ਜਿਹੜੀ ਕੌਮ ਮਰਦੀ ਵੀ ਸਾਂਝੀ ਨਹੀਂ… ਭਾਈ ਖਾਲਸਾ

TeamGlobalPunjab
7 Min Read

-ਜਗਤਾਰ ਸਿੰਘ ਸਿੱਧੂ

ਭਾਈ ਨਿਰਮਲ ਸਿੰਘ ਖਾਲਸਾ ਸ੍ਰੀ ਹਰਿਮੰਦਰ ਸਾਹਿਬ, ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਦਾ ਦੇਹਾਂਤ ਜਿੱਥੇ ਦੁਨੀਆ ਭਰ ਵਿੱਚ ਬੈਠੇ ਪੰਜਾਬੀ/ਸਿੱਖ ਭਾਈਚਾਰੇ ਨੂੰ ਬਹੁਤ ਵੱਡਾ ਸਦਮਾ ਦੇ ਗਿਆ ਹੈ, ਉਥੇ ਇਸ ਭਾਈਚਾਰੇ ਦੇ ਸਦੀਆਂ ਤੋਂ ਚੱਲੇ ਆ ਰਹੇ ਸ਼ਾਨਾਮੱਤੇ ਮਾਨਵੀ ਵਰਤਾਰੇ ਬਾਰੇ ਵੀ ਬਹੁਤ ਵੱਡਾ ਸੁਆਲ ਖੜ੍ਹਾ ਕਰ ਗਿਆ ਹੈ। ਭਾਈ ਨਿਰਮਲ ਸਿੰਘ ਖਾਲਸਾ ਨੇ ਕਿਸੇ ਸਮੇਂ ਮੀਡੀਆ ਨਾਲ ਮੁਲਾਕਾਤ ਵਿੰਚ ਕਿਹਾ ਸੀ, “ਜਿਸ ਕੌਮ ਦੇ ਕਬਰਸਤਾਨ ਸਾਂਝੇ ਨਹੀਂ…ਜਿਹੜੀ ਕੌਮ ਮਰਦੀ ਵੀ ਸਾਂਝੀ ਨਹੀ, ਉਹ ਸਿੱਖੀ ਦਾ ਬੋਲਬਾਲਾ ਕਿਵੇਂ ਕਾਇਮ ਰੱਖੇਗੀ?” ਜਿਹੜੇ ਹਜ਼ੂਰੀ ਰਾਗੀ ਭਾਈ ਖਾਲਸਾ ਨੇ ਆਪਰੇਸ਼ਨ ਬਲੈਕ ਥੰਡਰ  ਵੇਲੇ ਵਰਦੀਆਂ ਗੋਲੀਆਂ ਵਿੱਚ ਸ੍ਰੀ ਦਰਬਾਰ ਸਾਹਿਬ 9 ਘੰਟੇ ਕੀਰਤਨ ਦੀ ਸੇਵਾ ਕੀਤੀ ਹੋਵੇ ਅਤੇ ਅਰਦਾਸ ਕਰਕੇ ਗੋਲੀਆਂ ਦੀ ਬੁਛਾਰ ਵਿੱਚ ਬਾਹਰ ਨਿਕਲੇ ਹੋਣ, ਮੌਜੂਦਾ ਸਿਸਟਮ ਦਾ ਵਰਤਾਰਾ ਦੇਖੋ ਕਿ ਸ਼ਮਸ਼ਾਨ ਘਾਟ ‘ਚ ਉਨ੍ਹਾਂ ਦੀ ਦੇਹ ਨੂੰ ਸਸਕਾਰ ਲਈ ਜਗ੍ਹਾ ਵੀ ਨਹੀਂ ਮਿਲੀ। ਉਨ੍ਹਾਂ ਨੂੰ ਇਹ ਅਹਿਸਾਸ ਤਾਂ ਸੀ ਕਿ ਜਿਹੜੀ ਕੌਮ ਕਬਰਸਤਾਨ ਵੰਡੀ ਬੈਠੀ ਹੈ, ਉਹ ਸਿੱਖੀ ਦਾ ਬੋਲਬਾਲਾ ਕਿਵੇਂ ਕਾਇਮ ਰੱਖ ਸਕੇਗੀ? ਸਾਡੇ ਭਾਈਚਾਰੇ ਦੀਆਂ ਵਿਰਸੇ ਵਿੱਚ ਮਿਲੀਆਂ ਸ਼ਾਨਦਾਰ ਰਵਾਇਤਾਂ ਅਤੇ ਸਾਂਝਾ ਹਨ। ਇਸ ਕੋਰੋਨਾਵਾਇਰਸ ਦੀ ਮਹਾਮਾਰੀ ਦੇ ਸਮੇਂ ਵਿੱਚ ਵੀ ਸਾਡੀਆਂ ਬਹੁਤ ਸਾਰੀਆਂ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਨੇ ਲੰਗਰ ਦੀ ਸੇਵਾ ਸੰਭਾਲੀ ਹੋਈ ਹੈ। ਹਰ ਰੋਜ਼ ਹਜ਼ਾਰਾਂ ਲੋੜਵੰਦਾਂ ਨੂੰ ਲੰਗਰ ਛਕਾਇਆ ਜਾ ਰਿਹਾ ਹੈ। ਦੇਸ਼ ਅਤੇ ਵਿਦੇਸ਼ ਵਿੱਚ ਇਸ ਸੇਵਾ ਦੀ ਸ਼ਲਾਘਾ ਵੀ ਹੋਈ ਹੈ। ਇਹ ਸਭ ਕਾਸੇ ਦੇ ਬਾਵਜੂਦ ਵਿਰਾਸਤ ਦੀਆਂ ਦਾਅਵੇਦਾਰ ਧਿਰਾਂ ਦੇ ਲੋਕ ਭਾਈ ਖਾਲਸਾ ਦੀ ਦੇਹ ਨੂੰ ਕੰਧਾ ਵੀ ਨਾ ਦੇ ਸਕੇ। ਭਾਈ ਖਾਲਸਾ ਦੀ ਦੇਹ ਦੇ ਅੰਤਿਮ ਸਸਕਾਰ ਦਾ ਪਤਾ ਲੱਗਦੇ ਹੀ ਸ਼ਮਸ਼ਾਨ ਘਾਟ ਨੂੰ ਜਿੰਦਰੇ ਵੱਜ ਗਏ। ਅਫਸੋਸ ਤਾਂ ਇਹ ਹੈ ਕਿ ਇਸ ਮਾਮਲੇ ਨਾਲ ਜੁੜੀਆਂ ਜ਼ਿੰਮੇਵਾਰ ਧਿਰਾਂ ਭਾਈ ਖਾਲਸਾ ਦੇ ਸਸਕਾਰ ‘ਚ ਪਏ ਅੜਿੱਕਿਆਂ ‘ਤੇ ਵੀ ਰਾਜਸੀ ਰੋਟੀਆਂ ਸੇਕ ਰਹੀਆਂ ਹਨ। ਅਕਾਲੀ ਦਲ ਦੇ ਕਈ ਨੇਤਾ ਇਹ ਆਖ ਰਹੇ ਹਨ ਕਿ ਭਾਈ ਖਾਲਸਾ ਦੀ ਮੌਤ ਸਰਕਾਰੀ ਇਲਾਜ ਵਿੱਚ ਅਣਗਹਿਲੀ ਕਾਰਨ ਹੋਈ ਹੈ। ਭਾਈ ਖਾਲਸਾ ਦੇ ਸਸਕਾਰ ਦੀ ਘੋਰ ਬੇਅਦਬੀ ਲਈ ਸਬੰਧਤ ਅਧਿਕਾਰੀਆਂ ਵਿਰੁੱਧ ਕਾਰਵਾਈ ਦੀ ਵੀ ਮੰਗ ਕੀਤੀ ਜਾ ਰਹੀ ਹੈ। ਸਿਹਤ ਮੰਤਰੀ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ। ਇਨ੍ਹਾਂ ਆਗੂਆਂ ਵੱਲੋਂ ਐਡੀ ਵੱਡੀ ਹਸਤੀ ਦੇ ਇਲਾਜ ਲਈ ਸਰਕਾਰ ਦੀ ਨਲਾਇਕੀ ਬਾਰੇ ਸੁਆਲ ਉਠਾਉਣ ‘ਤੇ ਕਿਸੇ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ। ਸਗੋਂ ਦੇਸ਼ ਵਿਦੇਸ਼ ਤੋਂ ਸਾਡੇ ਅਦਾਰੇ ਨੂੰ ਕਈ ਫੋਨ ਤੇ ਸੁਨੇਹੇ ਆਏੇ ਹਨ ਕਿ ਭਾਈ ਖਾਲਸਾ ਦੀ ਮੌਤ ਦੇ ਮਾਮਲੇ ਵਿੱਚ ਉੱਚ ਪੱਧਰੀ ਜਾਂਚ ਹੋਵੇ ਤਾਂ ਜੋ ਸੱਚਾਈ ਸਾਹਮਣੇ ਆ ਸਕੇ। ਸੁਆਲ ਤਾਂ ਇਹ ਵੀ ਉੱਠਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਆਪਣਾ ਅੰਮ੍ਰਿਤਸਰ ਮੈਡੀਕਲ ਹਸਪਤਾਲ ਹੈ ਪਰ ਭਾਈ ਖਾਲਸਾ ਨੂੰ ਉੱਥੋਂ ਸਰਕਾਰੀ ਪ੍ਰਬੰਧ ਹੇਠ ਕਿਉਂ ਭੇਜ ਦਿੱਤਾ ਗਿਆ? ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਾਂ ਸੀਨੀਅਰ ਆਗੂ ਫੌਰੀ ਤੌਰ ‘ਤੇ ਭਾਈ ਖਾਲਸਾ ਦੇ ਪਰਿਵਾਰ ਕੋਲ ਬਿਮਾਰੀ ਦੀ ਹਾਲਤ ਵਿੱਚ ਮਦਦ ਲਈ ਪੁੱਜਾ? ਅਕਾਲੀ ਦਲ ਦੇ ਕਿਹੜੇ ਸੀਨੀਅਰ ਨੇਤਾ ਨੇ ਬਿਪਤਾ ਦੀ ਘੜੀ ਵਿੱਚ ਪਰਿਵਾਰ ਨਾਲ ਮਦਦ ਲਈ ਸੰਪਰਕ ਕੀਤਾ? ਭਾਈ ਖਾਲਸਾ ਦੇ ਪਰਿਵਾਰ ਵੱਲੋਂ ਇਲਾਜ ਵਿੱਚ ਹੋਈ ਅਣਗਹਿਲੀ ਬਾਰੇ ਤਾਂ ਬਿਆਨ ਇਲੈਕਟ੍ਰੋਨਿਕ ਅਤੇ ਪ੍ਰਿੰਟ ਮੀਡੀਆ ਵਿੱਚ ਬਹੁਤ ਘੁੰਮ ਰਹੇ ਹਨ। ਇਨ੍ਹਾਂ ਬਿਆਨਾਂ ਦੇ ਆਧਾਰ ‘ਤੇ ਤਾਂ ਟੀਵੀ ਚੈੱਨਲਾਂ ਦੇ ਐਂਕਰ ਵੀ ਸਰਕਾਰ ਦੀ ਛਿੱਲ ਲਾਹ ਰਹੇ ਹਨ। ਜੇਕਰ ਆਗੂਆਂ ਨੇ ਚੈੱਨਲਾਂ ਦੀ ਰਿਕਾਰਡਿੰਗ ਸੁਣ ਕੇ ਹੀ ਭਾਈ ਖਾਲਸਾ ਦੇ ਦੁਖਾਂਤ ‘ਤੇ ਮਗਰਮੱਛ ਦੇ ਹੰਝੂ ਕੇਰਨੇ ਹਨ ਤਾਂ ਇਸ ਤਰ੍ਹਾਂ ਦੀ ਸੰਜੀਦਗੀ ਬਾਰੇ ਹੋਰ ਕੁਝ ਕਹਿਣ ਲਈ ਸ਼ਬਦ ਲੱਭਣੇ ਵੀ ਔਖੇ ਹਨ। ਦੂਜੇ ਪਾਸੇ ਸਰਕਾਰ ਦੀ ਸਥਿਤੀ ਤਾਂ ਇਹ ਹੈ ਕਿ ਹੋ ਸਕਦੈ ਹੈ ਕਿ ਭਾਈ ਖਾਲਸਾ ਦੇ ਇਸ ਦੁਨੀਆ ਵਿਚੋਂ ਤੁਰ ਜਾਣ ਤੋਂ ਬਾਅਦ ਹੀ ਪਤਾ ਲੱਗਿਆ ਹੋਵੇ ਕਿ ਇਹ ਭਾਣਾ ਵਾਪਰ ਗਿਆ। ਜਿਹੜੀ ਸਰਕਾਰ ਦੇ ਡਾਕਟਰ ਅਤੇ ਨਰਸਾਂ ਵੀ ਪੀਪੀਈ (ਲੋੜੀਂਦਾ ਸੁਰੱਖਿਆ ਸਮਾਨ) ਨਾ ਮਿਲਣ ਕਰਕੇ ਅਸੁਰੱਖਿਅਤ ਮਹਿਸੂਸ ਕਰ ਰਹੇ ਹੋਣ। ਭਾਈ ਖਾਲਸਾ ਦੇ ਇਲਾਜ ਵਿੱਚ ਅਣਗਹਿਲੀ ਨੂੰ ਲੈ ਕੇ ਗੰਭੀਰ ਖਦਸ਼ੇ ਉਠਣੇ ਸੁਭਾਵਿਕ ਹਨ। ਉਂਝ ਜਿਸ ਦੇਸ਼ ਦਾ ਪ੍ਰਧਾਨ ਮੰਤਰੀ ਲੋਕਾਂ ਨੂੰ ਮਹਾਮਾਰੀ ਦੇ ਟਾਕਰੇ ਲਈ ਸੁਰੱਖਿਆ ਕਦਮਾਂ ਦੀ ਜਾਣਕਾਰੀ ਦੇਣ ਦੀ ਥਾਂ ਮੋਮਬੱਤੀਆਂ ਜਗਾਉਣ ਦਾ ਸੱਦਾ ਦੇ ਰਿਹਾ ਹੋਵੇ, ਉਸ ਦੇਸ਼ ਦੇ ਲੋਕ ਬਾਲਕੋਨੀਆਂ ਵਿੱਚ ਖੜ੍ਹੇ ਹੋ ਕੇ ਮੋਮਬੱਤੀਆਂ ਜਗਾ ਕੇ ਆਪਣੀ ਸੁਰੱਖਿਆ ਲਈ ਦੁਆ ਹੀ ਮੰਗ ਸਕਦੇ ਹਨ। ਪ੍ਰਧਾਨ ਮੰਤਰੀ ਨੇ ਇਸ ਦੇਸ਼ ਦੇ ਕਰੋੜਾਂ ਲੋਕਾਂ ਦੀ ਸ਼ਕਤੀ ਦੇ ਸਾਂਝੇ ਪ੍ਰਗਟਾਵੇ ਅਤੇ ਉਤਸ਼ਾਹ ਦੀ ਗੱਲ ਤਾਂ ਕੀਤੀ ਹੈ ਪਰ ਕਿੰਨਾ ਚੰਗਾ ਹੁੰਦਾ ਜੇਕਰ ਉਹ ਲੜਾਈ ਲੜਨ ਵਾਲੇ ਲੋਕਾਂ ਵਿੱਚ ਲੰਗਰ ਦੀ ਰਵਾਇਤੀ ਸੇਵਾ ਨਿਭਾ ਰਹੀਆਂ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੀਆਂ ਸ਼ਲਾਘਾ ਵਿੱਚ ਵੀ ਦੋ ਸ਼ਬਦ ਬੋਲ ਦਿੰਦੇ। ਭਾਈ ਖਾਲਸਾ ਦੇ ਬੋਲ ਮੁੜ ਮੁੜ ਯਾਦ ਆਉਂਦੇ ਹਨ ਕਿ ਜਿਹੜੀ ਕੌਮ ਮਰਦੀ ਵੀ ਸਾਂਝੀ ਨਹੀਂ, ਉਸ ਦੇ ਬੋਲਬਾਲੇ ਦੀ ਗੱਲ ਕੌਣ ਕਰੇਗਾ?

          ਭਾਈ ਖਾਲਸਾ ਦੇ ਤੁਰ ਜਾਣ ਨਾਲ ਵਾਪਰੀ ਗੈਰ-ਮਨੁੱਖੀ ਘਟਨਾ ਨੇ ਕਿਧਰੇ ਸਾਡੀ ਸਮਾਜਿਕ ਲੀਰਾਂ ਦੀ ਖੁਦੋ ਨੂੰ ਵੀ ਲੀਰੋ ਲੀਰ ਕਰ ਦਿੱਤਾ ਹੈ। ਇਹੋ ਜਿਹੀ ਪ੍ਰਸਥਿਤੀ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਪਿਛਲੇ ਦਿਨੀਂ ਲਏ ਕਈ ਫੈਸਲੇ ਹੌਂਸਲਾ ਦੇਣ ਵਾਲੇ ਹਨ। ਉਨ੍ਹਾਂ ਨੇ ਦੂਜੇ ਸਿੰਘ ਸਾਹਿਬਾਨਾਂ ਨਾਲ ਗੱਲ ਕਰਕੇ ਵਿਸਾਖੀ ਦੇ ਦਿਹਾੜੇ ‘ਤੇ ਤਖਤ ਸ੍ਰੀ ਦਮਦਮਾ ਸਾਹਿਬ ਇੱਕਠ ਨਾ ਕਰਨ ਦਾ ਫੈਸਲਾ ਲਿਆ ਹੈ ਜੋ ਕਿ ਸਮੇਂ ਦੀ ਲੋੜ ਸੀ। ਲੋਕਾਂ ਨੂੰ ਆਪੋ ਆਪਣੇ ਘਰਾਂ ਵਿੱਚ ਰਹਿ ਕੇ ਹੀ ਗੁਰਬਾਣੀ ਦਾ ਪਾਠ ਕਰਨ ਅਤੇ ਅਰਦਾਸ ਕਰਨ ਦਾ ਸੁਨੇਹਾ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਕਸ਼ਮੀਰ ਮੁੱਦੇ ‘ਤੇ ਵੀ ਘੱਟ ਗਿਣਤੀਆਂ ਦੀ ਸੁਰੱਖਿਆ ਦੇ ਹੱਕ ਵਿੱਚ ਡੱਟ ਕੇ ਸਟੈਂਡ ਲਿਆ ਸੀ। ਉਨ੍ਹਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਕੋਰੋਨਾਵਾਇਰਸ ਦੀ ਮਹਾਮਾਰੀ ਦੇ ਟਾਕਰੇ ਲਈ ਮੇਲ ਜੋਲ ਦੀਆਂ ਦੂਰੀਆਂ ਬਾਰੇ ਸੁਨੇਹਾ ਦੇਣ ਦੇ ਨਾਲ-ਨਾਲ ਸਾਡੀਆਂ ਮਹਾਨ ਵਿਰਾਸਤੀ/ਸਮਾਜਿਕ ਪਰੰਪਰਾਵਾਂ ਨੂੰ ਖੇਰੂੰ ਖੇਰੂੰ ਹੋਣ ਤੋਂ ਬਚਾਉਣ ਦਾ ਸੁਨੇਹਾ ਵੀ ਜ਼ਰੂਰ ਦੇਣ ਤਾਂ ਜੋ ਭਾਈ ਖਾਲਸਾ ਵਰਗੀ ਹਸਤੀ ਦੇ ਦੇਹ ਦੇ ਸਸਕਾਰ ਮੌਕੇ ਸ਼ਮਸ਼ਾਨ ਘਾਟ ਨੂੰ ਜਿੰਦਰਾ ਨਾ ਵੱਜੇ ਅਤੇ ਨਾ ਹੀ ਰਾਜਸੀ ਧਿਰਾਂ ਕਿਸੇ ਦੇ ਸੱਥਰ ‘ਤੇ ਰਾਜਸੀ ਰੋਟੀਆਂ ਸੇਕਣ ਦਾ ਪਾਪ ਕਮਾਉਣ। ਮਜ਼ਬੂਤ ਭਾਈਚਾਰਾ ਕੋਰੋਨਾ ਮਹਾਮਾਰੀ ਦਾ ਟਾਕਰਾ ਤਾਂ ਵਧੇਰੇ ਹੌਂਸਲੇ ਨਾਲ ਕਰੇਗਾ ਹੀ ਸਗੋਂ ਇਸ ਦੇ ਲੰਮੇ ਸਮੇਂ ‘ਚ ਚੰਗੇ ਸਿੱਟੇ ਨਿਕਲਣਗੇ।

ਸੰਪਰਕ : 9814002186

- Advertisement -


Share this Article
Leave a comment