ਦਿੱਲੀ ਏਮਜ਼ ਦਾ ਇੱਕ ਡਾਕਟਰ ਵੀ ਆਇਆ ਕੋਰੋਨਾਵਾਇਰਸ ਦੀ ਲਪੇਟ ਵਿੱਚ

TeamGlobalPunjab
2 Min Read

ਨਵੀਂ ਦਿੱਲੀ : ਦੇਸ਼ ਵਿੱਚ ਕੋਰੋਨਾਵਾਇਰਸ (ਕੋਵਿਡ-19) ਦੇ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਇੱਥੋਂ ਤੱਕ ਕਿ ਦੇਸ਼ ਦੇ ਕਈ ਡਾਕਟਰ ਤੇ ਸਿਹਤ ਕਰਮਚਾਰੀ ਵੀ ਇਸ ਦੀ ਲਪੇਟ ਵਿੱਚ ਆ ਚੁੱਕੇ ਹਨ। ਇਸ ਵਿੱਚ ਹੀ ਹੁਣ ਦਿੱਲੀ ਦੇ ਏਮਜ਼ ਹਸਪਤਾਲ ਦੇ ਇੱਕ ਰਿਹਾਇਸ਼ੀ ਡਾਕਟਰ ਵਿੱਚ ਕੋਰੋਨਾਵਾਇਰਸ ਦੇ ਲੱਛਣ ਪਾਏ ਗਏ ਹਨ। ਉਕਤ ਡਾਕਟਰ ਨੇ ਕੋਈ ਵਿਦੇਸ਼ ਯਾਤਰਾ ਵੀ ਨਹੀਂ ਕੀਤੀ ਹੈ। ਡਾਕਟਰ ਦੇ ਸੰਪਰਕ ਵਿੱਚ ਆਉਣ ਵਾਲੇ ਸਾਰੇ ਲੋਕਾਂ ਨੂੰ ਅਲੱਗ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਦਿੱਲੀ ਦੇ 6 ਡਾਕਟਰ ਕੋਰੋਨਾਵਾਇਰਸ ਦੀ ਲਪੇਟ ਵਿੱਚ ਆ ਚੁੱਕੇ ਹਨ।

ਬੀਤੇ ਬੁੱਧਵਾਰ ਦਿੱਲੀ ਦੇ ਸਰਦਾਰ ਪਟੇਲ ਹਸਪਤਾਲ ਦਾ ਇੱਕ ਡਾਕਟਰ ਕੋਰੋਨਾ ਨਾਲ ਸੰਕਰਮਿਤ ਪਾਇਆ ਗਿਆ ਸੀ। ਇਸ ਤੋਂ ਇਲਾਵਾ ਉਸ ਦਿਨ ਹੀ ਦਿੱਲੀ ਸਟੇਟ ਕੈਂਸਰ ਇੰਸਟੀਚਿਊਟ ਦੇ ਇੱਕ ਡਾਕਟਰ ਵਿੱਚ ਵੀ ਕੋਰੋਨਾ ਦੇ ਲੱਛਣ ਪਾਏ ਗਏ ਸਨ। ਦੱਸ ਦਈਏ ਕਿ ਉਕਤ ਡਾਕਟਰ ਨੇ ਵੀ ਕੋਈ ਵਿਦੇਸ਼ ਯਾਤਰਾ ਨਹੀਂ ਕੀਤੀ ਸੀ ਅਤੇ ਨਾ ਹੀ ਉਹ ਕੋਰੋਨਾ ਸੰਕਰਮਿਤ ਮਰੀਜ਼ਾਂ ਦਾ ਇਲਾਜ ਕਰ ਰਿਹਾ ਸੀ। ਮਿਲੀ ਜਾਣਕਾਰੀ ਅਨੁਸਾਰ ਉਕਤ ਡਾਕਟਰ ਦਾ ਭਰਾ ਕੁਝ ਦਿਨ ਪਹਿਲਾਂ ਹੀ ਇੰਗਲੈਂਡ ਤੋਂ ਪਰਤਿਆ ਸੀ।

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਦਿੱਲੀ ਦੇ ਬਾਬਰਪੁਰ ਤੇ ਮੌਜਪੁਰ ਦੇ ਮੁਹੱਲਾ ਕਲੀਨਿਕਾਂ ਦੇ ਡਾਕਟਰ ਵੀ ਕੋਰੋਨਾ ਨਾਲ ਸੰਕਰਮਿਤ ਪਾਏ ਗਏ ਸਨ। ਡਾਕਟਰ ਦੇ ਸੰਪਰਕ ਵਿੱਚ ਆਉਣ ਵਾਲੇ ਸਾਰੇ ਲੋਕਾਂ ਨੂੰ ਕੰਵਾਰਟੀਨ ਕਰ ਦਿੱਤਾ ਗਿਆ ਹੈ। ਮੌਜਪੁਰ ਦੇ ਮੁਹੱਲਾ ਕਲੀਨਿਕ ਦਾ ਡਾਕਟਰ ਦੁਬਈ ਤੋਂ ਵਾਪਸ ਪਰਤੀ ਇੱਕ ਮਹਿਲਾ ਦੇ ਸੰਪਰਕ ਵਿੱਚ ਆਇਆ ਸੀ। ਦੇਸ਼ ਵਿੱਚ ਹੁਣ ਤੱਕ ਕੋਰੋਨਾ ਦੇ 2200 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਵਿਚੋਂ 55 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ।

Share this Article
Leave a comment