ਨਵੀ ਦਿੱਲੀ : ਬੰਗਲਾਦੇਸ਼ ਦੀ ਇੱਕ ਅਦਾਲਤ ਨੇ ਜ਼ਮੀਨ ਘੁਟਾਲੇ ਦੇ ਇੱਕ ਮਾਮਲੇ ਵਿੱਚ ਗੱਦੀਓਂ ਲਾਹੀ ਗਈ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ ਉਨ੍ਹਾਂ ਦੀ ਭਾਣਜੀ ਟਿਊਲਿਪ ਸਿੱਦੀਕ ਨੂੰ ਜੇਲ੍ਹ ਦੀ ਸਜ਼ਾ ਸੁਣਾਈ ਹੈ। ਅਦਾਲਤ ਦਾ ਇਹ ਫੈਸਲਾ ਅਜਿਹੇ ਸਮੇਂ ਆਇਆ ਹੈ ਜਦੋਂ ਹਸੀਨਾ ਪਹਿਲਾਂ ਹੀ ਕਈ ਕਾਨੂੰਨੀ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ। ਪਿਛਲੇ ਹਫ਼ਤੇ 27 ਨਵੰਬਰ ਨੂੰ ਇੱਕ ਹੋਰ ਫੈਸਲੇ ਵਿੱਚ, ਸ਼ੇਖ ਹਸੀਨਾ ਨੂੰ ਪੂਰਬਾਚਲ ਘੁਟਾਲੇ ਦੇ ਤਿੰਨ ਮਾਮਲਿਆਂ ਵਿੱਚ 21 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। ਇਸ ਤੋਂ ਇਲਾਵਾ ਵਿਦਿਆਰਥੀ ਅੰਦੋਲਨ ਦੌਰਾਨ ਮਨੁੱਖਤਾ ਵਿਰੁੱਧ ਕਥਿਤ ਅਪਰਾਧਾਂ ਲਈ ਹਸੀਨਾ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ।
ਢਾਕਾ ਦੀ ਇੱਕ ਵਿਸ਼ੇਸ਼ ਅਦਾਲਤ ਨੇ ਸੋਮਵਾਰ ਨੂੰ ਪੂਰਬਾਚਲ ਨਿਊ ਟਾਊਨ ਪ੍ਰੋਜੈਕਟ ਵਿੱਚ ਕੈਪੀਟਲ ਡਿਵੈਲਪਮੈਂਟ ਅਥਾਰਟੀ (ਰਾਜੁਕ) ਦੇ ਪਲਾਟ ਅਲਾਟਮੈਂਟ ਵਿੱਚ ਬੇਨਿਯਮੀਆਂ ਦੇ ਇੱਕ ਮਾਮਲੇ ਵਿੱਚ ਸ਼ੇਖ ਹਸੀਨਾ, ਉਸਦੀ ਭੈਣ ਸ਼ੇਖ ਰੇਹਾਨਾ ਅਤੇ ਰੇਹਾਨਾ ਦੀ ਧੀ ਅਤੇ ਬ੍ਰਿਟਿਸ਼ ਸੰਸਦ ਮੈਂਬਰ ਟਿਊਲਿਪ ਸਿੱਦੀਕ ਨੂੰ ਦੋਸ਼ੀ ਠਹਿਰਾਇਆ ਗਿਆ ਅਤੇ ਕੈਦ ਦੀ ਸਜ਼ਾ ਸੁਣਾਈ ਗਈ ਹੈ। ਜ਼ਮੀਨ ਘੁਟਾਲੇ ਦੇ ਇੱਕ ਮਾਮਲੇ ਵਿੱਚ ਫੈਸਲਾ ਸੁਣਾਉਂਦੇ ਹੋਏ, ਅਦਾਲਤ ਨੇ ਕਿਹਾ ਕਿ ਹਸੀਨਾ ਨੇ ਪ੍ਰਧਾਨ ਮੰਤਰੀ ਹੁੰਦਿਆਂ ਰਾਜ ਦੇ ਅਧਿਕਾਰ ਦੀ ਦੁਰਵਰਤੋਂ ਕੀਤੀ ਅਤੇ ਗੈਰ-ਕਾਨੂੰਨੀ ਢੰਗ ਨਾਲ ਪਲਾਟ ਹਾਸਲ ਕੀਤੇ।
ਹਸੀਨਾ ਨੇ ਅਧਿਕਾਰੀਆਂ ਨਾਲ ਮਿਲੀਭੁਗਤ ਕਰਕੇ, ਢਾਕਾ ਇੰਪਰੂਵਮੈਂਟ ਟਰੱਸਟ (ਲੈਂਡ ਅਲਾਟਮੈਂਟ) ਨਿਯਮਾਂ, 1969 ਦੀ ਉਲੰਘਣਾ ਕਰਦੇ ਹੋਏ, ਪੂਰਬਾਚਲ ਦੇ ਸੈਕਟਰ 27 ਦੇ ਡਿਪਲੋਮੈਟਿਕ ਜ਼ੋਨ ਵਿੱਚ ਗੈਰ-ਕਾਨੂੰਨੀ ਤੌਰ ‘ਤੇ ਛੇ ਪਲਾਟ ਅਲਾਟ ਕੀਤੇ। ਇਨ੍ਹਾਂ ‘ਚ ਹਸੀਨਾ ਦੇ ਬੇਟੇ ਸਾਜੀਬ ਵਾਜੇਦ ਜੋਏ, ਬੇਟੀ ਸਾਇਮਾ ਵਾਜੇਦ ਪੁਤੁਲ, ਭੈਣ ਰੇਹਾਨਾ, ਰੇਹਾਨਾ ਦੀ ਬੇਟੀ ਟਿਊਲਿਪ ਰਿਜ਼ਵਾਨਾ ਮੁਜੀਬ ਸਿੱਦੀਕ ਦੇ ਨਾਂ ਸ਼ਾਮਲ ਹਨ।
ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਭ੍ਰਿਸ਼ਟਾਚਾਰ ਵਿਰੋਧੀ ਕਮਿਸ਼ਨ (ਏ.ਸੀ.ਸੀ.) ਦੁਆਰਾ ਹੁਣ ਤੱਕ ਕੁੱਲ ਚਾਰ ਭ੍ਰਿਸ਼ਟਾਚਾਰ ਮਾਮਲਿਆਂ ਵਿੱਚ ਦੋਸ਼ੀ ਠਹਿਰਾਇਆ ਗਿਆ ਹੈ। ਇਸ ਨੂੰ ਹਸੀਨਾ ਦੇ ਰਾਜਨੀਤਿਕ ਕਰੀਅਰ ਅਤੇ ਉਨ੍ਹਾਂ ਦੇ ਵਤਨ ਵਾਪਸੀ ਲਈ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

