੋਣਾਂ ਨੂੰ ਲੈ ਕੇ ਪਾਰਟੀ ਪੱਧਰ ਤੇ ਪੜਚੋਲ ਕਰਨ ‘ਚ ਲਗੀ ਹੈ। ਸਭ ਤੋਂ ਪੁਰਾਣੀ ਪਾਰਟੀ ਦੇ ਲੀਡਰ ਚਿੰਤਾ ‘ਚ ਹਨ ਕਿਉਂਕਿ ਪਾਰਟੀ 5 ਸੂਬਿਆਂ ਦੀਆਂ ਵਿਧਾਨਸਭਾ ਚੋਣਾਂ ਚ ਬਹੁਤ ਪਿੱਛੜ ਗਈ ਹੈ । ਇਸ ਨੂੰ ਲੈ ਕੇ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਦਿੱਲੀ ‘ਚ ਹੋਈ ਹੈ। ਇਸ ਬੈਠਕ ਤੋਂ ਬਾਅਦ ਕਾਂਗਰਸ ਦੇ ਸੀਨੀਅਰ ਲੀਡਰ ਕਪਿਲ ਸਿਬਲ ਨੇ ਵੀ ਕਹਿ ਦਿੱਤਾ ਹੈ ਕਿ ਕਾਂਗਰਸ ਲੀਡਰਸ਼ਿਪ ‘ਕੋਇਲ ਦੀ ਧਰਤੀ’ ਤੇ ਰਹਿ ਰਹੀ ਹੈ। ਕਪਿਲ ਸਿਬਲ ਦਾ ਕਹਿਣਾ ਹੈ ਕਿ ਉਹ ਸਾਰਿਆਂ ਦੀ ਕਾਂਗਰਸ ਚਾਹੁੰਦੇ ਹਨ ਨਾਂ ਕਿ ਕਿਸੇ ਇੱਕ ਘਰ ਦੀ।

ਕਾਂਗਰਸ ਵਿੱਚ ਇਹ ਸੁਰ ਹੁਣ ਪਹਿਲੀ ਵਾਰ ਉੱਠਣੇ ਨਹੀਂ ਸ਼ੁਰੂ ਹੋਏ ਪਰ ਇਸ ਵਾਰ ਪੰਜ ਸੂਬਿਆਂ ਦੀ ਹਾਰ ਨੂੰ ਕਾਫੀ ਗੰਭੀਰ ਤਰੀਕੇ ਵੇਖਿਆ ਜਾ ਰਿਹਾ ਹੈ। ਕਾਂਗਰਸ ਪਾਰਟੀ ਨੇ ਇੱਕ 23 ਮੈਂਬਰੀ ਕਮੇਟੀ ਬਣਾਈ ਸੀ ਜਿਸ ਦੇ ਇੱਕ ਅਹਿਮ ਲੀਡਰ ਸਿਬਲ ਵੀ ਹਨ। ਉਨ੍ਹਾਂ ਨੇ ਕਿਹਾ ਕਿ ਪਾਰਟੀ ਨੂੰ ਵਾਰ ਵਾਰ ਹਾਰ ਦਾ ਮੂੰਹ ਵੇਖਣਾ ਪੈ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਵਧੇਰੇ ਲੀਡਰਾਂ ਦਾ ਪਾਰਟੀ ਨੂੰ ਛੱਡ ਕੇ ਜਾਣਾ ਤੇ ਲਗਾਤਾਰ ਆ ਰਹੀ ਅਸਥਿਰਤਾ ਦੇ ਕਾਰਨ ਹੀ ਪਾਰਟੀ ਵੋਟਰ ਨਾਲ ਰਾਬਤਾ ਨਹੀਂ ਬਣਾ ਸਕੀ ਹੈ। ਕਾਂਗਰਸ ਪਾਰਟੀ ਦੇ ਲੀਡਰਾਂ ਨੂੰ ਲਗਦਾ ਹੈ ਕਿ ਪਾਰਟੀ ਕਦੇ ਵੀ ਇਸ ਪੱਧਰ ਤੱਕ ਨਹੀਂ ਡਿੱਗੀ। ਕਾਂਗਰਸੀ ਲੀਡਰਾਂ ਦਾ ਕਹਿਣਾ ਹੈ ਕਿ ਮਮਤਾ ਬਨਰਜੀ , ਸ਼ਰਦ ਪਵਾਰ ਵਰਗੇ ਕਈ ਲੀਡਰ ਕਾਂਗਰਸੀ ਲੀਡਰ ਹਨ ਤੇ ਇਨ੍ਹਾਂ ਸਭ ਨੂੰ ਨਾਲ ਲੈ ਕੇ ਚਲਣਾ ਚਾਹੀਦਾ ਹੈ।

ਹੁਣ ਜੇਕਰ ਗੱਲ ਸ਼੍ਰੋਮਣੀ ਅਕਾਲੀ ਦਲ ਦੀ ਕੀਤੀ ਜਾਵੇ ਤਾਂ ਪੰਜਾਬ ‘ਚ ਇਸ ਪਾਰਟੀ ਦੀ ਹਾਲਾਤ ਵੀ ਕਾਫੀ ਪਤਲੀ ਵਿਖਾਈ ਦੇ ਰਹੀ ਹੈ। 100 ਤੋਂ ਵੱਧ ਵਰ੍ਹੇ ਪੁਰਾਣੀ ਇਸ ਪਾਰਟੀ ਨੂੰ ਸਿੱਖਾਂ ਦੀ ਨੁਮਾਇੰਦਾ ਪਾਰਟੀ ਕਿਹਾ ਜਾਂਦਾ ਹੈ। ਇਸ ਵਾਰ ਅਕਾਲੀ ਦਲ ਨੂੰ ਸਿਰਫ 3 ਸੀਟਾਂ ਹੀ ਆਈਆਂ ਹਨ। ਜੇਕਰ ਇਸ ਪਾਰਟੀ ਨੂੰ ਵਿਸਤਾਰ ਨਾਲ ਵੇਖਿਆ ਜਾਵੇ ਤਾਂ ਇਹ ਪਾਰਟੀ ਦੂਜਿਆਂ ਪਾਰਟੀਆਂ ਨਾਲੋਂ ਇਸ ਕਰਕੇ ਵੱਖ ਹੈ ਕਿਉਂਕਿ ਇਸ ਪਾਰਟੀ ਨੇ ਸਿੱਖਾਂ ਨੂੰ ਵੱਖ ਪਹਿਚਾਣ ਦਿੱਤੀ। ਇਹ ਪਾਰਟੀ ਪਹਿਲਾਂ ਸਿੱਖ ਲੀਗ ਬਣੀ ਤੇ ਫਿਰ ਐਸਜੀਪੀਸੀ ਨੇ ਅਕਾਲੀ ਦਲ ਬਣਾਇਆ। ਇਸ ਪਾਰਟੀ ਨੇ ਪੰਜਾਬੀ ਸੂਬਾ, ਪਾਣੀਆਂ ਦਾ ਮਸਲਾ , ਚੰਡੀਗੜ੍ਹ ਤੇ ਪੰਜਾਬੀ ਬੋਲੀ ਨੂੰ ਲੈ ਕੇ ਕਈ ਮੋਰਚੇ ਲਾਏ ਹਨ। ਅਕਾਲੀ ਦਲ ਸਾਲ 1996 ਤੱਕ ਸਿੱਖਾਂ ਦੇ ਮੁੱਦਿਆਂ ਲਈ ਆਵਾਜ਼ ਬੁਲੰਦ ਕਰਦੀ ਰਹੀ ਪਰ ਇਸ ਤੋਂ ਬਾਅਦ ਇਹ ਪਾਰਟੀ ਪੰਥਕ ਸਿਆਸਤ ਤੋਂ ਪੰਜਾਬੀ ਸਿਆਸਤ ਵੱਲ ਮੁੜਦੀ ਨਜ਼ਰ ਆਈ ਤੇ ਹੋਲੀ ਹੋਲੀ ਪੰਥਕ ਸਿਆਸਤ ਤੇ ਮੁਦਿਆਂ ਦੀ ਗੱਲ ਕਿੱਤੇ ਪਿੱਛੇ ਰਹਿ ਗਈ। ਇਸ ਤਰੀਕੇ ਨਾਲ ਹੀ ਪਾਰਟੀ ਦਾ ਅਸਲ ਖ਼ਾਸਾ ਪੂਰਾ ਹੀ ਬਦਲ ਗਿਆ।

- Advertisement -

ਕਮਾਲ ਦੀ ਗੱਲ ਤਾਂ ਇਹ ਹੈ ਕਿ ਇਨ੍ਹਾਂ ਦੋਹਾਂ ਹੀ ਪਾਰਟੀਆਂ , ਕਾਂਗਰਸ ਤੇ ਅਕਾਲੀ ਦਲ ਦਾ ਵਰਤਮਾਨ ਢਾਂਚਾ ਪਰਿਵਾਰਵਾਦ ਨਾਲ ਜੁੜ ਗਿਆ ਹੈ। ਇਨ੍ਹਾਂ ਚੋਣਾਂ ‘ਚ ਅਕਾਲੀ ਦਲ ਨੇ ਬਹੁਜਨ ਸਮਾਜ ਪਾਰਟੀ ਨਾਲ ਗੜਜੋੜ ਕੀਤਾ ਤੇ ਲੰਮੇ ਚਿਰ ਤੋਂ ਚਲੀ ਆ ਰਹੀ ਭਾਈਵਾਲ ਪਾਰਟੀ ਨਾਲ ਤੋੜ ਵਿਛੋੜਾ ਕਰ ਲਿਆ। ਕੁੱਛ ਅਕਾਲੀ ਲੀਡਰਾਂ ਦਾ ਮੰਨਣਾ ਹੈ ਕਿ ਬੀਜੇਪੀ ਨਾਲ ਟੁੱਟਣਾ ਵੀ ਸ਼ਾਇਦ ਮਹਿੰਗਾ ਹੀ ਪਿਆ। ਕਾਂਗਰਸ ਪਾਰਟੀ ਨੂੰ ਕੌਮੀ ਪੱਧਰ ਤੇ ਇਸ ਵਾਰ ਵੱਡਾ ਝੱਟਕਾ ਲੱਗਾ ਹੈ। ਪਰ ਪੰਜਾਬ ਵਿੱਚ ਕਾਂਗਰਸ ਨੂੰ ਲਗਦਾ ਸੀ ਕਿ ਦੂਜੀ ਵਾਰ ਆ ਸਕਦੀ ਹੈ ਪਰ ਲਗਾਤਾਰ ਬਣੇ ਖ਼ਾਨਾਜੰਗੀ ਦੇ ਮਾਹੌਲ ਨੇ ਇਸ ਪਾਰਟੀ ਨੂੰ ਲੀਹੋ ਲਾਹ ਦਿੱਤਾ। ਹੁਣ ਕਾਂਗਰਸ ਪਾਰਟੀ ਦੇ ਲੀਡਰ ਕੌਮੀ ਪੱਧਰ ‘ਤੇ ਅਤੇ ਅਕਾਲੀ ਦਲ ਦੇ ਲੀਡਰ ਸੂਬਾਈ ਪੱਧਰ ‘ਤੇ ਮੰਥਨ ਕਰਨ ‘ਚ ਲਗੇ ਹੋਏ ਹਨ।

ਕਾਂਗਰਸ ਪਾਰਟੀ ਦੀ ਬੈਠਕ ਤੋਂ ਬਾਅਦ ਲੀਡਰਾਂ ਨੂੰ ਲੱਗਦਾ ਹੈ ਕਿ ਲੀਡਰਸ਼ਿਪ ‘ਚ ਬਦਲਾਓ ਲੈ ਕੇ ਆਉਣ ਦੀ ਲੋੜ ਹੈ ਪਰ ਉੱਥੇ ਹੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਬੈਠਕ ‘ਚ ਮੌਜੂਦਾ ਪ੍ਰਧਾਨ ਨੂੰ ਹੀ ਸਰਬਸਮਤੀ ਨਾਲ ਪ੍ਰਧਾਨ ਬਣੇ ਰਹਿਣ ਲਈ ਪ੍ਰਵਾਨਗੀ ਮਿਲੀ ਹੈ। ਪਰ ਇਸ ਗੱਲ ਤੋਂ ਮੁੰਨਕਰ ਨਹੀਂ ਹੋਇਆ ਜਾ ਸਕਦਾ ਕਿ ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਦੋਨੋਂ ਪਾਰਟੀਆਂ ਪੰਜਾਬ ‘ਚ ਇੱਕ ਵਾਰ ਤਾਂ ਹਾਸ਼ੀਏ ਤੇ ਖਿੱਸਕ ਗਈਆਂ ਹਨ। ਹੁਣ ਇਸ ਸੰਕਟ ਚੋਂ ਬਾਹਰ ਆਉਣ ਲਈ ਨਵੀਂ ਸੋਚ ਦੇ ਨਾਲ ਬੁਨਿਆਦੀ ਢਾਂਚੇ ਤੇ ਵੀ ਕੰਮ ਕਰਨਾ ਪਵੇਗਾ।

Share this Article
Leave a comment