ਨਵੀਂ ਦਿੱਲੀ :- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਹਰਮੀਤ ਸਿਘ ਕਾਲਕਾ ਦੀ ਅਗਵਾਈ ਹੇਠ ਕਮੇਟੀ ਦੇ ਇਕ ਉੱਚ ਪੱਧਰੀ ਵਫ਼ਦ ਨੇ 26 ਜਨਵਰੀ ਦੇ ਕਿਸਾਨ ਗਣਤੰਤਰ ਦਿਵਸ ਪਰੇਡ ਮੌਕੇ ਤੇ ਇਸ ਮਗਰੋਂ ਗਿ੍ਫ਼ਤਾਰ ਕੀਤੇ 43 ਨੌਜਵਾਨਾਂ ਨਾਲ ਮੁਲਾਕਾਤ ਕੀਤੀ ਤੇ ਐਲਾਨ ਕੀਤਾ ਕਿ ਕਿਸਾਨ ਸੰਘਰਸ਼ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਹਰ ਕਿਸਾਨ ਦਾ ਕੇਸ ਦਿੱਲੀ ਕਮੇਟੀ ਲੜੇਗੀ।
ਜਾਣਕਾਰੀ ਦਿੰਦਿਆਂ ਬਾਹਰ ਮਨਜਿੰਦਰ ਸਿੰਘ ਸਿਰਸਾ ਤੇ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਉਨ੍ਹਾਂ ਨੇ ਸਾਰੇ 43 ਨੌਜਵਾਨਾਂ ਨਾਲ ਮੁਲਾਕਾਤ ਕੀਤੀ ਹੈ ਤੇ ਸਾਰੇ ਨੌਜਵਾਨ ਚੜ੍ਹਦੀ ਕਲਾ ‘ਚ ਹਨ। ਇਨ੍ਹਾਂ ‘ਚ ਰਣਜੀਤ ਸਿੰਘ ਵੀ ਸ਼ਾਮਲ ਹੈ ਜਿਸ ‘ਤੇ ਅੰਨਾ ਤਸ਼ੱਦਦ ਢਾਹਿਆ ਗਿਆ। ਮਨਜਿੰਦਰ ਸਿੰਘ ਨੇ ਕਿਹਾ ਕਿ ਇਨ੍ਹਾਂ ਸਾਰੇ ਨੌਜਵਾਨਾਂ ਦੇ ਵਕਾਲਤਨਾਮੇ ਲੈ ਲਏ ਹਨ ਤੇ ਦਿੱਲੀ ਗੁਰਦੁਆਰਾ ਕਮੇਟੀ ਇਨ੍ਹਾਂ ਸਾਰਿਆਂ ਦਾ ਕੇਸ ਆਪ ਲੜੇਗੀ।
ਇਸਤੋਂ ਇਲਾਵਾ ਮਨਜਿੰਦਰ ਸਿੰਘ ਨੇ ਦੱਸਿਆ ਕਿ ਕੇਸਾਂ ਦੀ ਪੈਰਵਾਈ ਕਰਨ ਲਈ ਕਮੇਟੀ ਨੇ ਵਕੀਲਾਂ ਦਾ ਇਕ ਵਿਸ਼ੇਸ਼ ਪੈਨਲ ਬਣਾਇਆ ਹੈ ਜਿਸ ‘ਚ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਨਾਲ-ਨਾਲ ਸਥਾਨਕ ਅਦਾਲਤਾਂ ਦੇ ਵਕੀਲ ਵੀ ਸ਼ਾਮਲ ਕੀਤੇ ਗਏ ਹਨ। ਮਨਜਿੰਦਰ ਸਿੰਘ ਨੇ ਕਿਹਾ ਕਿ ਅਦਾਲਤੀ ਤੇ ਕਾਨੂੰਨੀ ਕੇਸਾਂ ਦੇ ਨਾਲ-ਨਾਲ ਅਸੀਂ ਇਸ ਸੰਘਰਸ਼ ਵਿਚ ਜ਼ਖ਼ਮੀ ਹੋਏ ਨੌਜਵਾਨਾਂ ਦੀ ਸ਼ਨਾਖ਼ਤ ਵਾਸਤੇ ਵੀ ਇਕ ਟੀਮ ਤਿਆਰ ਕੀਤੀ ਹੈ। ਇਸ ਟੀਮ ਨੇ ਕੱਲ੍ਹ ਹਸਪਤਾਲਾਂ ਦਾ ਦੌਰਾ ਕੀਤਾ ਸੀ ਜਿਸ ਦੌਰਾਨ ਸਿਰਫ਼ ਇਕ ਹਸਪਤਾਲ ਸੈਂਟ ਸਟੀਫਨ ‘ਚ ਇਕ ਫੱਟੜ ਨੌਜਵਾਨ ਮਿਲਿਆ ਸੀ ।