ਕਾਂਗਰਸ ਮੁੱਖਮੰਤਰੀ ਦੇ ਚਿਹਰੇ ਦਾ ਕਰੇਗੀ ਐਲਾਨ-ਰਾਹੁਲ

TeamGlobalPunjab
3 Min Read

ਚੰਡੀਗੜ੍ਹ  –  ਕਾਂਗਰਸੀ ਆਗੂ ਰਾਹੁਲ ਗਾਂਧੀ  ਦੀ ਜਲੰਧਰ ਫੇਰੀ ਦੌਰਾਨ ਇੱਕ ਗੱਲ ਤਾਂ ਸਪਸ਼ਟ ਹੋ ਗਈ ਹੈ ਕਿ  ਕਾਂਗਰਸ ਪਾਰਟੀ ਦੇ ਅੰਦਰੋਂ ਅੰਦਰੀ ਵੀ ਇਸ ਗੱਲ ਦਾ ਦਬਾਅ ਹੈ ਕਿ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਜਾਵੇ।

ਰਾਹੁਲ ਗਾਂਧੀ ਨੇ ਕਿਹਾ ਕਿ ਜੇ ਪਾਰਟੀ ਚਾਹੁੰਦੀ ਹੈ ਤੇ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਜਾਵੇਗਾ ਪਰ ਇਸ ਲਈ ਕਾਂਗਰਸੀ ਵਰਕਰਾਂ ਨੂੰ ਪੁੱਛਿਆ ਜਾਵੇਗਾ।
ਰਾਹੁਲ ਨੇ ਕਿਹਾ ਕਿ  ਉਨ੍ਹਾਂ ਨੇ ਸਿੱਧੂ ਤੇ ਚੰਨੀ ਨਾਲ ਇਸ ਬਾਰੇ ਗੱਲਬਾਤ ਕੀਤੀ ਹੈ ਜਿਸ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ ਕਿ ਚੋਣਾਂ ਤੋਂ ਪਹਿਲੇ ਮੁੱਖ ਮੰਤਰੀ ਦਾ ਚਿਹਰਾ  ਐਲਾਨ ਦਿੱਤਾ ਜਾਵੇਗਾ  ਪਰ ਇਸ ਤੋਂ ਪਹਿਲਾਂ ਕਾਂਗਰਸੀ ਵਰਕਰਾਂ ਤੇ ਪੰਜਾਬ ਦੇ ਲੋਕਾਂ ਤੋਂ ਪੁੱਛਿਆ ਜਾਵੇਗਾ ਕਿ ਉਹ ਕਿਸ ਨੂੰ ਮੁੱਖ ਮੰਤਰੀ ਦੇ ਤੌਰ ਤੇ ਵੇਖਣਾ ਚਾਹੁੰਦੇ ਹਨ। ਰਾਹੁਲ ਨੇ ਕਿਹਾ ਕਿ ਪੰਜਾਬ  ਉਨ੍ਹਾਂ ਦੀ ਪਾਰਟੀ ਲਈ ਸਿਰਫ਼ ਇੱਕ ਸੂਬਾ ਨਹੀਂ   ਹੈ ਪਰ ਵਿਚਾਰਧਾਰਾ ਹੇੈ।
ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਪੰਜਾਬ ਦਾ ਨੁਕਸਾਨ ਹੋਵੇ, ਕਾਂਗਰਸ ਪਾਰਟੀ ਦਾ ਨੁਕਸਾਨ ਹੋਵੇ। ਉਨ੍ਹਾਂ ਨੇ ਕਿਹਾ ਕਿ  ਦਿੱਲੀ ਤੋਂ ਦੂਜੀਆਂ ਪਾਰਟੀਆਂ ਦੇ ਆਏ ਲੋਕ ਮਜ਼ਾਕ ਕਰਦੇ ਹਨ ਕਿ ਕਾਂਗਰਸ ਪਾਰਟੀ ‘ਚ ਆਪਸੀ ਖਾਨਾਜੰਗੀ ਦਾ ਮਾਹੌਲ ਹੈ। ਉਨ੍ਹਾਂ ਨੇ ਰਾਹੁਲ ਗਾਂਧੀ ਨੂੰ ਬੇਨਤੀ ਕੀਤੀ ਕਿ ਪੰਜਾਬ ਲਈ ਮੁੱਖ ਮੰਤਰੀ ਦਾ ਚਿਹਰਾ ਐਲਾਨ ਦਿੱਤਾ ਜਾਵੇ।
ਉਨ੍ਹਾਂ  ਕਿਹਾ ਕਿ ਉਨ੍ਹਾਂ ਨੇ ਸਾਰਿਆਂ ਨੂੰ ਨਾਲ ਲੈ ਕੇ 111ਦਿਨ ਦੀ ਸਰਕਾਰ ਬਹੁਤ ਵਧੀਆ ਤਰੀਕੇ ਨਾਲ ਚਲਾਈ ਹੈ  ਤੇ ਅੱਗੇ ਵੀ ਹੋਰ ਵਧੀਆ ਕੰਮ ਕਰਨ ਵਾਸਤੇ  ਉਨ੍ਹਾਂ ਦੀ ਪਾਰਟੀ ਨੂੰ ਦੁਬਾਰਾ ਸਰਕਾਰ ਬਣਾਉਣ ਦਾ ਮੌਕਾ ਮਿਲਣਾ ਚਾਹੀਦਾ ਹੈ। ਚੰਨੀ ਨੇ ਨਵਜੋਤ ਸਿੰਘ ਸਿੱਧੂ ਨੂੰ ਆਵਾਜ਼ ਮਾਰ ਕੇ ਕੋਲ ਬੁਲਾਇਆ ਤੇ ਕਿਹਾ  ਕਿ ਕਾਂਗਰਸ ਵਿੱਚ ਸਾਰੇ ਲੀਡਰ ਇਕਜੁੱਟ ਹਨ। ਉਨ੍ਹਾਂ ਕਿਹਾ ਕਿ ਚਿਹਰਾ ਭਾਵੇਂ ਕੋਈ ਵੀ ਐਲਾਨਿਆ ਜਾਵੇ  ਉਨ੍ਹਾਂ ਨੂੰ ਮਨਜ਼ੂਰ ਹੋਵੇਗਾ  ਤੇ ਉਹ ਸਭ ਤੋਂ ਅੱਗੇ ਮੋਹਰੀ ਬਣ ਕੇ ਪਾਰਟੀ ਲਈ ਪ੍ਰਚਾਰ ਕਰਨਗੇ।
ਕਾਂਗਰਸ ਪ੍ਰਧਾਨ  ਨਵਜੋਤ ਸਿੱਧੁੂ ਨੇ ਵੀ ਸਟੇਜ ਤੋਂ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਦੀ ਪ੍ਰੋੜ੍ਹਤਾ ਕੀਤੀ । ਸਿੱਧੂ ਨੇ ਵੀ ਕਿਹਾ ਕਿ ਅਸੀਂ ਸਾਰੇ ਇਕੱਠੇ ਹਾਂ ਪਰ ਇਸ ਵਾਰ ਫ਼ੈਸਲੇ ਲੈਣ ਦੀ ਤਾਕਤ ਮਿਲਣੀ ਚਾਹੀਦੀ ਹੈ ਤੇ ਉਨ੍ਹਾਂ ਨੂੰ  ਸਿਰਫ਼ ਦਰਸ਼ਨੀ ਘੋੜਾ ਨਾ ਬਣਾ ਕੇ ਰੱਖ ਦਿੱਤਾ ਜਾਵੇ।

Share this Article
Leave a comment