ਵਰਲਡ ਡੈਸਕ :- ਇਟਲੀ ਦੇ ਲਾਸੀਓ ਸੂਬੇ ‘ਚ 36 ਬੱਚਿਆਂ ਸਣੇ 300 ਦੇ ਕਰੀਬ ਭਾਰਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਹੋਣ ਕਰਕੇ ਸਥਾਨਕ ਪ੍ਰਸ਼ਾਸਨ ਅਲਰਟ ਹੋ ਚੁੱਕਾ ਹੈ।
ਲਾਤੀਨਾ ਤੇ ਆਸ-ਪਾਸ ਦੇ ਇਲਾਕਿਆ ‘ਚ ਕੋਈ 15 ਹਜ਼ਾਰ ਦੇ ਕਰੀਬ ਭਾਰਤੀ ਰਹਿੰਦੇ ਹਨ ਜੋ ਖੇਤੀ ਫਾਰਮਾਂ ਤੇ ਦੁੱਧ ਡੇਅਰੀਆਂ ‘ਤੇ ਕੰਮ ਕਰ ਰਹੇ ਹਨ। ਇਨ੍ਹਾਂ ਦਾ ਜਲਦ ਤੋਂ ਜਲਦ ਕਰੋਨਾ ਟੈਸਟ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ। ਕਿਉਂਕਿ ਪਿਛਲੇ ਦਿਨਾਂ ‘ਚ ਭਾਰਤ ਤੋਂ ਇਟਲੀ ਪਹੁੰਚੇ ਭਾਰਤੀਆਂ ਦੇ ਕੋਰੋਨਾ ਇਨਫੈਕਟਿਡ ਹੋਣ ਦਾ ਡਰ ਬਣਿਆ ਹੋਇਆ ਹੈ।
ਇਸਤੋਂ ਇਲਾਵਾ ਲਾਤੀਨਾ ਜ਼ਿਲ੍ਹੇ ਦੇ ਅਪ੍ਰੀਲੀਆ ਸ਼ਹਿਰ ਦੇ ਨਗਰ ਕੌਂਸਲ ਤੋ ਪ੍ਰਾਪਤ ਜਾਣਕਾਰੀ ਮੁਤਾਬਿਕ 32 ਭਾਰਤੀ ਪਰਿਵਾਰਾਂ ਦੇ ਮੈਂਬਰ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਜਿਨ੍ਹਾਂ ਭਾਰਤੀਆ ਦੀਆਂ ਕੋਰੋਨਾ ਰਿਪੋਰਟਾਂ ਪਾਜ਼ੇਟਿਵ ਆਈਆਂ ਹਨ, ਉਨ੍ਹਾਂ ਨੂੰ ਆਪੋ-ਆਪਣੇ ਘਰਾਂ ‘ਚ ਰਹਿਣ ਇਕਾਂਤਵਾਸ ਲਈ ਆਖਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਆਏ ਦਿਨ ਇਟਲੀ ‘ਚ ਭਾਰਤੀ ਭਾਈਚਾਰੇ ਦੇ ਲੋਕਾਂ ‘ਚ ਇਹ ਨਵੇ ਵਾਇਰਸ ਦੇ ਲੱਛਣ ਮਿਲਣ ਮਗਰੋਂ ਇਟਲੀ ਦਾ ਸਿਹਤ ਵਿਭਾਗ ਡੂੰਘੀ ਚਿੰਤਾ ‘ਚ ਹੈ। ਇਟਲੀ ‘ਚ ਵਸਦੇ ਸਮੂਹ ਭਾਰਤੀ ਭਾਈਚਾਰੇ ਨੂੰ ਅਪੀਲ ਵੀ ਹੈ ਕਿ ਜੇਕਰ ਕੋਈ ਵੀ ਵਿਅਕਤੀ ਭਾਰਤ ਤੋਂ ਆਉਂਦਾ ਹੈ ਤਾਂ ਉਸ ਦਾ ਟੈਸਟ ਜ਼ਰੂਰ ਕਰਵਾਉਣਾ ਚਾਹੀਦਾ ਹੈ।