ਕੋਵਿਡ-19 : ਇਟਲੀ ‘ਚ ਫਸੇ 263 ਭਾਰਤੀਆਂ ਨੂੰ ਏਅਰ ਇੰਡੀਆ ਦੀ ਵਿਸ਼ੇਸ਼ ਉਡਾਣ ਰਾਹੀਂ ਲਿਆਂਦਾ ਗਿਆ ਭਾਰਤ

TeamGlobalPunjab
2 Min Read

ਨਵੀਂ ਦਿੱਲੀ : ਕੋਰੋਨਾ ਵਾਇਰਸ (ਕੋਵਿਡ-19) ਨਾਲ ਪੂਰੀ ਦੁਨੀਆ ‘ਚ ਖੌਫ ਦਾ ਮਾਹੌਲ ਹੈ। ਚੀਨ ਤੋਂ ਬਾਅਦ ਕੋਰੋਨਾ ਨੇ ਇਟਲੀ ‘ਚ ਸਭ ਤੋਂ ਜ਼ਿਆਦਾ ਤਬਾਹੀ ਮਚਾਈ ਹੈ। ਕੋਰੋਨਾ ਵਾਇਰਸ ਦੇ ਫੈਲਣ ਕਾਰਨ  ਇਟਲੀ ਦੀ ਰਾਜਧਾਨੀ ਰੋਮ ‘ਚ ਫਸੇ 263 ਭਾਰਤੀਆਂ ਨੂੰ ਅੱਜ ਏਅਰ ਇੰਡੀਆ ਦੇ ਇੱਕ ਵਿਸ਼ੇਸ਼ ਜਹਾਜ਼ ਰਾਹੀਂ ਦਿੱਲੀ ਲਿਆਂਦਾ ਗਿਆ ਹੈ।

ਦੱਸ ਦਈਏ ਕਿ ਸ਼ਨੀਵਾਰ ਨੂੰ  12 ਕਰਿਊ ਮੈਂਬਰਾਂ ਦੇ ਨਾਲ ਏਅਰ ਇੰਡੀਆ ਦੇ ਵਿਸ਼ੇਸ਼ ਜਹਾਜ਼ ਬੋਇੰਗ-777 ਨੂੰ ਇਟਲੀ ਦੀ ਰਾਜਧਾਨੀ ਰੋਮ ‘ਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਰਵਾਨਾ ਕੀਤਾ ਗਿਆ ਸੀ। ਏਅਰ ਇੰਡੀਆ ਦੇ ਅਧਿਕਾਰੀ ਨੇ ਦੱਸਿਆ ਕਿ ਇਸ ਉਡਾਣ ਰਾਹੀਂ ਕੁਲ 263 ਵਿਦਿਆਰਥੀਆਂ ਨੂੰ ਦਿੱਲੀ ਵਾਪਸ ਲਿਆਂਦਾ ਗਿਆ ਹੈ। ਜਿਸ ‘ਚ ਕੁਝ ਭਾਰਤੀ ਵਿਦਿਆਰਥੀ ਤੇ ਯਾਤਰੀ ਸ਼ਾਮਲ ਹਨ। ਭਾਰਤ ਲਿਆਂਦੇ ਗਏ 263 ਵਿਦਿਆਰਥੀਆਂ ਦੀ ਸੁਰੱਖਿਆ ਜਾਂਚ ਤੋਂ ਬਾਅਦ ਇਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਜਾਣਗੇ।

ਅਧਿਕਾਰੀਆਂ ਨੇ ਦੱਸਿਆ ਕਿ ਚਾਲਕ ਦਲ ਦੇ ਮੈਂਬਰਾਂ ਦੀ ਸੁਰੱਖਿਆ ਲਈ ਵਿਸ਼ੇਸ਼ ਸੂਟਾਂ ਦੀ ਵਿਵਸਥਾ ਕੀਤੀ ਗਈ ਹੈ। ਖਬਰਾਂ ਮੁਤਾਬਕ ਇਟਲੀ ‘ਚ 500 ਤੋਂ ਵੱਧ ਭਾਰਤੀ ਲੋਕਾਂ ਦੇ ਮੌਜੂਦ ਹੋਣ ਦਾ ਅਨੁਮਾਨ ਹੈ। ਇਟਲੀ ’ਚ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਨਾਲ ਇੱਕ ਦਿਨ ‘ਚ 793 ਲੋਕਾਂ ਦੀ ਮੌਤ ਹੋਈ ਹੈ। ਇਹ ਇਸ ਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਹੈ।

ਦੁਨੀਆ ਦੇ 180 ਤੋਂ ਵੱਧ ਦੇਸ਼ਾਂ ‘ਚ ਫੈਲ ਚੁੱਕੇ ਜਾਨਲੇਵਾ ਕੋਰੋਨਾ ਵਾਇਰਸ (ਕੋਵਿਡ-19) ਨਾਲ ਹੁਣ ਤੱਕ 12 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ ਤੇ 2 ਲੱਖ 70 ਹਜ਼ਾਰ ਤੋਂ ਵੱਧ ਲੋਕ ਇਸ ਵਾਇਰਸ ਨਾਲ ਸੰਕਰਮਿਤ ਹਨ। ਇਟਲੀ, ਸਪੇਨ, ਫਰਾਂਸ ਤੇ ਸ੍ਰੀਲੰਕਾ ਤੋਂ ਇਲਾਵਾ ਅਮਰੀਕਾ ਦੇ ਕਈ ਰਾਜ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਗਏ ਹਨ। ਚੀਨ ਤੋਂ ਬਾਅਦ ਵਾਇਰਸ ਦਾ ਸਭ ਤੋਂ ਵੱਡਾ ਕੇਂਦਰ ਇਟਲੀ ਬਣ ਗਿਆ ਹੈ। ਇਟਲੀ ’ਚ ਹੁਣ ਤੱਕ ਇਸ ਵਾਇਰਸ ਨਾਲ 4,825 ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ ਤੇ 53578 ਲੋਕ ਵਾਇਰਸ ਨਾਲ ਸੰਕਰਮਿਤ ਹਨ।

 

Share This Article
Leave a Comment