ਚੰਡੀਗੜ੍ਹ ਕਿਵੇਂ ਵੱਸਿਆ? (ਭਾਗ-2)

TeamGlobalPunjab
6 Min Read

-ਅਵਤਾਰ ਸਿੰਘ

ਦੇਸ਼ ਦੀ ਵੰਡ ਹੋਣ ਤੋਂ ਬਾਅਦ ਪੰਜਾਬ ਦੋ ਹਿੱਸਿਆ ਵਿੱਚ ਵੰਡਿਆ ਗਿਆ। ਹਿੰਦੋਸਤਾਨ ਵਾਲੇ ਹਿੱਸੇ ਆਏ ਪੰਜਾਬ ਦੀ ਰਾਜਧਾਨੀ ਬਣਾਉਣ ਲਈ ਚੰਡੀਗੜ ਵਸਾਉਣਾ ਪਿਆ, ਜਿਸ ਨੂੰ ਸਿਟੀ ਬਿਊਟੀਫੁੱਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਸ਼ਹਿਰ ਦੀ ਨੀਂਹ 2 ਅਪ੍ਰੈਲ 1952 ਨੂੰ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਵੱਲੋਂ ਰੱਖੀ ਗਈ। ਲੀ-ਕਾਰਬੂਜ਼ੀਅਰ ਵੱਲੋਂ ਤਿਆਰ ਕੀਤੇ ਪਲਾਨ ਮੁਤਾਬਿਕ ਤਕਰੀਬਨ 50 ਪਿੰਡਾਂ ਉੱਤੇ ਚੰਡੀਗੜ ਵਸਾਉਣ ਦੀ ਲੀਕ ਖਿੱਚੀ ਗਈ, ਜਿਹਨਾਂ ਵਿੱਚ 28 ਪਿੰਡਾਂ ਦਾ ਬਿਲਕੁੱਲ ਨਾਮੋ ਨਿਸ਼ਾਨ ਖਤਮ ਹੋ ਚੁੱਕਾ ਹੈ ਅਤੇ 22 ਪਿੰਡ ਇਸ ਸਮੇਂ ਵੀ ਚੰਡੀਗੜ ਵਿੱਚ ਮੌਜੂਦ ਹਨ। ਉੱਜੜ ਚੁੱਕੇ ਇਹਨਾਂ ਪਿੰਡਾਂ ਦੀ ਲੜੀ ਦੇ ਦੂਜੇ ਭਾਗ ਵਿੱਚ ਅੱਜ ਚੰਡੀਗੜ ਦੇ ਸੈਕਟਰ 6 ਹੇਠ ਆ ਚੁੱਕੇ ਪਿੰਡ ਭੰਗੀਮਾਜਰਾ ਦੀ ਗੱਲ ਕਰਾਂਗੇ ਜਿਸ ਦਾ ਮਾਲ ਰਿਕਾਰਡ ਵਿੱਚ ਨਾਮ ਰਾਮਨਗਰ ਸੀ। ਇਸੇ ਤਰ੍ਹਾਂ ਚੰਡੀਗੜ੍ਹ ਦੇ ਵੱਖ ਵੱਖ ਸੈਕਟਰਾਂ ਬਾਰੇ ਵੀ ਸ਼੍ਰੀ ਮਲਕੀਤ ਸਿੰਘ ਔਜਲਾ ਵਲੋਂ ਇਕੱਤਰ ਕੀਤੀ ਗਈ ਜਾਣਕਾਰੀ ਐਤਵਾਰ ਨੂੰ ਪਾਠਕਾਂ ਨਾਲ ਸਾਂਝੀ ਕੀਤੀ ਜਾਇਆ ਕਰੇਗੀ।

ਪਿੰਡ ਰਾਮਨਗਰ ਭੰਗੀਮਾਜਰਾ (ਹੁਣ ਪੰਜਾਬ ਰਾਜ ਭਵਨ, ਸੈਕਟਰ 6 ਹੇਠ)

ਚੰਡੀਗੜ ਵਸਾਉਣ ਲਈ ਉਜਾੜੇ 28 ਪਿੰਡਾਂ ਵਿੱਚ ਇੱਕ ਪਿੰਡ ਭੰਗੀਮਾਜਰਾ ਵੀ ਸੀ ਜਿਸ ਨੂੰ ਰਾਮਨਗਰ ਭੰਗੀਮਾਜਰਾ ਵੀ ਕਿਹਾ ਜਾਂਦਾ ਸੀ। ਇਸ ਪਿੰਡ ਉੱਤੇ ਅੱਜਕਲ ਪੰਜਾਬ ਦਾ ਗਵਰਨਰ ਹਾਊਸ (ਰਾਜ ਭਵਨ) ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਗੌਲਫ ਕਲੱਬ, ਯੂਟੀ ਗੈਸਟ ਹਾਊਸ ਅਤੇ ਹਰਿਆਣਾ ਰਾਜ ਭਵਨ ਵੀ ਭੰਗੀਮਾਜਰੇ ਦੀ ਮਲਕੀਅਤ ਸਨ। ਕੁੱਲ ਮਿਲਾ ਕੇ ਸੈਕਟਰ 6 ਵਿੱਚ ਦੱਬ ਚੁੱਕੇ ਇਸ ਪਿੰਡ ਦਾ ਛਿਪਦਾ ਪਾਸਾ ਸੈਕਟਰ 7 ਵਿੱਚ ਹੈ ਅਤੇ ਚੜਦਾ ਪਾਸਾ ਸੁਖਨਾ ਝੀਲ ਵਿੱਚ ਆ ਚੁੱਕਾ ਹੈ।

- Advertisement -

*ਇਸ ਪਿੰਡ ਦੀ ਵਾਹੀਯੋਗ ਜਮੀਨ 3200 ਬਿੱਘੇ ਅਤੇ ਚਰਾਂਦ 864 ਬਿੱਘੇ ਸੀ। ਛੜਾਨ ਗੋਤ ਦੇ ਕਈ ਹਵੇਲੀਆਂ ਵਾਲੇ ਜਿਮੀਂਦਾਰ ਸਰਦਾਰ ਬਲਦਾਂ ਦੀਆਂ ਵਧੀਆ ਜੋੜੀਆਂ ਅਤੇ ਆਉਣ ਜਾਣ ਲਈ ਵਧੀਆ ਘੋੜੀਆਂ ਰੱਖਣ ਦੇ ਸ਼ੌਕੀਨ ਸਨ। ਇਤਿਹਾਸ ਮੁਤਾਬਕ ਕੋਈ ਢਾਈ ਸੌ ਸਾਲ ਪਹਿਲਾਂ ਬਾਬਾ ਖੜਕ ਸਿੰਘ ਨਾਂ ਦੇ ਇੱਕ ਬਜੁਰਗ ਵੱਲੋਂ ਇਹ ਪਿੰਡ ਵਸਾਇਆ ਗਿਆ ਸੀ।

* ਇਸ ਪਿੰਡ ਦਾ ਇੱਕ ਜਿਮੀਂਦਾਰ ਫੌਜੀ ਗਿਆਨ ਸਿੰਘ ਜਿਸ ਨੂੰ ਗਿਆਨਾ ਕਹਿੰਦੇ ਸੀ, ਔਲਾਦ ਨਹੀਂ ਸੀ, ਟੀਬੀ ਦਾ ਰੋਗ ਸੀ, ਉਸ ਵੱਲੋਂ ਪੁੱਤਰ ਪ੍ਰਾਪਤੀ ਲਈ ਜਾਂ ਪੁੱਤ ਸਮਝ ਕੇ ਇੱਕ ਪਿੱਪਲ ਦਾ ਬੂਟਾ ਪਿੰਡ ਦੇ ਚੜਦੇ ਪਾਸੇ ਸ਼ਾਮਲਾਤ ਵਿੱਚ ਲਗਾਇਆ ਗਿਆ ਪਰ ਕੁਦਰਤੀ ਥੋੜੀ ਦੇਰ ਬਾਅਦ ਉਸ ਵਿਚਾਰੇ ਦੀ ਮੌਤ ਹੋ ਗਈ। ਮਗਰੋਂ ਉਸ ਦੇ ਪਿਤਾ ਨੰਦ ਸਿੰਘ ਨੇ ਆਪਣੇ ਫੌਜੀ ਪੁੱਤ ਹੱਥੋਂ ਲਾਏ ਉਸ ਪਿੱਪਲ ਨੂੰ ਪਾਣੀ ਪਾ ਪਾ ਕੇ ਸਿੰਜਿਆ ਤੇ ਪੁੱਤਾਂ ਵਾਂਗ ਪਾਲ ਕੇ ਵੱਡਾ ਕੀਤਾ।
ਲਗਭਗ ਸੌ ਸਾਲ ਪੁਰਾਣਾ ਇਹ ਵਿਸ਼ਾਲ ਪਿੱਪਲ ਸਮੇਂ ਦੀਆਂ ਮਾਰਾਂ ਤੋਂ ਬਚਦਾ ਬਚਾਉਂਦਾ ਅੱਜ ਵੀ ਸੁਖਨਾ ਝੀਲ ਦੇ ਕੰਢੇ ਖੜਾ ਸੈਲਾਨੀਆਂ ਨੂੰ ਠੰਡੀਆਂ ਹਵਾਵਾਂ ਦੇ ਰਿਹਾ ਹੈ। ਇਸ ਦੇ ਚੜਦੇ ਪਾਸੇ ਦੀਆਂ ਟਾਹਣੀਆਂ ਦੇ ਪੱਤੇ ਸੁਖਨਾਂ ਝੀਲ ਦੇ ਪਾਣੀ ਨਾਲ ਕਲੋਲਾਂ ਕਰਦੇ ਹਨ। ਸੁਖਨਾ ਝੀਲ ਤੇ ਸਵੇਰੇ 2300 ਮੀਟਰ ਟਰੈਕ ਦੀ ਸੈਰ ਕਰਨ ਵਾਲੇ ਬਹੁਤੇ ਲੋਕ ਇਸ ਪਿੱਪਲ ਨੂੰ ਮੱਥਾ ਟੇਕ ਕੇ ਅੱਗੇ ਲੰਘਦੇ ਹਨ ਅਤੇ ਇਹਦੇ ਥੱਲੇ ਹਰ ਸਮੇਂ ਸੈਲਾਨੀਆਂ ਦੀਆਂ ਰੌਣਕਾਂ ਲੱਗੀਆਂ ਰਹਿੰਦੀਆਂ ਹਨ ਪਰ ਲੋਕ ਇਸ ਦੇ ਇਤਿਹਾਸ ਤੋਂ ਅਣਜਾਣ ਹਨ।

*ਗਵਰਨਰ ਹਾਊਸ ਦੀ ਪਾਰਕਿੰਗ ਵਿੱਚ ਖੜੇ ਵੱਡੇ ਬੋਹੜ, ਬਾਹਰਲੇ ਦਫਤਰ ਕਿਨਾਰੇ ਖੜਾ ਪਿੱਪਲ ਅਤੇ ਬੈਂਕਟ ਪਾਰਟੀ ਹਾਲ ਦੇ ਖੂੰਜੇ ਵਿੱਚ ਖੜੀ ਜੱਟਾਂ ਦੇ ਵਿਹੜੇ ਵਾਲੀ ਨਿੰਮ ਅੱਜ ਵੀ ਇਤਹਾਸ ਸਾਂਭੀ ਖਲੋਤੇ ਹਨ। ਇਸ ਨਿੰਮ ਕਰਕੇ ਰਾਜ ਭਵਨ ਦੇ ਪਾਰਟੀ ਹਾਲ ਨੂੰ ਨਿੰਮ ਵਾਲਾ ਕਮਰਾ ਕਿਹਾ ਜਾਂਦਾ ਹੈ। ਰਾਜ ਭਵਨ ਅੰਦਰ ਇਸ ਪਿੰਡ ਦਾ ਇੱਕ ਖੂਹ ਵੀ ਹੁੰਦਾ ਸੀ ਜੋ ਹੁਣ ਪੂਰ ਦਿੱਤਾ ਹੈ।

- Advertisement -

*ਗਵਰਨਰ ਹਾਊਸ ਅੰਦਰ ਗੌਲਫ ਕਲੱਬ ਵਾਲੀ ਕੰਧ ਦੇ ਨਾਲ ਵੱਡੇ ਪੁਰਾਣੇ ਬੋਹੜ ਹੇਠ ਪੀਰ ਬਾਬੇ ਦੀ ਸਮਾਧ ਅੱਜ ਵੀ ਮੌਜੂਦ ਹੈ ਜੋ ਕਿ ਉਸ ਵੇਲੇ ਦੀ ਹੈ। ਇਸ ਮਜਾਰ ਤੇ ਅੱਜ ਵੀ ਦੀਵਾ ਜਗਦਾ ਹੈ ਅਤੇ ਡਿਊਟੀ ਕਰਦੇ ਮੁਲਾਜਮ ਵੀਰਵਾਰ ਨੂੰ ਮਿੱਠੇ ਚੌਲਾਂ ਦਾ ਪ੍ਰਸ਼ਾਦ ਬਣਾ ਕੇ ਵੰਡਦੇ ਹਨ। ਚੈਕ ਪੋਸਟਾਂ ਤੇ ਤੈਨਾਤ ਦਿਨ ਰਾਤ ਡਿਊਟੀ ਕਰਨ ਵਾਲੇ ਫੌਜੀ ਜਵਾਨਾਂ ਨੂੰ ਅਕਸਰ ਇਥੇ ਨਾਗ ਰਾਜ ਦੇ ਦਰਸ਼ਨ ਹੁੰਦੇ ਰਹਿੰਦੇ ਹਨ। ਫੌਜੀ ਜਵਾਨ ਵੀਰਵਾਰ ਨੂੰ ਬਦਾਮਾਂ ਵਾਲੀ ਮਿੱਠੀ ਖੀਰ ਬਣਾ ਕੇ ਇਥੇ ਮੱਥਾ ਟੇਕਦੇ ਹਨ ਅਤੇ ਸਭ ਨੂੰ ਵਰਤਾਉਂਦੇ ਹਨ।

*ਕਈ ਸਾਲ ਪਹਿਲਾਂ ਤੱਕ ਇਸ ਉਜੜੇ ਪਿੰਡ ਦੇ ਲੋਕ ਗਵਰਨਰ ਹਾਊਸ ਵਿੱਚ ਆਪਣੇ ਪੁਰਖਿਆਂ ਦਾ ਮੱਥਾ ਟੇਕਣ ਆਉਂਦੇ ਰਹੇ, ਜਿਹਨਾਂ ਨੂੰ ਰੋਕਿਆ ਵੀ ਨਹੀਂ ਸੀ ਜਾਂਦਾ ਪਰ ਹੁਣ ਉਹਨਾਂ ਦਾ ਆਉਣਾ ਬੰਦ ਹੋ ਗਿਆ ਹੈ।

* ਚੰਡੀਗੜ ਸ਼ਹਿਰ ਲਈ ਕੁਰਬਾਨੀ ਦੇ ਚੁੱਕੇ ਰਾਮਨਗਰ ਭੰਗੀਮਾਜਰਾ ਦੀ ਯਾਦ ਵਿੱਚ ਚੰਡੀਗੜ ਪ੍ਰਸ਼ਾਸ਼ਨ ਨੂੰ ਸੁਖਨਾ ਝੀਲ ਨੇੜੇ ਸੈਕਟਰ 7-8-5-6 ਵਾਲੇ ਗੋਲ ਚੌਂਕ ਦਾ ਨਾਂ ਭੰਗੀਮਾਜਰਾ ਚੌਂਕ ਅਤੇ ਗਵਰਨਰ ਹਾਊਸ ਮੂਹਰੇ ਲੰਘਦੀ ਸੜਕ ਦਾ ਨਾਮ ਰਾਮਨਗਰ ਭੰਗੀਮਾਜਰਾ ਰੋਡ ਰੱਖਣ ਦਾ ਫੈਸਲਾ ਲੋਕ ਹਿੱਤ ਵਿੱਚ ਲੈਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੀਆਂ ਪੀੜੀਆਂ ਨੂੰ ਵਿਰਸੇ ਬਾਰੇ ਜਾਣਕਾਰੀ ਮਿਲਦੀ ਰਹੇ। ਇਸ ਤੋਂ ਇਲਾਵਾ ਸੁਖਨਾ ਝੀਲ ਕੰਢੇ ਖੜ੍ਹੇ ਪਿੱਪਲ ਬਾਰੇ ਵੀ ਇਤਿਹਾਸਕ ਜਾਣਕਾਰੀ ਲਿਖਣੀ ਚਾਹੀਦੀ ਹੈ।

-ਮਲਕੀਅਤ ਸਿੰਘ ਔਜਲਾ

ਪਿੰਡ ਮੁੱਲਾਂਪੁਰ ਗਰੀਬਦਾਸ

ਮੋਬਾਈਲ: 9914992424

Share this Article
Leave a comment