ਪੰਜਾਬ ਦੇ ਅਲੋਪ ਹੋ ਰਹੇ ਮੋਟੇ ਅਨਾਜ: ਸੁਨਹਿਰੀ ਭਵਿੱਖ ਦਾ ਵਧੀਆ ਭੋਜਨ

TeamGlobalPunjab
8 Min Read

-ਮੋਨਿਕਾ ਮਹਾਜਨ

ਪੰਜਾਬ ਵਿੱਚ ਕਣਕ ਅਤੇ ਝੋਨੇ ਦੇ ਵਧਦੇ ਜਨੂੰਨ ਕਾਰਨ ਮੋਟੇ ਅਨਾਜ ਸਾਡੇ ਖੇਤਾਂ ਵਿੱਚੋਂ ਅਲੋਪ ਹੋ ਰਹੇ ਹਨ। ਪੋਸ਼ਣ ਤੱਤਾਂ ਨਾਲ ਭਰਪੂਰ ਇਹ ਅਨਾਜ ਸਿਹਤਮੰਦ ਜੀਵਨ ਸ਼ੈਲੀ ਲਈ ਜਰੂਰੀ ਹਨ। ਇਸ ਦੇ ਨਾਲ ਹੀ ਸਾਡੀ ਪੀੜ੍ਹੀਆਂ ਨੂੰ ਕੁਪੋਸ਼ਨ ਅਤੇ ਬਿਮਾਰੀਆਂ ਦੇ ਜੋਖਮ ਤੋਂ ਮੁਕਤ ਰੱਖਣ ਲਈ ਬਹੁਤ ਮਹੱਤਵਪੂਰਨ ਹਨ। ਇਸ ਲਈ ਅਸੀਂ ਸਾਰੇ ਰਲ-ਮਿਲ ਕੇ ਇਸ ਅਲੋਪ ਹੁੰਦੀ ਵਿਰਾਸਤ ਨੂੰ ਸੰਭਾਲੀਏ। ਇਹ ਭੋਜਨ ਦੇ ਨਾਲ-ਨਾਲ ਸਾਡੇ ਵਾਤਾਵਰਨ ਦੀ ਸੰਭਾਲ ਲਈ ਵੀ ਜਰੂਰੀ ਹੈ।

ਅੱਜ ਤੋਂ ਸੱਠ ਸਾਲ ਪਹਿਲਾਂ ਸਾਡੇ ਖਾਣ ਦੀਆਂ ਆਦਤਾਂ ਬਿਲਕੁਲ ਵੱਖਰੀਆਂ ਸਨ। ਅਸੀ ਮੋਟੇ ਅਨਾਜ ਖਾਣ ਵਾਲੇ ਲੋਕਾਂ ਵਿੱਚ ਆਉਂਦੇ ਸੀ। ਮੋਟੇ ਅਨਾਜ ਤੋਂ ਮਤਲਬ-ਬਾਜਰਾ, ਜਵਾਰ, ਰਾਗੀ, ਕੰਗਨੀ, ਸੰਵਾਕ, ਕੋਧਰਾ ਆਦਿ। ਸਾਡੇ ਦੇਸ਼ ਵਿੱਚ ਸੱਠ ਦੇ ਦਹਾਕੇ ਤੋਂ ਪਹਿਲਾਂ ਸਾਡੇ ਫ਼ਸਲ ਉਤਪਾਦਨ ਵਿੱਚ ਮੋਟੇ ਅਨਾਜ ਦੀ ਹਿੱਸੇਦਾਰੀ 40 ਫੀਸਦੀ ਸੀ। ਸੱਠ ਦੇ ਦਹਾਕੇ ਵਿੱਚ ਆਈ ਹਰੀ ਕ੍ਰਾਂਤੀ ਦੇ ਦੌਰਾਨ ਅਸੀ ਕਣਕ ਅਤੇ ਝੋਨੇ ਨੂੰ ਆਪਣੀ ਥਾਲੀ ਵਿੱਚ ਸਜਾ ਲਿਆ ਅਤੇ ਮੋਟੇ ਅਨਾਜ ਤੋਂ ਆਪਣੇ ਆਪ ਨੂੰ ਦੂਰ ਕਰ ਦਿੱਤਾ। ਇਹ ਸਾਡੇ ਲਈ ਬਹੁਤ ਚਿੰਤਾ ਦਾ ਵਿਸ਼ਾ ਹੈ ਕਿ ਮੋਟੇ ਅਨਾਜ ਦੇ ਉਤਪਾਦਨ ਹੇਠਲਾ ਰਕਬਾ ਪਿਛਲੇ ਪੰਜ ਦਹਾਕਿਆਂ ਵਿੱਚ ਘੱਟ ਗਿਆ ਹੈ ਅਤੇ ਇਹਨਾਂ ਦੀ ਕਾਸ਼ਤ ਦੇ 44% ਰੱਕਬੇ ਤੇ ਹੋਰ ਫਸਲਾਂ ਨੇ ਕਬਜ਼ਾ ਕਰ ਲਿਆ ਹੈ। ਜੇਕਰ ਇਹ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਅਗਲੇ 50-60 ਸਾਲਾਂ ਵਿੱਚ ਮੋਟੇ ਅਨਾਜ ਸਾਡੇ ਖੇਤਾਂ ਵਿੱਚੋਂ ਅਲੋਪ ਹੋ ਜਾਣਗੇ।

ਪੰਜਾਬ ਪ੍ਰਮੱਖ ਤੌਰ ‘ਤੇ ਖੇਤੀਬਾੜੀ ਪ੍ਰਧਾਨ ਰਾਜ ਹੈ, ਜਿਸਦੀ 65% ਆਬਾਦੀ ਸਿੱਧੇ ਜਾਂ ਅਸਿੱਧੇ ਤੌਰ ‘ਤੇ ਖੇਤੀ ਨਾਲ ਸਬੰਧਤ ਹੈ। ਦੇਸ਼ ਦੇ ਕੇਂਦਰੀ ਪੂਲ ਵਿੱਚ ਪੰਜਾਬ ਦਾ ਕਣਕ (40-50%) ਅਤੇ ਝੋਨੇ (35-40%) ਵਿੱਚ ਅਹਿਮ ਯੋਗਦਾਨ ਹੈ। ਪੰਜਾਬ ਵਿੱਚ ਮੋਟੇ ਅਨਾਜਾਂ ਦੀ ਕਾਸ਼ਤ ਦੇ ਹੇਠਾਂ ਰੱਕਬਾ ਘੱਟ ਹੈ। ਅੱਜ ਹਾਲਾਤ ਇਹ ਹਨ ਕਿ ਮੋਟੇ ਅਨਾਜ ਦੀਆਂ ਕਈ ਕਿਸਮਾਂ ਅਲੋਪ ਹੋ ਗਈਆਂ ਹਨ। ਸਿਰਫ ਜਵਾਰ ਅਤੇ ਬਾਜਰੇ ਨੇ ਹੀ ਆਪਣੀ ਹੋਂਦ ਬਣਾ ਰੱਖੀ ਹੈ ਅਤੇ ਇਹਨਾਂ ਦਾ ਰੱਕਬਾ ਹੇਠ ਦਿੱਤੇ ਨਕਸ਼ੇ ਵਿੱਚ ਦਰਸ਼ਾਇਆ ਗਿਆ ਹੈ, ਪਰ ਕੰਗਨੀ, ਕੁੱਟਕੀ, ਸਵਾਂਕ, ਕੋਧਰਾ ਵਰਗੇ ਮੋਟੇ ਅਨਾਜ ਸਾਡੀ ਫ਼ਸਲ ਪ੍ਰਣਾਲੀ ਤੋਂ ਅਲੋਪ ਹੋ ਰਹੇ ਹਨ।

- Advertisement -

ਪੰਜਾਬ ਦੇ ਮੋਟੇ ਅਨਾਜ ਦੀ ਖੇਤੀ ਕਰਨ ਵਾਲੇ ਇਲਾਕੇ
ਜਿਹੜੇ ਅਨਾਜ ਨੂੰ ਅਸੀ ਹਜਾਰਾਂ ਸਾਲਾਂ ਤੋਂ ਖਾ ਰਹੇ ਸੀ, ਉਸ ਤੋਂ ਅਸੀਂ ਮੂੰਹ ਮੋੜ ਲਿਆ ਅਤੇ ਅੱਜ ਪੂਰੀ ਦੁਨੀਆ ਮੋਟੇ ਅਨਾਜ ਨੂੰ “ਸੁਪਰਫੂਡ” ਦਾ ਦਰਜਾ ਦੇ ਰਹੀ ਹੈ ਅਤੇ ਇਸ ਵੱਲ ਵਾਪਸ ਪਰਤ ਰਹੀ ਹੈ। ਮੋਟੇ ਅਨਾਜਾਂ ਵਿੱਚ ਪੌਸ਼ਟਿਕ ਤੱਤਾਂ ਦੀ ਭਰਮਾਰ ਹੈ। ਇਹਨਾਂ ਵਿੱਚ ਪ੍ਰੋਟੀਨ, ਰੇਸ਼ਾ, ਵਿਟਾਮਿਨ ਅਤੇ ਖਣਿਜ ਤੱਤਾਂ ਜਿਵੇਂ ਕੈਲਸ਼ੀਅਮ, ਲੋਹਾ, ਫਾਸਫੋਰਸ, ਪੋਟਾਸ਼ੀਅਮ, ਜਿੰਕ, ਮੈਗਨੀਸ਼ੀਅਮ ਆਦਿ ਦੀ ਚੰਗੀ ਮਾਤਰਾ ਹੈ (ਸਾਰਣੀ 1)। ਮੋਟੇ ਅਨਾਜ ਨੂੰ ਪੋਸ਼ਟਿਕ ਭੋਜਨ ਮੰਨਿਆ ਹੈ, ਇਹ ਸਰੀਰ ਵਿੱਚ ਕੋਲੇਸਟ੍ਰੋਲ ਦੇ ਪੱਧਰ ਨੂੰ ਸਥਿਰ ਕਰਨ ਵਿੱਚ, ਬੱਲਡ ਪੈ੍ਰਸ਼ਰ ਨੂੰ ਬਣਾਈ ਰੱਖਣ ਵਿੱਚ, ਖੁੂਨ ਵਿੱਚ ਗਲੂਕੋਜ਼ ਦੇ ਪੱਧਰ ਨੂੰ ਨਿਯਮਿਤ ਕਰਨ ਅਤੇ ਪਾਚਣ ਪ੍ਰਣਾਲੀ ਦੇ ਸੁਧਾਰ ਵਿੱਚ ਮਦਦ ਕਰਦਾ ਹੈ। ਮੋਟੇ ਅਨਾਜ ਗਲੂਟਨ ਰਹਿਤ ਹੁੰਦੇ ਹਨ, ਇਸ ਲਈ “ਕਣਕ ਦੀ ਐਲਰਜੀ” ਤੋਂ ਗ੍ਰਸਤ ਲੋਕ ਵੀ ਇਹਨਾਂ ਦਾ ਸੇਵਨ ਕਰ ਸਕਦੇ ਹਨ। ਮੋਟੇ ਅਨਾਜ ਦੇ ਉਤਪਾਦਨ ਵਿੱਚ ਜ਼ਿਆਦਾ ਮਸ਼ੱਕਤ ਨਹੀਂ ਕਰਨੀ ਪੈਂਦੀ ਅਤੇ ਇਹ ਅਨਾਜ ਘੱਟ ਪਾਣੀ ਅਤੇ ਘੱਟ ਉਪਜਾਊ ਜਮੀਨ ਵਿੱਚ ਵੀ ੳੁੱਗ ਜਾਂਦੇ ਹਨ, ਨਾਲ ਹੀ ਸਮਾਂ ਵੀ ਘੱਟ ਲੈਂਦੇ ਹਨ। ਜਵਾਰ, ਬਾਜਰਾ ਅਤੇ ਰਾਗੀ ਦੀ ਖੇਤੀ ਵਿੱਚ ਝੋਨੇ ਦੇ ਮੁਕਾਬਲੇ ਘੱਟ ਪਾਣੀ ਦੀ ਲੋੜ ਹੁੰਦੀ ਹੈ। ਮੋਟੇ ਅਨਾਜ ਜਲਵਾਯੂ ਤਬਦੀਲੀ ਤੋਂ ਜਿਆਦਾ ਪ੍ਰਭਾਵਿਤ ਨਹੀਂ ਹੁੰਦੇ। ਇਸ ਕਰਕੇ ਇਹਨਾਂ ਨੂੰ ਭਵਿੱਖ ਦੇ ਖਾਣ-ਪੀਣ ਦੇ ਸਰੋਤਾਂ ਵਜੋਂ ਦੇਖਿਆ ਜਾ ਰਿਹਾ ਹੈ।

ਸਾਰਣੀ 1: ਮੋਟੇ ਅਨਾਜ ਬਨਾਮ ਕਣਕ-ਝੋਨੇ ਦੇ ਪੌਸ਼ਟਿਕ ਤੱਤ

ਗ੍ਰਾਮ ਪ੍ਰਤੀ 100 ਗ੍ਰਾਮ ਵਿੱਚ ਮਿਲੀਗ੍ਰਾਮ ਪ੍ਰਤੀ 100 ਵਿੱਚ
ਪੋ੍ਰਟੀਨ ਤੇਲ ਕਾਰਬੋਹਾਈਡਰੇਟ ਖਣਿਜ਼ ਰੇਸ਼ਾ ਲ਼ੋਹਾ ਪੋਟਾਸ਼ੀਅਮ ਕੈਲਸ਼ੀਅਮ ਮੈਗਨੀਸ਼ੀਅਮ
ਕਣਕ 10.6 1.5 64.0 1.4 11.2 5.3 284 41 138
ਝੋਨਾ 7.94 0.52 78.2 0.6 2.81 0.65 229 7.49 64
ਜਵਾਰ 10.0 1.7 67.7 1.4 10.2 3.95 328 27.6 133
ਬਾਜਰਾ 11.0 5.4 61.8 1.4 11.5 8.0 307 42 137
ਰਾਗੀ 7.2 1.9 66.8 2.0 11.2 4.62 408 36.4 137
ਕੰਗਨੀ 12.3 4.3 60.9 3.3 11.4 2.8 250 31 81
ਕੋਧਰਾ 8.9 2.6 – 1.7 – 2.34 144 15.27 147
ਬੈਰੇ 12.5 1.1 70.4 1.9 9.1 0.8 113 14 153
ਸਵਾਂਕ 6.2 4.4 65.5 2.2 – 5.0 — 20 82
ਕੁੱਟਕੀ 10.4 3.9 65.6 1.3 7.7 1.26 129 16 133
ਇਹ ਡਾਟਾ ਖੋਜਾਂ ਦੇ ਅਧਾਰ ਤੇ ਦਿੱਤਾ ਗਿਆ ਹੈ।
ਮੋਟੇ ਅਨਾਜ ਨੂੰ ਦੋ ਸ਼ੇ੍ਰਣੀਆਂ ਵਿੱਚ ਵੰਡਿਆ ਗਿਆ ਹੈ, ਪ੍ਰਮੁੱਖ ਮੋਟੇ ਅਨਾਜ ਅਤੇ ਬਾਕੀ ਮੋਟੇ ਅਨਾਜ।

ਪ੍ਰਮੁੱਖ ਮੋਟੇ ਅਨਾਜ: ਗਰਮ ਅਤੇ ਖੁੱਸ਼ਕ ਮੌਸਮ, ਬਾਜਰਾ, ਜਵਾਰ ਅਤੇ ਰਾਗੀ ਦੀ ਖੇਤੀ ਲਈ ਢੁੱਕਵਾਂ ਹਨ। ਜਵਾਰ ਪਚਾਉਣ ਵਿੱਚ ਹਲਕੀ ਹੁੰਦੀ ਹੈ, ਇਸ ਲਈ ਮੁੱਖ ਤੌਰ ‘ਤੇ ਇਹ ਬੱਚਿਆ ਦੇ ਭੋਜਨ ਵਜੋਂ ਵਰਤਿਆ ਜਾਂਦਾ ਹੈ। ਇਹ ਗਲੂਟਨ ਮੁਕਤ ਅਨਾਜ ਹੈ ਅਤੇ ਉਹਨਾਂ ਲਈ ਵਰਦਾਨ ਹੈ ਜੋ ਕਣਕ ਦੀ ਐਲਰਜੀ ਤੋਂ ਗ੍ਰਸਤ ਹਨ।ਜਵਾਰ ਵਿੱਚ ਫਾਸਫੋਰਸ ਅਤੇ ਪੋਟਾਸ਼ੀਅਮ ਚੰਗੀ ਮਾਤਰਾ ਹੁੰਦੀ ਹੈ ਜੋ ਕੋਲੇਸਟ੍ਰੋਲ ਨੂੰ ਘਟਾੳਣ ਅਤੇ ਹਾਈ ਬਲੱਡ ਪ੍ਰੈਸ਼ਰ ਦੇ ਪ੍ਰਬੰਧਨ ਵਿੱਚ ਮਦਦ ਕਰਦਾ ਹੈ। ਜਵਾਰ ਵਿੱਚ ਰੇਸ਼ਾ ਵੀ ਭਰਪੂਰ ਹੁੰਦਾ ਹੈ ਜੋ ਸਾਡੀ ਪਾਚਨ ਕ੍ਰਿਆ ਵਿੱਚ ਮਦਦਗਾਰ ਹੈ।ਜਵਾਰ ਦੀ ਤਰ੍ਹਾਂ ਬਾਜਰਾ ਵੀ ਗਲੂਟਨ ਮੁਕਤ ਅਤੇ ਪੋਸ਼ਟਿਕ ਤੱਤ ਜਿਵੇਂ ਪ੍ਰੋਟੀਨ, ਰੇਸ਼ਾ, ਖਣਿਜ ਜਿਵੇਂ ਲੋਹਾ, ਕੈਲਸ਼ੀਅਮ ਅਤੇ ਮੈਗਨੀਸ਼ੀਅਮ ਨਾਲ ਭਰਪੂਰ ਹੈ। ਇਹ ਸਰੀਰ ਵਿੱਚ ਕੋਲੇਸਟ੍ਰੋਲ ਦੇ ਪੱਧਰ ਨੂੰ ਸਥਿਰ ਕਰਨ, ਸ਼ੂਗਰ ਅਤੇ ਪਥਰੀ ਦੇ ਜੋਖਮ ਨੂੰ ਘਟਾਉਣ ਵਿੱਚ ਸਹਾਇਕ ਹੈ।ਰਾਗੀ ਇੱਕ ਪੌਸ਼ਟਿਕ ਮੋਟਾ ਅਨਾਜ ਹੈ। ਇਸ ਵਿੱਚ ਕੈਲਸ਼ੀਅਮ ਦੀ ਭਰਪੂਰ ਮਾਤਰਾ ਹੁੰਦੀ ਹੈ, ਪ੍ਰਤੀ 100 ਗ੍ਰਾਮ ਰਾਗੀ ਵਿੱਚ 340-360 ਮਿਲੀਗ੍ਰਾਮ ਕੈਲਸ਼ੀਅਮ ਹੁੰਦਾ ਹੈ। ਕੈਲਸ਼ੀਅਮ ਹੱਡੀਆਂ ਨੂੰ ਮਜਬੂਤੀ ਪ੍ਰਦਾਨ ਕਰਦਾ ਹੈ। ਇਸ ਵਿੱਚ ਲੋਹਾ ਵੀ ਚੰਗੀ ਮਾਤਰਾ ਵਿੱਚ ਪਾਇਆ ਜਾਂਦਾ ਹੈ, ਜੋ ਖੂਨ ਦਾ ਮੱਖ ਤੱਤ ਹੈ। ਇਹਨਾਂ ਦਾ ਸੇਵਨ ਰਵਾਇਤੀ ਖਾਣੇ ਰੋਟੀ, ਪਾਪੜ, ਚੱਕਲੀ, ਇਡਲੀ, ਡੋਸਾ ਜਾ ਦੂਸਰੇ ਅਨਾਜਾਂ ਨਾਲ ਮਿਲਾ ਕੇ ਵੱਡਮੁਲੇ ਪਦਾਰਥ ਜਿਵੇਂ ਸੇਵੀਆਂ, ਨੂਡਲਜ਼, ਬੇਕਰੀ ਉਤਪਾਦ ਦੇ ਰੂਪ ਵਿੱਚ ਭੋਜਨ ਪ੍ਰਣਾਲੀ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ।

ਬਾਕੀ ਮੋਟੇ ਅਨਾਜ: ਜਵਾਰ, ਬਾਜਰਾ ਅਤੇ ਰਾਗੀ ਤੋਂ ਇਲਾਵਾ ਕੰਗਨੀ, ਬੈਰੀ, ਸੰਵਾਕ, ਕੋਧਰਾ, ਕੂਟਕੀ ਆਦਿ ਵੀ ਸਾਡੇ ਮੋਟੇ ਅਨਾਜਾਂ ਵਿੱਚ ਸ਼ਾਮਲ ਹਨ।ਇਹ ਵੀ ਪੋਸ਼ਟਿਕ ਤੱਤਾਂ ਵਿੱਚ ਭਰਪੂਰ ਹਨ।ਇਹਨਾਂ ਵਿੱਚ ਵੀ ਪ੍ਰਟੀਨ, ਰੇਸ਼ਾ, ਲੋਹਾ, ਕੈਲਸ਼ੀਅਮ, ਪੋਟਾਸ਼ੀਅਮ (ਸਾਰਣੀ 1) ਦੀ ਚੰਗੀ ਮਾਤਰਾ ਪਾਈ ਜਾਂਦੀ ਹੈ।ਇਹਨਾਂ ਦੀ ਵਰਤੋਂ ਵੀ ਰਵਾਇਤੀ ਖਾਣੇ ਦੇ ਨਾਲ ਬੇਕਰੀ ਉਤਪਾਦਾਂ, ਖਾਣ ਲਈ ਤਿਆਰ ਨਾਸ਼ਤੇ, ਪਾਸਤਾ, ਨੂਡਲਜ਼ ਵਿੱਚ ਵੀ ਕੀਤਾ ਜਾਂਦਾ ਹੈ।

- Advertisement -

ਅੱਜਕਲ ਦੀ ਵਿਅਸਤ ਜ਼ਿੰਦਗੀ ਨੂੰ ਰੋਗਾਂ ਤੋਂ ਦੂਰ ਰੱਖਣ ਲਈ ਸਾਨੂੰ ਆਪਣੀ ਖੁਰਾਕ ਵਿੱਚ ਮੁੱਖ ਹਿੱਸਾ ਮੋਟੇ ਅਨਾਜ ਰੱਖਣੇ ਚਾਹੀਦੇ ਹਨ, ਇਹ ਤਾਂ ਹੀ ਸੰਭਵ ਹੈ ਜੇਕਰ ਅਸੀ ਬਾਬੇ ਨਾਨਕ ਦੁਆਰਾ ਦਿਖਾਏ ਰਸਤੇ ਤੇ ਚਲ ਕੇ ਇਹਨਾਂ ਮੋਟੇ ਅਨਾਜ ਦੀ ਖੇਤੀ ਕਰੀਏ। ਆਸ ਕਰਦੇ ਹਾਂ ਕਿ ਸਾਡੇ ਕਿਸਾਨ ਵੀਰ ਇਸ ਲੇਖ ਤੋਂ ਉਤਸਾਹਿਤ ਹੋ ਕੇ, ਕੁੱਝ ਰਕਬਾ ਮੋਟੇ ਅਨਾਜ ਹੇਠ ਲਿਆ ਕੇ, ਅਪਣੇ ਅਤੇ ਆਪਣੇ ਸਮਾਜ ਦੀ ਸਿਰਜਣਾ ਵਿੱਚ ਮੱਦਦਗਾਰ ਹੋਣਗੇ।

Share this Article
Leave a comment