ਕੋਵਿਡ-19 : ਅਮਰੀਕੀ ਜਲ ਸੈਨਾ ਦੇ 550 ਸੈਨਿਕ ਕੋਰੋਨਾ ਸੰਕਰਮਿਤ, ਫੌਜ਼ ਤੇ ਹਵਾਈ ਸੈਨਾ ਵੀ ਪ੍ਰਭਾਵਿਤ

TeamGlobalPunjab
3 Min Read

ਵਾਸ਼ਿੰਗਟਨ : ਇਸ ਸਮੇਂ ਦੁਨੀਆ ਦੇ 185 ਤੋਂ ਵੱਧ ਦੇਸ਼ ਕੋਰੋਨਾ ਮਹਾਮਾਰੀ ਦੀ ਲਪੇਟ ‘ਚ ਆ ਚੁੱਕੇ ਹਨ ਤੇ ਹਾਲ ਦੀ ਘੜੀ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਦੁਨੀਆ ਦੀ ਮਹਾਂਸ਼ਕਤੀ ਅਮਰੀਕਾ ਇਸ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਈ ਹੈ। ਹੁਣ ਇਸ ਮਹਾਂਮਾਰੀ ਨੇ ਅਮਰੀਕੀ ਜਨ ਸੈਨਾ ਨੂੰ ਵੀ ਆਪਣੀ ਲਪੇਟ ‘ਚ ਲੈ ਲਿਆ ਹੈ।

ਅਮਰੀਕੀ ਜਲ ਸੈਨਾ ਦੇ 550 ਸੈਨਿਕਾਂ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ ਪਾਈ ਗਈ ਹੈ। ਏਅਰਕਰਾਫਟ ਕੈਰੀਅਰ ਥੀਓਡੋਰ ਰੂਜ਼ਵੈਲਟ ਦੇ ਚਾਲਕ ਦਲ ਦੇ 4,800 ਮੈਂਬਰਾਂ ‘ਚੋਂ 10 ਪ੍ਰਤੀਸ਼ਤ ਤੋਂ ਵੱਧ ਮੈਂਬਰਾਂ ਦੀ ਕੋਰੋਨਾ ਰਿਪੋਰਟ ਸਕਾਰਾਤਮਕ ਪਾਈ ਗਈ ਹੈ। ਜਿਸ ਤੋਂ ਬਾਅਦ ਅਮਰੀਕੀ ਜਲ ਸੈਨਾ ‘ਚ ਹਾਹਾਕਾਰ ਮਚ ਗਈ ਹੈ।

ਮਿਲੀ ਜਾਣਕਾਰੀ ਅਨੁਸਾਰ ਚਾਲਕ ਦਲ ਦੇ 92 ਪ੍ਰਤੀਸ਼ਤ ਮੈਂਬਰਾਂ ਦਾ ਕੋਰੋਨਾ ਟੈਸਟ ਕੀਤਾ ਗਿਆ ਸੀ ਜਿਨ੍ਹਾਂ ‘ਚੋਂ 550 ਮੈਂਬਰਾਂ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ ਪਾਈ ਗਈ ਹੈ ਤੇ 3,673 ਮੈਂਬਰਾਂ ਦੀ ਰਿਪੋਰਟ ਨਕਾਰਾਤਮਕ ਆਈ ਹੈ। ਅਮਰੀਕੀ ਜਲ ਸੈਨਾ ਨੇ ਬੀਤੇ ਸ਼ਨੀਵਾਰ ਜਲ ਸੈਨਾ ਦੇ ਸੈਕਟਰੀ ਦੇ ਅਸਤੀਫਾ ਬਾਰੇ ਵੀ ਜਾਣਕਾਰੀ ਦਿੱਤੀ ਸੀ। ਜਲ ਸੈਨਾ ਦੇ ਬੁਲਾਰੇ ਨੇ ਦੱਸਿਆ ਕਿ 3,696 ਸੈਨਿਕਾਂ ਨੂੰ ਗੁਆਮ ਦੇ ਹੋਟਲ ਅਤੇ ਘਰਾਂ ਕੁਆਰੰਟੀਨ ਕੀਤਾ ਗਿਆ ਹੈ।

ਦੱਸ ਦਈਏ ਕਿ ਅਮਰੀਕੀ ਜਲ ਸੈਨਾ ਦੇ ਸਕੱਤਰ ਥੌਮਸ ਮੋਡਲੇ ਨੇ ਜਹਾਜ਼ ਦੇ ਕਪਤਾਨ ਬਰੇਟ ਕ੍ਰੋਜ਼ੀਅਰ ਨੂੰ ਕਮਾਂਡ ਤੋਂ ਹਟਾ ਦਿੱਤਾ ਸੀ। ਜਿਸ ਤੋਂ ਬਾਅਦ ਜਲ ਸੈਨਾ ਦੇ ਸਕੱਤਰ ਥੌਮਸ ਨੇ ਕੋਰੋਨਾ ਵਾਇਰਸ ਦੀ ਸਥਿਤੀ ਨਾਲ ਨਜਿੱਠਣ ਅਤੇ ਕਪਤਾਨ ਨੂੰ ਹਟਾਉਣ ਨੂੰ ਲੈ ਕੇ ਉਠੇ ਸਵਾਲਾਂ ਦੇ ਚੱਲਦਿਆਂ ਆਪ ਵੀ ਅਸਤੀਫਾ ਦੇ ਦਿੱਤਾ ਹੈ।

- Advertisement -

ਯੂਐਸ ਦੇ ਰੱਖਿਆ ਮੰਤਰੀ ਮਾਰਕ ਐਸਪਰ ਨੇ ਕਿਹਾ ਹੈ ਕਿ ਬਰੇਟ ਕ੍ਰੋਜ਼ੀਅਰ ਦੀ ਬਹਾਲੀ ਬਾਰੇ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਵੇਗਾ।ਅਮਰੀਕੀ ਰੱਖਿਆ ਮੰਤਰਾਲੇ ਦੇ ਅਨੁਸਾਰ, ਜਲ ਸੈਨਾ ‘ਚ ਕੋਰੋਨ ਦੇ ਸੰਕਰਮਿਤ ਮਿਲਣ ਤੋਂ ਬਾਅਦ ਅਮਰੀਕੀ ਸੈਨਾ ਦੇ ਸਾਰੇ ਗੈਰ ਜ਼ਰੂਰੀ ਕੰਮਾਂ ਨੂੰ ਰੋਕ ਦਿੱਤਾ ਗਿਆ ਹੈ। ਕੋਰੋਨਾ ਵਾਇਰਸ ਨੇ ਯੂਐਸ ਦੀ ਜਲ ਸੈਨਾ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾਇਆ ਹੈ। ਜਿਸ ਤੋਂ ਬਾਅਦ ਹੁਣ ਫੌਜ ਅਤੇ ਹਵਾਈ ਸੈਨਾ ਵੀ ਇਸ ਤੋਂ ਪ੍ਰਭਾਵਿਤ ਹੋ ਗਈ ਹੈ।

ਅਮਰੀਕਾ ‘ਚ ਕੋਰੋਨਾ ਮਹਾਮਾਰੀ ਨਾਲ ਹੁਣ ਤੱਕ 19 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 5 ਲੱਖ ਤੋਂ ਵੱਧ ਲੋਕ ਇਸ ਵਾਇਰਸ ਦੀ ਲਪੇਟ ‘ਚ ਹਨ।


Share this Article
Leave a comment