ਵਾਸ਼ਿੰਗਟਨ : ਦੁਨੀਆ ਦੇ 185 ਤੋਂ ਵੱਧ ਦੇਸ਼ਾਂ ਵਿੱਚ ਫੈਲ ਚੁੱਕੀ ਕੋਰੋਨਾ ਮਹਾਮਾਰੀ ਨਾਲ ਹੁਣ ਤੱਕ ਪੂਰੀ ਦੁਨੀਆ ‘ਚ 82 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 14 ਲੱਖ ਤੋਂ ਵੱਧ ਲੋਕ ਇਸ ਵਾਇਰਸ ਦੀ ਲਪੇਟ ‘ਚ ਹਨ। ਇਟਲੀ, ਸਪੇਨ ਤੋਂ ਬਾਅਦ ਅਮਰੀਕਾ ਇਸ ਮਹਾਮਾਰੀ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਹੈ। ਇਸ ਸੰਕਟ ਦੀ ਘੜੀ ‘ਚ ਬਹੁਤ ਸਾਰੇ ਵਿਅਕਤੀ ਆਪਣੇ ਪੱਧਰ ‘ਤੇ ਗਰੀਬ ਤੇ ਲੋੜਵੰਦ ਲੋਕਾਂ ਦੀ ਮਦਦ ਲਈ ਅੱਗੇ ਆ ਰਿਹਾ ਹੈ। ਅਜਿਹਾ ਹੀ ਇੱਕ ਮਾਮਲਾ ਅਮਰੀਕਾ ਦੇ ਨਿਊਯਾਰਕ ਸ਼ਹਿਰ ਦੇ ਬਰੂਕਲਿਨ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਮਕਾਨ ਮਾਲਕ ਨੇ ਆਪਣੇ 200 ਤੋਂ ਵੱਧ ਕਿਰਾਏਦਾਰਾਂ ਦਾ ਕਿਰਾਇਆ ਮੁਆਫ ਕਰਕੇ ਇਨਸਾਨੀਅਤ ਦਾ ਇੱਕ ਵੱਡਾ ਸਬੂਤ ਦਿੱਤਾ ਹੈ।
ਨਿਊਯਾਰਕ ਟਾਈਮਜ਼ ਦੀ ਇੱਕ ਰਿਪੋਰਟ ਮੁਤਾਬਕ ਬਰੂਕਲਿਨ ਦੇ ਰਹਿਣ ਵਾਲੇ ਮਾਰੀਓ ਸਲੇਰਨੋ ਇਸ ਸੰਕਟ ਦੀ ਘੜੀ ‘ਚ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ। ਮਾਰੀਓ ਸਲੇਰਨੋ ਨੇ ਆਪਣੇ 80 ਅਪਾਰਟਮੈਂਟਾਂ ‘ਚ ਰਹਿਣ ਵਾਲੇ 200 ਤੋਂ ਵੱਧ ਕਿਰਾਏਦਾਰਾਂ ਦਾ ਅਪ੍ਰੈਲ ਮਹੀਨੇ ਦਾ ਕਿਰਾਇਆ ਮੁਆਫ ਕਰ ਦਿੱਤਾ ਹੈ। ਦੱਸ ਦਈਏ ਕਿ ਉਨ੍ਹਾਂ ਦੇ ਇੱਕ ਅਪਾਰਟਮੈਂਟ ਦਾ ਕਿਰਾਇਆ 2 ਲੱਖ 13 ਹਜ਼ਾਰ ਹੈ। ਉਨ੍ਹਾਂ ਕਿਹਾ ਕਿ ਸਾਰੀ ਦੁਨੀਆ ਇਸ ਸਮੇਂ ਕੋਰੋਨਾ ਵਰਗੀ ਜਾਨਲੇਵਾ ਬਿਮਾਰੀ ਨਾਲ ਜੂਝ ਰਹੀ ਹੈ। ਅਮਰੀਕਾ ਦੇ ਨਿਊਯਾਰਕ ਸ਼ਹਿਰ ‘ਚ ਸਥਿਤੀ ਹੋਰ ਵੀ ਗੰਭੀਰ ਬਣਦੀ ਜਾ ਰਹੀ ਹੈ। ਅਜਿਹੇ ਸੰਕਟ ‘ਚ ਉਹ ਆਪਣੇ ਕਿਰਾਏਦਾਰਾਂ ਨੂੰ ਹੋਰ ਤਕਲੀਫ ਨਹੀਂ ਦੇਣਾ ਚਾਹੁੰਦੇ। ਮਾਰੀਓ ਨੇ ਆਪਣੀ ਬਿਲਡਿੰਗ ਦੇ ਬਾਹਰ ਇੱਕ ਪੋਸਟਰ ਲਗਾ ਕੇ ਅਪ੍ਰੈਲ ਮਹੀਨੇ ਦਾ ਕਿਰਾਇਆ ਮੁਆਫ ਕਰਨ ਦੀ ਜਾਣਕਾਰੀ ਆਪਣੇ ਕਿਰਾਏਦਾਰਾਂ ਨੂੰ ਦਿੱਤੀ ਹੈ। 59 ਸਾਲਾ ਮਾਰੀਓ ਸਲੇਰਨੋ ਨੇ ਨਾਲ ਹੀ ਆਪਣੇ ਗੁਆਂਢੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣਾ ਖਿਆਲ ਰੱਖਣ ਤੇ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਣ।
ਦੱਸ ਦਈਏ ਕਿ ਅਮਰੀਕਾ ‘ਚ ਕੋਰੋਨਾ ਨਾਲ ਹੁਣ ਤੱਕ 12857 ਲੋਕਾਂ ਦੀ ਮੌਤ ਹੋ ਗਈ ਹੈ ਤੇ 4 ਲੱਖ ਤੋਂ ਵੱਧ ਲੋਕ ਇਸ ਵਾਇਰਸ ਨਾਲ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਹੇ ਹਨ। ਅਮਰੀਕਾ ਦਾ ਨਿਊਯਾਰਕ ਸ਼ਹਿਰ ਕੋਰੋਨਾ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਇੱਕਲੇ ਨਿਊਯਾਰਕ ‘ਚ ਕੋਰੋਨਾ ਨਾਲ 5 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ। ਕੋਰੋਨਾ ਸੰਕਟ ਕਾਰਨ ਅਮਰੀਕੀ ਅਰਥਵਿਵਸਥਾ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ ਜਿਸ ਕਾਰਨ ਅਮਰੀਕਾ ਦੇ ਹਜ਼ਾਰਾਂ ਲੋਕ ਬੇ-ਰੁਜ਼ਗਾਰ ਹੋ ਗਏ ਹਨ।