ਕੋਵਿਡ-19 : ਚੀਨ ‘ਚ ਵਾਇਰਸ ਦੇ 42 ਹੋਰ ਨਵੇਂ ਮਾਮਲੇ ਆਏ ਸਾਹਮਣੇ

TeamGlobalPunjab
2 Min Read

ਵੁਹਾਨ : ਪੂਰੀ ਦੁਨੀਆ ‘ਚ ਕੋਰੋਨਾ ਸੰਕਰਮਣ ਦੇ ਮਾਮਲੇ ਬੜੀ ਤੇਜ਼ੀ ਨਾਲ ਵੱਧ ਰਹੇ ਹਨ। ਹਾਲਾਂਕਿ ਚੀਨ ਨੇ ਕੋਰੋਨਾ ਦੇ ਸੰਕਰਮਣ ‘ਤੇ ਲਗਭਗ ਕਾਬੂ ਪਾ ਲਿਆ ਹੈ। ਪਰ ਇਸ ‘ਚ ਹੀ ਚੀਨ ‘ਚ ਕੋਰੋਨਾ ਦੇ 42 ਹੋਰ ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਜਿਸ ਨਾਲ ਚੀਨ ‘ਚ ਕੋਰੋਨਾ ਸੰਕਰਮਿਤ ਲੋਕਾਂ ਦੀ ਗਿਣਤੀ ਵੱਧ ਕੇ 81,907 ਹੋ ਗਈ ਹੈ। ਇਨ੍ਹਾਂ 42 ਨਵੇਂ ਮਾਮਲਿਆਂ ਤੋਂ ਬਾਅਦ ਚੀਨ ਦੇ ਸਿਹਤ ਵਿਭਾਗ ਵੱਲੋਂ ਕੋਰੋਨਾ ਤੋਂ ਠੀਕ ਹੋਏ ਮਰੀਜ਼ਾਂ ਦੀ ਦੁਬਾਰਾ ਜਾਂਚ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ ਤਾਂ ਕਿ ਇਸ ਵਾਇਰਸ ਨੂੰ ਚੀਨ ‘ਚ ਦੁਬਾਰਾ ਫੈਲਣ ਤੋਂ ਰੋਕਿਆ ਜਾ ਸਕੇ।

ਚੀਨ ‘ਚ ਕੋਰੋਨਾ ਵਾਇਰਸ ਨਾਲ ਹੁਣ ਤੱਕ 3336 ਲੋਕਾਂ ਦੀ ਮੌਤ ਹੋ ਚੁੱਕੀ ਹੈ। ਚੀਨ ਦੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਨਵੇਂ ਕੋਰੋਨਾ ਸੰਕਰਮਿਤ 42 ਲੋਕਾਂ ‘ਚੋਂ 38 ਲੋਕ ਬਾਹਰ ਤੋਂ ਆਏ ਹਨ। ਇਸ ਦੇ ਨਾਲ ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ 47 ਹੋਰ ਅਜਿਹੇ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ‘ਚ ਕੋਰੋਨਾ ਦੇ ਲੱਛਣ ਨਹੀਂ ਪਾਏ ਗਏ ਹਨ।

ਦੱਸ ਦਈਏ ਕਿ ਚੀਨ ਨੇ ਪਿਛਲੇ 76 ਦਿਨਾਂ ਤੋਂ ਵੁਹਾਨ ‘ਚ ਮੁਕੰਮਲ ਤੌਰ ‘ਤੇ ਲਾਕਡਾਊਨ ਦਾ ਐਲਾਨ ਕੀਤਾ ਹੋਇਆ ਸੀ। ਕੋਰੋਨਾ ਵਾਇਰਸ ਦਾ ਸਭ ਤੋਂ ਪਹਿਲਾਂ ਸੰਕਰਮਿਤ ਮਰੀਜ਼ ਵੁਹਾਨ ‘ਚ ਹੀ ਪਾਇਆ ਗਿਆ ਸੀ। ਜਿਸ ਦੇ ਚੱਲਦਿਆਂ ਚੀਨ ਨੇ ਬੀਤੇ ਦਿਨ ਵੁਹਾਨ ‘ਚ ਸਥਿਤੀ ਕਾਬੂ ‘ਚ ਹੋਣ ਤੋਂ ਬਾਅਦ ਸ਼ਹਿਰ ‘ਚੋਂ ਲਾਕਡਾਊਨ ਪੂਰੀ ਤਰ੍ਹਾਂ ਹਟਾ ਦਿੱਤਾ ਸੀ। ਪਰ ਐਨ ਮੌਕੇ ‘ਤੇ ਕੋਰੋਨਾ ਦੇ 42 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਚੀਨ ਦਾ ਸਿਹਤ ਵਿਭਾਗ ਹਰਕਤ ‘ਚ ਆ ਗਿਆ ਹੈ ਤੇ ਉਨ੍ਹਾਂ ਨੇ ਕੋਰੋਨਾ ਤੋਂ ਠੀਕ ਹੋਏ ਮਰੀਜ਼ਾਂ ਦੀ ਦੁਬਾਰਾ ਜਾਂਚ ਕਰਨ ਦਾ ਆਦੇਸ਼ ਜਾਰੀ ਕੀਤਾ ਹੈ ਤੇ ਬਿਨ੍ਹਾਂ ਲੱਛਣ ਵਾਲੇ ਮਾਮਲਿਆਂ ‘ਤੇ ਖਾਸ ਧਿਆਨ ਰੱਖਣ ਦਾ ਵੀ ਆਦੇਸ਼ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਕੋਰੋਨਾ ਮਹਾਮਾਰੀ ਨਾਲ ਹੁਣ ਤੱਕ ਵਿਸ਼ਵ ਪੱਧਰ ‘ਤੇ 1 ਲੱਖ ਦੇ ਲਗਭਗ ਲੋਕਾਂ ਦੀ ਮੌਤ ਹੋ ਗਈ ਹੈ ਤੇ 15 ਲੱਖ ਤੋਂ ਵੱਧ ਲੋਕ ਇਸ ਵਾਇਰਸ ਦੀ ਲਪੇਟ ‘ਚ ਹਨ। ਇਟਲੀ, ਸਪੇਨ ਤੇ ਅਮਰੀਕਾ ਇਸ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ।

- Advertisement -

Share this Article
Leave a comment