ਇਸ ਵੇਲੇ ਦੀ ਵੱਡੀ ਖ਼ਬਰ ਦਿੱਲੀ ਤੋਂ ਆ ਰਹੀ ਹੈ ਜਿੱਥੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੂੰ ਦਿੱਲੀ ਹਾਈ ਕੋਰਟ ਨੇ ਪਾਕਿਸਤਾਨ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਦਰਅਸਲ ਸਰਨਾ ਨੂੰ ਗੁਰਦੁਆਰਾ ਨਾਨਕ ਪਿਆਊ ਸਾਹਿਬ ਦਿੱਲੀ ਤੋਂ ਪਾਕਿਸਤਾਨ ਲਈ ਸ਼ੁਰੂ ਕੀਤੇ ਨਗਰ ਕੀਰਤਨ ਨਾਲ ਜਾਣ ਤੋਂ 31 ਅਕਤੂਬਰ ਨੂੰ ਰੋਕ ਲਿਆ ਸੀ।ਜਿਸ ਤੋਂ ਬਾਅਦ ਸਰਨਾ ਨੇ ਦਿੱਲੀ ਹਾਈ ਕੋਰਟ ਰਾਹੀਂ ਪਾਕਿਸਤਾਨ ਜਾਣ ਲਈ ਕਾਨੂੰਨੀ ਮਨਜ਼ੂਰੀ ਹਾਸਲ ਕਰ ਲਈ ਹੈ। ਇਸ ਬਾਰੇ ਜਦੋਂ ਸਾਡੇ ਸਹਿਯੋਗੀ ਪੱਤਰਕਾਰ ਨੇ ਪਰਮਜੀਤ ਸਿੰਘ ਸਰਨਾ ਦੇ ਨਾਲ ਫੋਨ ‘ਤੇ ਗੱਲ ਕੀਤੀ ਤਾਂ ਸਰਨਾ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ। ਸ਼ਰਨਾ ਨੇ ਕਿਹਾ ਕਿ ਉਸ ਨੂੰ ਪਾਕਿਸਤਾਨ ਜਾਣ ‘ਤੇ ਬਾਦਲਾਂ ਨੇ ਰੋਕਾਂ ਲਾਈਆਂ ਅਤੇ ਇਹ ਸਾਰੇ ਗੁਰੂਘਰ ਦੇ ਦੋਸ਼ੀ ਹਨ ਅਤੇ ਇਨ੍ਹਾਂ ਨੂੰ ਗੁਰੂ ਸਾਹਿਬ ਨਹੀਂ ਬਖਸ਼ਣਗੇ।
ਦੱਸ ਦਈਏ ਕਿ ਜਦੋਂ ਇਸ ਮਾਮਲੇ ‘ਚ ਪਰਮਜੀਤ ਸਿੰਘ ਸਰਨਾ ਦੇ ਖ਼ਿਲਾਫ ਸ਼ਿਕਾਇਤ ਦਰਜ ਕਰਵਾਉਣ ਵਾਲੇ ਕੁਲਦੀਪ ਸਿੰਘ ਭੋਗਲ ਦੇ ਨਾਲ ਫੋਨ ‘ਤੇ ਗੱਲ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਸਰਨਾ ਨੂੰ 5 ਲੱਖ ਰੁਪਏ ਦਾ ਬੌਡ ਭਰ ਕੇ ਅਤੇ 16 ਨਵੰਬਰ ਤੱਕ ਪਾਕਿਸਤਾਨ ਤੋਂ ਵਾਪਸ ਪਰਤਣ ਦੀ ਸ਼ਰਤ ‘ਤੇ ਇਜਾਜ਼ਤ ਦਿੱਤੀ ਹੈ । ਭੋਗਲ ਨੇ ਦੋਸ਼ ਲਾਇਆ ਕਿ ਸਰਨਾ ਨੇ ਗੁਰੂ ਦੀ ਗੋਲਕ ਚੋਰੀ ਕੀਤੀ ਹੈ।
ਦਿੱਲੀ ਹਾਈ ਕੋਰਟ ਵੱਲੋਂ ਇਜਾਜ਼ਤ ਮਿਲਣ ਤੋਂ ਬਾਅਦ ਸਰਨਾ ਦਾ ਕਹਿਣਾ ਹੈ ਕਿ ਇਸ ਫ਼ੈਸਲੇ ਨਾਲ ਜਿੱਥੇ ਵਿਰੋਧੀਆਂ ਨੂੰ ਇਕ ਹੋਰ ਵੱਡਾ ਝਟਕਾ ਲੱਗਾ ਹੈ ਉਥੇ ਹੀ ਉਨ੍ਹਾਂ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ 550 ਸਾਲਾ ਪ੍ਰਕਾਸ਼ ਪੁਰਬ ‘ਚ ਸ਼ਮੂਲੀਅਤ ਕਰਨ ਲਈ ਆਪ ਸੱਦਾ ਦਿੱਤਾ ਹੈ। ਸਰਨਾ ਹੁਣ 7 ਨਵੰਬਰ ਨੂੰ ਅਟਾਰੀ-ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ‘ਚ ਸ਼ਤਾਬਦੀ ਸਮਾਗਮਾਂ ‘ਚ ਸ਼ਮੂਲੀਅਤ ਕਰਨ ਲਈ ਜਾਣਗੇ।