ਚੰਡੀਗੜ੍ਹ ਕਿਵੇਂ ਵੱਸਿਆ? (ਭਾਗ-4)

TeamGlobalPunjab
7 Min Read

ਪਿੰਡ ਸਾਹਿਜਾਦਪੁਰ (ਹੁਣ ਸੈਕਟਰ 11 ਅਤੇ 12) Sahizadpur @ PGI

-ਅਵਤਾਰ ਸਿੰਘ

ਦੇਸ਼ ਦੀ ਵੰਡ ਹੋਣ ਤੋਂ ਬਾਅਦ ਪੰਜਾਬ ਦੋ ਹਿੱਸਿਆ ਵਿੱਚ ਵੰਡਿਆ ਗਿਆ। ਹਿੰਦੋਸਤਾਨ ਵਾਲੇ ਹਿੱਸੇ ਆਏ ਪੰਜਾਬ ਦੀ ਰਾਜਧਾਨੀ ਬਣਾਉਣ ਲਈ ਚੰਡੀਗੜ੍ਹ ਵਸਾਉਣਾ ਪਿਆ, ਜਿਸ ਨੂੰ ਸਿਟੀ ਬਿਊਟੀਫੁੱਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਸ਼ਹਿਰ ਦੀ ਨੀਂਹ 2 ਅਪ੍ਰੈਲ 1952 ਨੂੰ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਵੱਲੋਂ ਰੱਖੀ ਗਈ। ਲੀ-ਕਾਰਬੂਜ਼ੀਅ ਵੱਲੋਂ ਤਿਆਰ ਕੀਤੇ ਪਲਾਨ ਮੁਤਾਬਿਕ ਤਕਰੀਬਨ 50 ਪਿੰਡਾਂ ਉੱਤੇ ਚੰਡੀਗੜ੍ਹ ਵਸਾਉਣ ਦੀ ਲੀਕ ਖਿੱਚੀ ਗਈ, ਜਿਹਨਾਂ ਵਿੱਚ 28 ਪਿੰਡਾਂ ਦਾ ਬਿਲਕੁਲ ਨਾਮੋ ਨਿਸ਼ਾਨ ਖਤਮ ਹੋ ਚੁੱਕਾ ਹੈ ਅਤੇ 22 ਪਿੰਡ ਇਸ ਸਮੇਂ ਵੀ ਚੰਡੀਗੜ੍ਹ ਵਿੱਚ ਮੌਜੂਦ ਹਨ। ਉੱਜੜ ਚੁੱਕੇ ਇਹਨਾਂ ਪਿੰਡਾਂ ਦੀ ਲੜੀ ਦੇ ਚੌਥੇ ਭਾਗ ਵਿੱਚ ਅੱਜ ਚੰਡੀਗੜ੍ਹ ਦੇ ਸੈਕਟਰ 11 ਅਤੇ 12 (PGI) ਹੇਠ ਆ ਚੁੱਕੇ ਪਿੰਡ ਸਾਹਿਜਾਦਪੁਰ ਦੀ ਗੱਲ ਕਰਾਂਗੇ। ਇਸ ਲੜੀ ਤਹਿਤ ਚੰਡੀਗੜ੍ਹ ਦੇ ਵੱਖ ਵੱਖ ਸੈਕਟਰਾਂ ਬਾਰੇ ਸ਼੍ਰੀ ਮਲਕੀਤ ਸਿੰਘ ਔਜਲਾ ਵਲੋਂ ਇਕੱਤਰ ਕੀਤੀ ਗਈ ਜਾਣਕਾਰੀ ਐਤਵਾਰ ਨੂੰ ਪਾਠਕਾਂ ਨਾਲ ਸਾਂਝੀ ਕੀਤੀ ਜਾਂਦੀ ਹੈ।

*ਚੰਡੀਗੜ੍ਹ ਬਣਾਉਣ ਲਈ ਉਜਾੜੇ ਗਏ ਪੰਜਾਬ ਦੇ ਪੁਆਧ ਇਲਾਕੇ ਦੇ 28 ਪਿੰਡਾਂ ਵਿੱਚ ਇੱਕ ਪਿੰਡ ਸਾਹਿਜਾਦਪੁਰ ਵੀ ਸੀ, ਜੋ ਪਹਿਲੇ 17 ਪਿੰਡਾਂ ਦੇ ਨਾਲ ਉਠਾਇਆ ਗਿਆ। ਇਸ ਪਿੰਡ ਉਪਰ ਹੁਣ ਚੰਡੀਗੜ ਦਾ ਪੀ.ਜੀ.ਆਈ. ਹਸਪਤਾਲ (ਸੈਕਟਰ 12 ਵਿੱਚ) ਅਤੇ ਮੁੰਡਿਆਂ ਦਾ ਸਰਕਾਰੀ ਕਾਲਿਜ (ਸੈਕਟਰ 11 ਵਿੱਚ) ਬਣੇ ਹੋਏ ਹਨ। ਇਹ ਪਿੰਡ ਖੁੱਡਾ ਲਹੌਰਾ, ਨਵਾਂ ਗਰਾਓਂ, ਮਹਿਲੇਮਾਜਰਾ, ਕਾਲੀਬੜ, ਕੈਲੜ ਅਤੇ ਕਾਂਜੀਮਾਜਰਾ ਪਿੰਡਾਂ ਦੇ ਵਿਚਕਾਰ ਸੀ। ਇਸ ਪਿੰਡ ਦੀ ਹਦਬਸਤ ਨੰਬਰ 205 ਸੀ ਅਤੇ ਜਮੀਨ ਹੇਠ ਰਕਬਾ 457 ਏਕੜ ਸੀ।

- Advertisement -

* ਸਾਹਿਜਾਦਪੁਰ ਦੀ ਜਮੀਨ ਉਪਰ ਇਸ ਵੇਲੇ ਚੰਡੀਗੜ ਦੇ ਸੈਕਟਰ 12 ਵਿੱਚ ਮਸ਼ਹੂਰ ਹਸਪਤਾਲ ਪੀ.ਜੀ.ਆਈ. ਬਣਿਆ ਹੋਇਆ ਹੈ। ਇਸ ਹਸਪਤਾਲ ਵਿੱਚ ਦੁਨੀਆਂ ਭਰ ਦੇ ਮਰੀਜ ਇਲਾਜ ਕਰਾਉਣ ਲਈ ਆਉਂਦੇ ਹਨ। ਪੀ.ਜੀ.ਆਈ. ਦੇ ਅੰਦਰ ਕਈ ਥਾਵਾਂ ਤੇ ਪਿੰਡ ਦੇ ਪੁਰਾਣੇ ਅੱਜ ਵੀ ਦੇਖੇ ਜਾ ਸਕਦੇ ਹਨ। ਸੈਂਕੜੇ ਸਾਲ ਪੁਰਾਣਾ ਇੱਕ ਪਿੱਪਲ ਅੱਜ ਵੀ ਪੀ.ਜੀ.ਆਈ. ਦੇ ਸੈਕਟਰ 11 ਵਾਲੇ ਪਾਸੇ ਗੇਟ ਨੰਬਰ 2 ਦੇ ਕਿਨਾਰੇ ਤੇ ਖੜਾ ਹੈ। ਇੱਕ ਪੁਰਾਣਾ ਅੰਬ ਗੇਟ ਨੰਬਰ 2 ਤੋਂ ਗੁੱਗਾ ਮਾੜੀ ਵਾਲੇ ਚੌਂਕ ਦੇ ਵਿਚਕਾਰ ਸੜਕ ਤੇ ਖੜਾ ਹੈ। ਪੀ.ਜੀ.ਆਈ. ਵਿੱਚ ਇਲਾਜ ਕਰਾਉਣ ਆਏ ਮਰੀਜਾਂ ਦਾ ਅਤੇ ਉਹਨਾਂ ਦੇ ਨਾਲ ਆਏ ਸਕੇ ਸਬੰਧੀਆਂ ਦਾ ਹਰ ਵੇਲੇ ਮੇਲਾ ਲੱਗਿਆ ਰਹਿੰਦਾ ਹੈ ਜਿਸ ਕਰਕੇ ਸਾਹਿਜਾਦਪੁਰ ਪਿੰਡ ਉਪਰ ਹਰ ਵੇਲੇ ਮੇਲੇ ਵਰਗਾ ਮਾਹੌਲ ਰਹਿੰਦਾ ਹੈ। ਕਈ ਸੰਸਥਾਵਾਂ ਇਥੇ ਲੰਗਰ ਪਾਣੀ ਹਰ ਰੋਜ ਆ ਕੇ ਵਰਤਾਉਂਦੀਆਂ ਹਨ।

*ਪੀ.ਜੀ.ਆਈ. ਦੇ ਸੈਕਟਰ 15 ਵੱਲ ਗੋਲ ਚੌਂਕ ਦੇ ਖੂੰਜੇ ਵਿੱਚ ਪਿੰਡ ਸਾਹਿਜਾਦਪੁਰ ਦੀ ਗੁੱਗਾ ਮਾੜੀ ਅੱਜ ਵੀ ਆਪਣੇ ਪਿੰਡ ਦਾ ਇਤਹਾਸ ਸਮੋਈ ਖੜੀ ਹੈ। ਇਹ ਗੁੱਗਾ ਮਾੜੀ ਪਿੰਡ ਦੀ ਇੱਕੋ ਇੱਕ ਨਿਸ਼ਾਨੀ ਬਚੀ ਹੋਈ ਹੈ ਜਿਥੇ ਪੁਰਾਣੇ ਦਰੱਖਤ ਵੀ ਖੜੇ ਹਨ। ਇੱਕ ਪਿੱਪਲ ਦੇ ਥੱਲੇ ਚੰਡੀਗੜ੍ਹ ਦੇ ਜੰਗਲਾਤ ਵਿਭਾਗ ਵੱਲੋਂ ਸਾਹਿਜਾਦਪੁਰ ਪਿੰਡ ਦਾ ਨਾਮ ਲਿਖ ਕੇ 250 ਸਾਲ ਪੁਰਾਣਾ ਪਿੱਪਲ ਹੋਣ ਦਾ ਹਰਾ ਬੋਰਡ ਵੀ ਲਗਾਇਆ ਗਿਆ ਹੈ। ਇਸ ਥਾਂ ‘ਤੇ ਦੋ ਤਿੰਨ ਹੋਰ ਪੁਰਾਣੇ ਪਿੱਪਲ ਖੜੇ ਹਨ ਜੋ ਪਿੰਡ ਵਾਸੀਆਂ ਵੱਲੋਂ ਲਗਾਏ ਹੋਏ ਸਨ। ਇਸ ਗੁੱਗਾ ਮਾੜੀ ਦੀ ਜਮੀਨ ਦਾ ਰਕਬਾ ਲਗਭਗ 2 ਬਿੱਘੇ ਹੈ ਜਿਥੇ ਸਾਹਿਜਾਦਪੁਰ ਪਿੰਡ ਦੇ ਭਗਤ ਸਵ. ਮਲਕੀਤ ਸਿੰਘ ਦਾ ਪਰਿਵਾਰ ਅੱਜ ਵੀ ਸੇਵਾ ਕਰ ਰਿਹਾ ਹੈ। ਗੁੱਗਾ ਮਾੜੀ ਦੇ ਇਸ ਮੰਦਰ ਵਿੱਚ ਮੱਥਾ ਟੇਕਣ ਵਾਲਿਆਂ ਦਾ ਹਰ ਵੇਲੇ ਆਣਾ ਜਾਣਾ ਲੱਗਿਆ ਰਹਿੰਦਾ ਹੈ। ਇਥੇ ਗੁੱਗਾ ਨੌਮੀ ਦਾ ਮੇਲਾ ਵੀ ਭਰਦਾ ਹੈ। ਇਸ ਗੁੱਗਾ ਮਾੜੀ ਦੇ ਅੰਦਰਲੇ ਪਾਸੇ ਪੀ.ਜੀ.ਆਈ. ਵਾਲੇ ਪਾਸੇ ਖਾਲੀ ਥਾਂ ਪਈ ਹੈ ਜਿਥੇ ਇਸ ਵੇਲੇ ਕਾਰਾਂ ਖੜਦੀਆਂ ਹਨ, ਇਥੇ ਕਿਸੇ ਵੇਲੇ ਸਾਹਿਜਾਦਪੁਰ ਦਾ ਟੋਭਾ ਹੁੰਦਾ ਸੀ।

*ਸੈਕਟਰ 11 ਵਿੱਚ ਮੁੰਡਿਆਂ ਦਾ ਸਰਕਾਰੀ ਕਾਲਜ ਵੀ ਸਾਹਿਜਾਦਪੁਰ ਪਿੰਡ ਉਪਰ ਬਣਿਆ ਹੋਇਆ ਹੈ। ਇਸ ਕਾਲਜ ਦੇ ਅੰਦਰ ਬਹੁਤ ਸਾਰੇ ਪੁਰਾਣੇ ਦਰੱਖਤ ਅੱਜ ਵੀ ਖੜੇ ਹਨ ਜੋ ਉਸ ਪਿੰਡ ਦੇ ਲੋਕਾਂ ਵੱਲੋਂ ਆਪਣੇ ਹੱਥਾਂ ਨਾਲ ਲਗਾਏ ਸਨ। ਇਹਨਾਂ ਦਰੱਖਤਾਂ ਵਿੱਚ ਪਿੱਪਲ, ਅੰਬ ਅਤੇ ਬੇਰੀਆਂ ਦੇ ਦਰੱਖਤ ਹਨ। ਕਾਲਜ ਦੇ ਅੰਦਰ ਸਾਹਿਜਾਦਪੁਰ ਦਾ ਇੱਕ ਖੂਹ ਵੀ ਹੁੰਦਾ ਸੀ ਜਿਥੇ ਲੋਕ ਪਾਣੀ ਭਰਦੇ ਹੁੰਦੇ ਸੀ, ਹੁਣ ਇਸ ਖੂਹ ਨੂੰ ਪੂਰ ਦਿੱਤਾ ਗਿਆ ਹੈ। ਕਾਲਜ ਦੇ ਬਾਹਰ ਪੀ.ਜੀ.ਆਈ. ਵਾਲੇ ਪਾਸੇ ਸੜਕ ਤੇ ਪੁਰਾਣਾ ਅੰਬ ਅੱਜ ਵੀ ਖੜਾ ਹੈ ਅਤੇ ਕਾਲਿਜ ਦੀ ਦੀਵਾਰ ਦੇ ਅੰਦਰ ਵੀ ਪੁਰਾਣੇ ਦਰੱਖਤ ਖੜੇ ਦਿਖਾਈ ਦਿੰਦੇ ਹਨ। ਕਾਲਿਜ ਅੰਦਰ ਪਿੰਡ ਦੇ ਇੱਕ ਸਾਧੂ ਮਹਾਤਮਾ ਦਾ ਵੀ ਅਸਥਾਨ ਬਣਿਆ ਹੋਇਆ ਸੀ ਜਿਸ ਦੀ ਬਹੁਤ ਮਹਾਨਤਾ ਹੁੰਦੀ ਸੀ।

* ਸਾਹਿਜਾਦਪੁਰ ਪਿੰਡ ਪੁਆਧ ਇਲਾਕੇ ਦਾ ਪਛੜਿਆ ਹੋਇਆ ਪਿੰਡ ਸੀ ਜਿਥੇ ਕੋਈ ਵੀ ਸਕੂਲ ਨਹੀਂ ਸੀ। ਇਸ ਪਿੰਡ ਦੇ ਬੱਚੇ ਪੜਨ ਲਈ ਕੈਲੜ ਦੇ ਪ੍ਰਾਇਮਰੀ ਸਕੂਲ ਵਿੱਚ ਜਾਂਦੇ ਸਨ। ਇਸ ਪਿੰਡ ਵਿੱਚ ਕੋਈ ਗੁਰਦੁਆਰਾ ਜਾਂ ਮੰਦਰ ਨਹੀਂ ਸੀ ਹੁੰਦਾ। ਇੱਕ ਧਰਮਸ਼ਾਲਾ ਅਤੇ ਇੱਕ ਖੇੜਾ ਹੁੰਦਾ ਸੀ ਜੋ ਇਸ ਵੇਲੇ ਖਤਮ ਹੋ ਚੁੱਕੇ ਹਨ। ਪਿੰਡ ਵਿੱਚ ਪੀਣ ਵਾਲੇ ਪਾਣੀ ਲਈ ਖੂਹ ਹੁੰਦੇ ਸਨ। ਤਕਰੀਬਨ 100 ਘਰਾਂ ਵਾਲੇ ਇਸ ਪਿੰਡ ਦੀ ਅਬਾਦੀ ਲਗਭਗ ਪੌਣੇ ਤਿੰਨ ਸੌ ਸੀ। ਇਸ ਪਿੰਡ ਵਿੱਚ ਜਿਮੀਂਦਾਰ, ਪੰਡਤ, ਤਰਖਾਣ, ਕਹਾਰ, ਗੁੱਜਰ, ਰਾਮਦਾਸੀਏ ਅਤੇ ਬਾਲਮੀਕ ਭਾਈਚਾਰੇ ਦੇ ਲੋਕ ਬੜੇ ਪਿਆਰ ਨਾਲ ਰਹਿੰਦੇ ਸਨ। ਗੁੱਜਰਾਂ ਨੇ ਜਿਆਦਾਤਰ ਆਪਣੇ ਘਰਾਂ ਵਿੱਚ ਬੱਕਰੀਆਂ ਰੱਖੀਆਂ ਹੁੰਦੀਆਂ ਸਨ। ਇਸ ਪਿੰਡ ਦੇ ਪ੍ਰਮੁੱਖ ਵਿਅੱਕਤੀਆਂ ਵਿੱਚ ਨੰਬਰਦਾਰ ਮੇਵਾ ਸਿੰਘ, ਪੰਡਤ ਹਰਚੰਦ, ਮਾਤੂ ਰਾਮ, ਪੰਡਤ ਰੂਪ ਚੰਦ, ਬਚਨ ਸਿੰਘ, ਨਗੀਨਾ ਅਤੇ ਜੇਠੂ ਰਾਮ ਸਨ। ਇਹਨਾਂ ਲੋਕਾਂ ਨੂੰ ਮਨੀਮਾਜਰਾ ਅਤੇ ਪੰਚਕੂਲਾ ਏਰੀਏ ਵਿੱਚ ਵਸਾਇਆ ਗਿਆ ਜਿੱਥੇ ਕਈਆਂ ਨੂੰ ਦੁਬਾਰਾ ਫੇਰ ਉਜੜਨਾ ਪਿਆ। 31 ਮਈ 1951 ਨੂੰ ਇਸ ਪਿੰਡ ਦੀ ਜਮੀਨ ਅਤੇ ਲਾਲ ਡੋਰੇ ਹੇਠ ਰਕਬੇ ਨੂੰ ਐਕੁਆਇਰ ਕਰਨ ਦਾ ਹੁਕਮ ਜਾਰੀ ਹੋਇਆ ਜਿਸ ਨਾਲ ਪੰਜਾਬ ਦੇ ਪੁਆਧ ਇਲਾਕੇ ਦਾ ਇਹ ਪਿੰਡ ਸਦਾ ਸਦਾ ਲਈ ਅਲੋਪ ਹੋ ਗਿਆ।

*ਚੰਡੀਗੜ ਲਈ ਕੁਰਬਾਨ ਹੋ ਚੁੱਕੇ ਪਿੰਡ ਸਾਹਿਜਾਦਪੁਰ ਦੀ ਯਾਦ ਵਿੱਚ ਚੰਡੀਗੜ ਪ੍ਰਸ਼ਾਸ਼ਨ ਨੂੰ ਸੈਕਟਰ 11/12 ਅਤੇ 14/15 ਵਾਲੇ ਗੋਲ ਚੌਂਕ ਨਾਮ ਸਾਹਿਜਾਦਪੁਰ ਚੌਂਕ ਅਤੇ ਸੈਕਟਰ 11-12 ਨੂੰ ਵੰਡਦੀ ਸੜਕ ਦਾ ਨਾਮ ਸਾਹਿਜਾਦਪੁਰ ਰੋਡ ਰੱਖਣ ਬਾਰੇ ਫੈਸਲਾ ਲੋਕ ਹਿੱਤ ਵਿੱਚ ਲੈਣਾ ਚਾਹੀਦਾ ਹੈ। ਇਸ ਤੋਂ ਇਲਾਵਾ ਪੀ.ਜੀ.ਆਈ. ਹਸਪਤਾਲ ਅੰਦਰ ਅਤੇ ਮੁੰਡਿਆਂ ਦੇ ਸਰਕਾਰੀ ਕਾਲਿਜ ਅੰਦਰ ਬਣੇ ਕਿਸੇ ਬਲਾਕ, ਐਡੀਟੋਰੀਅਲ ਜਾਂ ਗੇਟ ਦਾ ਨਾਮ ਸਾਹਿਜਾਦਪੁਰ ਪਿੰਡ ਦੇ ਨਾਮ ਤੇ ਰੱਖਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੀਆਂ ਪੀੜੀਆਂ ਨੂੰ ਇਸ ਪਿੰਡ ਬਾਰੇ ਜਾਣਕਾਰੀ ਮਿਲਦੀ ਰਹੇ।

- Advertisement -

-ਮਲਕੀਤ ਸਿੰਘ ਔਜਲਾ

ਪਿੰਡ ਮੁੱਲਾਂਪੁਰ ਗਰੀਬਦਾਸ

ਸੰਪਰਕ : 9914992424

Share this Article
Leave a comment