ਵਰਲਡ ਡੈਸਕ :- ਵਿਸ਼ਵ ਸਿਹਤ ਸੰਗਠਨ ਦੇ ਮੁਖੀ ਟੈਡਰੋਸ ਨੇ ਵਿਸ਼ਵ ਪੱਧਰ ‘ਤੇ ਕੋਰੋਨਾ ਦੇ ਨਵੇਂ ਮਾਮਲਿਆਂ ‘ਚ ਆ ਰਹੀ ਗਿਰਾਵਟ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਹ ਘਾਤਕ ਵਾਇਰਸ ਕਾਬੂ ‘ਚ ਆ ਸਕਦਾ ਹੈ। ਦੱਸਣਯੋਗ ਹੈ ਕਿ ਦਸੰਬਰ 2019 ‘ਚ ਕੋਰੋਨਾ ਦਾ ਪਹਿਲਾ ਮਾਮਲਾ ਚੀਨ ਦੇ ਵੁਹਾਨ ਸ਼ਹਿਰ ‘ਚ ਮਿਲਿਆ ਸੀ। ਇਸ ਪਿੱਛੋਂ ਇਹ ਵਾਇਰਸ ਪੂਰੀ ਦੁਨੀਆ ‘ਚ ਫੈਲ ਗਿਆ ਸੀ। ਵਿਸ਼ਵ ਭਰ ‘ਚ ਹੁਣ ਤਕ 10 ਕਰੋੜ 30 ਲੱਖ ਤੋਂ ਜ਼ਿਆਦਾ ਮਾਮਲੇ ਮਿਲੇ ਹਨ ਜਦਕਿ 22 ਲੱਖ ਤੋਂ ਜ਼ਿਆਦਾ ਪੀੜਤਾਂ ਦੀ ਮੌਤ ਹੋਈ ਹੈ।
ਜਾਣਕਾਰੀ ਦਿੰਦਿਆਂ ਡਬਲਯੂਐੱਚਓ ਡਾਇਰੈਕਟਰ ਜਨਰਲ ਟੈਡਰੋਸ ਨੇ ਬੀਤੇ ਸੋਮਵਾਰ ਨੂੰ ਕਿਹਾ ਕਿ ਵਿਸ਼ਵ ‘ਚ ਕੋਰੋਨਾ ਦੇ ਨਵੇਂ ਮਾਮਲਿਆਂ ‘ਚ ਲਗਾਤਾਰ ਤੀਜੇ ਹਫ਼ਤੇ ਗਿਰਾਵਟ ਦਰਜ ਕੀਤੀ ਗਈ ਹੈ। ਕਈ ਦੇਸ਼ਾਂ ‘ਚ ਹੁਣ ਵੀ ਵਾਧਾ ਦੇਖਿਆ ਜਾ ਰਿਹਾ ਹੈ ਪ੍ਰੰਤੂ ਵਿਸ਼ਵ ਪੱਧਰ ‘ਤੇ ਕਮੀ ਆ ਰਹੀ ਹੈ। ਇਹ ਉਤਸ਼ਾਹਜਨਕ ਹੈ। ਇਸ ਦੇ ਕੋਲ ਹੀ ਉਨ੍ਹਾਂ ਨੇ ਸਰਕਾਰਾਂ ਨੂੰ ਆਗਾਹ ਕੀਤਾ ਕਿ ਅਜੇ ਸਾਵਧਾਨੀ ਰੱਖਣ ਦੀ ਲੋੜ ਹੈ। ਸਭ ਕੁਝ ਖੋਲ੍ਹਣ ‘ਚ ਬਹੁਤ ਜਲਦਬਾਜ਼ੀ ਨਾ ਦਿਖਾਈ ਜਾਏ ਕਿਉਂਕਿ ਮਹਾਮਾਰੀ ਦੁਬਾਰਾ ਵੱਧ ਸਕਦੀ ਹੈ। ਕਈ ਦੇਸ਼ਾਂ ‘ਚ ਇਨਫੈਕਸ਼ਨ ਦੀ ਰੋਕਥਾਮ ਲਈ ਲਾਕਡਾਊਨ ਵਰਗੇ ਉਪਾਅ ਅਪਣਾਏ ਗਏ ਹਨ।
ਡਬਲਯੂਐੱਚਓ ਨੇ ਬੀਤੇ ਸੋਮਵਾਰ ਨੂੰ ਦੱਸਿਆ ਕਿ ਕੋਰੋਨਾ ਵਾਇਰਸ ਦਾ ਬਿ੍ਟਿਸ਼ ਵੈਰੀਏਂਟ ਦੁਨੀਆ ਦੇ 82 ਦੇਸ਼ਾਂ ‘ਚ ਪਹੁੰਚ ਚੁੱਕਿਆ ਹੈ ਜਦਕਿ ਦੱਖਣੀ ਅਫਰੀਕੀ ਵੈਰੀਏਂਟ ਕਰੀਬ 40 ਦੇਸ਼ਾਂ ‘ਚ ਦਸਤਕ ਦੇ ਚੁੱਕਿਆ ਹੈ। ਡਬਲਯੂਐੱਚਓ ‘ਚ ਕੋਰੋਨਾ ਮਾਮਲਿਆਂ ਦੀ ਇੰਚਾਰਜ ਮਾਰੀਆ ਵੈਨ ਕੇਰਖੋਵ ਨੇ ਦੱਸਿਆ ਕਿ ਬ੍ਰਾਜ਼ੀਲ ਵੈਰੀਏਂਟ 9 ਦੇਸ਼ਾਂ ਤਕ ਫੈਲ ਚੁੱਕਾ ਹੈ। ਇਸ ਦੌਰਾਨ, ਅਮਰੀਕਾ ‘ਚ ਨਵੇਂ ਵੈਰੀਏਂਟ ਦੇ 471 ਮਾਮਲਿਆਂ ਦੀ ਪੁਸ਼ਟੀ ਕੀਤੀ ਗਈ।
ਦੱਸ ਦਈਏ ਅਮਰੀਕਾ ‘ਚ ਕੋਰੋਨਾ ਨਾਲ ਮੁਕਾਬਲੇ ਲਈ ਨਵਾਂ ਕਦਮ ਚੁੱਕਿਆ ਗਿਆ ਹੈ। ਜਨਤਕ ਟਰਾਂਸਪੋਰਟ ‘ਚ ਸਭ ਲਈ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਅਮਰੀਕੀ ਸੈਂਟਰਸ ਫਾਰ ਡਿਜ਼ੀਜ਼ ਕੰਟਰੋਲ ਐਂਡ ਪਿ੍ਰਵੈਂਸ਼ਨ ਨੇ ਇਹ ਆਦੇਸ਼ ਜਾਰੀ ਕੀਤਾ ਹੈ। ਦੁਨੀਆ ‘ਚ ਕੋਰੋਨਾ ਮਹਾਮਾਰੀ ਤੋਂ ਸਭ ਤੋਂ ਜ਼ਿਆਦਾ ਜੂਝ ਰਹੇ ਅਮਰੀਕਾ ‘ਚ ਹੁਣ ਤਕ ਕੁਲ 2 ਕਰੋੜ 63 ਲੱਖ ਤੋਂ ਜ਼ਿਆਦਾ ਕੋਰੋਨਾ ਪ੍ਰਭਾਵਿਤ ਮਰੀਜ਼ ਮਿਲੇ ਤੇ ਚਾਰ ਲੱਖ 43 ਹਜ਼ਾਰ ਤੋਂ ਜ਼ਿਆਦਾ ਦੀ ਮੌਤ ਹੋਈ ਹੈ।
ਇਸਤੋਂ ਇਲਾਵਾ ਬ੍ਰਾਜ਼ੀਲ ‘ਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 2 ਲੱਖ 25 ਹਜ਼ਾਰ ਤੋਂ ਜ਼ਿਆਦਾ ਹੋ ਗਈ। ਕੁਲ 92 ਲੱਖ ਤੋਂ ਜ਼ਿਆਦਾ ਕੇਸ ਮਿਲੇ ਹਨ ਤੇ ਰੂਸ ‘ਚ 16 ਹਜ਼ਾਰ 643 ਨਵੇਂ ਕੋਰੋਨਾ ਮਰੀਜ਼ ਮਿਲਣ ਨਾਲ ਕੋਰੋਨਾ ਮਰੀਜ਼ਾਂ ਦੀ ਗਿਣਤੀ 38 ਲੱਖ 84 ਹਜ਼ਾਰ ਤੋਂ ਜ਼ਿਆਦਾ ਹੋ ਗਈ। 74 ਹਜ਼ਾਰ 158 ਰੋਗੀਆਂ ਦੀ ਜਾਨ ਗਈ ਹੈ।