ਸਰਕਾਰ ਵੱਲੋਂ ਕਾਂਗਰਸੀਆਂ ਦੀ ਅਗਵਾਈ ਵਾਲੇ ਸ਼ਰਾਬ ਮਾਫੀਆ ਖਿਲਾਫ ਕਾਰਵਾਈ ਕਰਨ ‘ਚ ਅਸਫਲ ਰਹਿਣ ਕਾਰਨ 5 ਹੋਰ ਮੌਤਾਂ ਹੋਈਆਂ : ਮਜੀਠੀਆ

TeamGlobalPunjab
4 Min Read

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਕਾਂਗਰਸੀਆਂ ਦੀ ਅਗਵਾਈ ਵਾਲੇ ਸ਼ਰਾਬ ਮਾਫੀਆ ਅਤੇ ਇਹਨਾਂ ਨੂੰ ਸਪੀਰਿਟ ਸਪਲਾਈ ਕਰਨ ਵਾਲੇ ਸ਼ਰਾਬ ਦੇ ਕਾਰਖਾਨਿਆਂ ਖਿਲਾਫ ਕਾਰਵਾਈ ਕਰਨ ਵਿਚ ਅਸਫਲ ਰਹਿਣ ਰਹਿਣ ਦੇ ਨਤੀਜੇ ਵਜੋਂ ਪੰਜ ਹੋਰ ਮਾਸੂਮਾਂ ਦੀ ਜਾਨ ਚਲੀ ਗਈ ਹੈ ਅਤੇ ਮੌਤ ਨਾਲ ਇਹ ਖੇਡ ਉਦੋਂ ਹੀ ਬੰਦ ਹੋਵੇਗੀ ਜਦੋਂ ਸਰਕਾਰੀ ਅਧਿਕਾਰੀਆਂ, ਭ੍ਰਿਸ਼ਟ ਪੁਲਿਸ ਵਾਲਿਆਂ ਸਮੇਤ ਸਾਰਾ ਗਠਜੋੜ ਤੋੜਿਆ ਜਾਵੇਗਾ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਸੂਬੇ ਵਿਚ ਨਜਾਇਜ਼ ਸ਼ਰਾਬ ਕਾਰੋਬਾਰ ਵਿਚ ਕਾਰਵਾਈ ਕਰਨ ਦੇ ਸਾਰੇ ਦਾਅਵੇ ਕੱਲ ਦੀਆਂ ਮੌਤਾਂ ਮਗਰੋਂ ਖੋਖਲੇ ਸਾਬਤ ਹੋਏ ਹਨ। ਉਹਨਾਂ ਕਿਹਾ ਕਿ ਇਸ ਤੋਂ ਪਤਾ ਚਲਦਾ ਹੈ ਕਿ ਇਹ ਮਾਫੀਆ ਖਤਮ ਹੋਣ ਦੀ ਥਾਂ ਉਲਟਾ ਵੱਧ ਫੁੱਲ ਰਿਹਾ ਹੈ। ਉਹਨਾਂ ਕਿਹਾ ਕਿ ਤਰਨਤਾਰਨ ਵਿਚ ਜਿਹੜੇ ਦੋ ਵਿਅਕਤੀਆਂ ਦੀ ਕੱਲ ਮੌਤ ਹੋਈ, ਉਹਨਾਂ ਦੇ ਪਰਿਵਾਰਾਂ ਅਤੇ ਭੁੱਲਥ ਵਿਚ ਜਿਹੜੇ ਤਿੰਨ ਵਿਅਕਤੀਆਂ ਦੀ ਮੌਤ ਹੋਈ ਉਹਨਾਂ ਦੇ ਪਰਿਵਾਰਾਂ ਨੇ ਇਹ ਬਿਆਨ ਦਿੱਤੇ ਹਨ ਕਿ ਉਹਨਾਂ ਦੇ ਪਿੰਡਾਂ ਵਿਚ ਜ਼ਹਿਰੀਲੀ ਸ਼ਰਾਬ ਸ਼ਰ•ੇਆਮ ਮਿਲ ਰਹੀ ਹੈ। ਉਹਨਾਂ ਕਿਹਾ ਕਿ ਜ਼ਹਿਰੀਲੀ ਸ਼ਰਾਬ ਦੇ ਵਪਾਰੀਆਂ ਦਾ ਜਾਲ ਦਿਨ ਬ ਦਿਨ ਵੱਧ ਰਿਹਾ ਹੈ ਤੇ ਹੁਣ ਉਹ ਮਾਝਾ ਤੇ ਪਟਿਆਲਾ-ਖੰਨਾ-ਲੁਧਿਆਣਾ ਪੱਟੀ ਵਿਚ ਵਪਾਰ ਮਗਰੋਂ ਦੁਆਬਾ ਖੇਤਰ ਵਿਚ ਵੀ ਪੁੱਜ ਗਏ ਹਨ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਲਈ ਇਸ ਤੋਂ ਵੱਡਾ ਕਸੂਰਵਾਰ ਹੋਣਾ ਹੋਰ ਨਹੀਂ ਹੋ ਸਕਦਾ।

ਅਕਾਲੀ ਆਗੂ ਨੇ ਕਿਹਾ ਕਿ ਲੋਕ ਜ਼ਹਿਰੀਲੀ ਸ਼ਰਾਬ ਪੀਣ ਮਗਰੋਂ ਮਰ ਰਹੇ ਹਨ ਕਿਉਂਕਿ ਸਰਕਾਰ ਉਹਨਾਂ ਸ਼ਰਾਬ ਦੇ ਕਾਰਖਾਨਿਆਂ ਖਿਲਾਫ ਕੁਝ ਨਹੀਂ ਕਰ ਰਹੀ ਜਿਹਨਾਂ ਨੇ ਸ਼ਰਾਬ ਮਾਫੀਆ ਨੂੰ ਸਪੀਰਿਟ ਸਪਲਾਈ ਕੀਤੀ। ਉਹਨਾਂ ਕਿਹਾ ਕਿ ਜਦੋਂ ਤੱਕ ਸ਼ਰਾਬ ਮਾਫੀਆ ਨੂੰ ਡਿਨੇਚਰਡ ਸਪੀਰਿਟ ਸਪਲਾਈ ਕਰਨ ਵਾਲੀਆਂ ਇਹ ਫੈਕਟਰੀਆਂ ਸੀਲ ਨਹੀਂ ਕੀਤੀਆਂ ਜਾਂਦੀਆਂ ਅਤੇ ਇਹਨਾਂ ਦੇ ਪ੍ਰਬੰਧਕਾਂ ਨੂੰ ਅਜਿਹੇ ਕਤਲਾਂ ਨੂੰ ਸ਼ਹਿ ਦੇਣ ਲਈ ਮਿਸਾਲੀ ਸਜ਼ਾਵਾਂ ਨਹੀਂ ਦਿੱਤੀਆਂ ਜਾਂਦੀਆਂ, ਇਹ ਦੁਖਾਂਤ ਵਾਪਰਦੇ ਰਹਿਣਗੇ। ਉਹਨਾਂ ਕਿਹਾ ਕਿ ਹੁਣ ਵੀ ਸਮਾਂ ਹੈ ਕਿ ਕਾਂਗਰਸ ਸਰਕਾਰ ਇਸ ਤ੍ਰਾਸਦੀ ਦੇ ਮਿਆਰ ਨੂੰ ਸਮਝੇ ਅਤੇ ਜਿਥੇ ਕਾਰਵਾਈ ਹੋਣ ਵਾਲੀ ਹੈ, ਉਥੇ ਕਾਰਵਾਈ ਕਰੇ ਨਾ ਕਿ ਤਸਵੀਰਾਂ ਖਿਚਵਾਉਣ ਤੇ ਦੇਸੀ ਸ਼ਰਾਬ ਕੱਢਣ ਵਾਲਿਆਂ ਖਿਲਾਫ ਕਾਰਵਾਈ ਕਰਨ ਦੀ ਡਰਾਮੇਬਾਜ਼ੀ ਕਰੇ।

ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਕ ਵਾਰ ਇਹਨਾਂ ਸ਼ਰਾਬ ਫੈਕਟਰੀਆਂ ਖਿਲਾਫ ਕਾਰਵਾਈ ਸ਼ੁਰੂ ਹੋ ਗਈ ਅਤੇ ਇਹ ਸੀਲ ਕਰ ਦਿੱਤੀਆਂ ਗਈਆਂ ਤਾਂ ਸਾਰਾ ਅਪਰਾਧ ਸੁਲਝਾਇਆ ਜਾ ਸਕੇਗਾ। ਉਹਨਾਂ ਕਿਹਾ ਕਿ ਭਾਵੇਂ ਪਟਿਆਲਾ ਅਤੇ ਖੰਨਾ ਵਿਚ ਨਜਾਇਜ਼ ਸ਼ਰਾਬ ਫੈਕਟਰੀਆਂ ਕਮ ਬੋਟਲਿੰਗ ਪਲਾਂਟ ਬੇਨਕਾਬ ਹੋਏ ਹਨ ਪਰ ਅਜਿਹਾ ਲੱਗਦਾ ਹੈ ਕਿ ਹੋਰ ਵੀ ਅਜਿਹੀਆਂ ਕਈ ਨਜਾਇਜ਼ ਸਹੂਲਤਾਂ ਹਨ ਜੋ ਵੱਧ ਫੁੱਲ ਰਹੀਆਂ ਹਨ ਅਤੇ ਸਾਡੇ ਸਮਾਜ ਵਿਚ ਜ਼ਹਿਰ ਫੈਲਾ ਰਹੀਆਂ ਹਨ। ਉਹਨਾਂ ਕਿਹਾ ਕਿ ਇਕ ਵਾਰ ਇਹਨਾਂ ਸ਼ਰਾਬ ਫੈਕਟਰੀਆਂ ਖਿਲਾਫ ਕਾਰਵਾਈ ਹੋ ਗਈ ਤਾਂ ਫਿਰ ਕਾਂਗਰਸੀ ਆਗੂਆਂ ਸਮੇਤ ਉਹ ਮਾਫੀਆ ਬੇਨਕਾਬ ਹੋ ਜਾਵੇਗਾ ਜੋ ਇਹਨਾਂ ਦੀ ਪੁਸ਼ਤ ਪਨਾਹੀ ਕਰ ਰਿਹਾ ਹੈ ਤੇ ਇਸ ਗੋਰਖ ਧੰਦੇ ਨੂੰ ਚਲਾ ਰਿਹਾ ਹੈ ਜਦਕਿ ਸਿਵਲ ਤੇ ਪੁਲਿਸ ਫੋਰਮ ਵਿਚਲੇ ਮਾੜੇ ਤੱਤ ਵੀ ਬੇਨਕਾਬ ਹੋ ਜਾਣਗੇ ਜੋ ਇਸ ਨਜਾਇਜ਼ ਕਾਰੋਬਾਰ ਚਲਾਉਣ ਵਿਚ ਮਦਦ ਕਰ ਰਹੇ ਹਨ।

- Advertisement -

ਅਕਾਲੀ ਆਗੂ ਨੇ ਆਪਣੀ ਮੰਗ ਫਿਰ ਦੁਹਰਾਈ ਕਿ ਸਾਰੇ ਕੇਸ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਤੇ ਕਿਹਾ ਕਿ ਅੰਮ੍ਰਿਤਸਰ, ਗੁਰਦਾਸਪੁਰ ਤੇ ਤਰਨ ਤਾਰਨ ਜ਼ਿਲਿ•ਆਂ ਵਿਚ ਵਾਪਰੇ ਇਸ ਜ਼ਹਿਰੀਲੀ ਸ਼ਰਾਬ ਦੁਖਾਂਤ ਵਿਚ 130 ਜਣਿਆਂ ਦੀ ਮੌਤ ਮਗਰੋਂ ਹੁਣ ਪੰਜ ਹੋਰ ਮੌਤਾਂ ਹੋਣ ਨੇ ਸਾਬਤ ਕੀਤਾ ਹੈ ਕਿ ਅਸਲ ਦੋਸ਼ੀਆਂ ਨੂੰ ਸਿਆਸੀ ਪੁਸ਼ਤ ਪਨਾਹੀ ਮਿਲ ਰਹੀ ਹੈ। ਉਹਨਾਂ ਕਿਹਾ ਕਿ ਇਕ ਵਾਰ ਮੁਲਜ਼ਮਾਂ ਨੂੰ ਦਿੱਤੀ ਜਾ ਰਹੀ ਪੁਸ਼ਤ ਪਨਾਹੀ ਕਾਂਗਰਸ ਸਰਕਾਰ ਵਾਪਸ ਲੈ ਲਵੇ ਤਾਂ ਫਿਰ ਇਸ ਕੇਸ ਵਿਚ ਨਿਆਂ ਮਿਲ ਸਕੇਗਾ। ਉਹਨਾਂ ਮੰਗ ਕੀਤੀ ਕਿ ਇਸ ਸਾਰੇ ਨਜਾਇਜ਼ ਸ਼ਰਾਬ ਕਾਰੋਬਾਰ ਦੀ ਸੀ ਬੀ ਆਈ ਜਾਂ ਫਿਰ ਹਾਈ ਕੋਰਟ ਦੇ ਸੀਟਿੰਗ ਜੱਜ ਤੋਂ ਜਾਂਚ ਕਰਵਾਈ ਜਾਵੇ ਅਤੇ ਕਿਹਾ ਕਿ ਇਸ ਨਾਲ ਪਹਿਲਾਂ ਹੀ ਸੂਬੇ ਦੇ ਖ਼ਜ਼ਾਨੇ ਨੂੰ 5600 ਕਰੋੜ ਰੁਪਏ ਦਾ ਘਾਟਾ ਪੈ ਚੁੱਕਾ ਹੈ ਤੇ 135 ਕੀਮਤੀ ਜਾਨਾਂ ਗੁਆ ਲਈਆਂ ਗਈਆਂ ਹਨ।

Share this Article
Leave a comment