2027 ਦੀਆਂ ਚੋਣਾਂ ਲਈ ਕਾਂਗਰਸ ਨੇ ਕੱਸੀ ਕਮਰ: ਰਾਹੁਲ ਤੋਂ ਬਾਅਦ ਹੁਣ ਪ੍ਰਿਯੰਕਾ ਗਾਂਧੀ ਦੇ ਪੰਜਾਬ ਦੌਰੇ ’ਤੇ, ਲੁਧਿਆਣਾ ‘ਚ ਵਿਸ਼ਾਲ ਰੈਲੀ ਕਰਨ ਦੀ ਯੋਜਨਾ

raajan tiwari
5 Min Read

ਚੰਡੀਗੜ੍ਹ/ ਦਿੱਲੀ : ਪੰਜਾਬ ਦੀ ਸਿਆਸਤ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹੁਣ ਤੋਂ ਹੀ ਹਲਚਲ ਤੇਜ਼ ਹੋਣ ਲੱਗੀ ਹੈ। ਆਮ ਆਦਮੀ ਪਾਰਟੀ ਅਤੇ ਹੋਰ ਸਿਆਸੀ ਪਾਰਟੀਆਂ ਵਿਚਾਲੇ ਚੋਣੀ ਮਾਹੌਲ ਬਣਨ ਦੇ ਨਾਲ-ਨਾਲ ਕਾਂਗਰਸ ਨੇ ਵੀ ਆਪਣੀਆਂ ਤਿਆਰੀਆਂ ਨੂੰ ਤੇਜ਼ ਕਰ ਦਿੱਤਾ ਹੈ। ਰਾਹੁਲ ਗਾਂਧੀ ਦੀ ਸੰਗਰੂਰ ਰੈਲੀ ਤੋਂ ਬਾਅਦ ਹੁਣ ਕਾਂਗਰਸ ਇੱਕ ਹੋਰ ਵੱਡਾ ਸਿਆਸੀ ਦਾਅ ਖੇਡਣ ਦੀ ਤਿਆਰੀ ਵਿੱਚ ਹੈ। ਜੀ ਹਾਂ, ਹੁਣ ਪੰਜਾਬ ਦੀ ਧਰਤੀ ‘ਤੇ ਪ੍ਰਿਯੰਕਾ ਗਾਂਧੀ ਵਾਡਰਾ ਦੀ ਐਂਟਰੀ ਕਰਵਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ। ਖ਼ਬਰਾਂ ਮੁਤਾਬਕ, ਪ੍ਰਿਯੰਕਾ ਗਾਂਧੀ ਪੰਜਾਬ ਦੇ ਲੁਧਿਆਣਾ ਵਿੱਚ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰ ਸਕਦੇ ਹਨ। ਦਰਅਸਲ, 4 ਨਵੰਬਰ ਨੂੰ ਸੰਗਰੂਰ ਦੇ ਪਿੰਡ ਫਾਗੂਵਾਲਾ ਵਿੱਚ ਰਾਹੁਲ ਗਾਂਧੀ ਵੱਲੋਂ ਕੀਤੀ ਗਈ ਇਨਸਾਫ਼ ਰੈਲੀ ਤੋਂ ਬਾਅਦ ਕਾਂਗਰਸ ਹਾਈਕਮਾਨ ਪੰਜਾਬ ਵਿੱਚ ਆਪਣੀ ਸਰਗਰਮੀ ਹੋਰ ਵਧਾਉਣਾ ਚਾਹੁੰਦੀ ਹੈ। ਪਾਰਟੀ ਦੀ ਕੋਸ਼ਿਸ਼ ਹੈ ਕਿ 2027 ਦੀਆਂ ਚੋਣਾਂ ਤੱਕ ਕੌਮੀ ਪੱਧਰ ਦੇ ਵੱਡੇ ਆਗੂ ਲਗਾਤਾਰ ਪੰਜਾਬ ਦਾ ਦੌਰਾ ਕਰਦੇ ਰਹਿਣ। ਇਸੇ ਮਕਸਦ ਨਾਲ ਪ੍ਰਿਯੰਕਾ ਗਾਂਧੀ ਦੇ ਦੌਰੇ ਨੂੰ ਲੈ ਕੇ ਕਾਂਗਰਸ ਦੀ ਕੇਂਦਰੀ ਅਤੇ ਸੂਬਾਈ ਲੀਡਰਸ਼ਿਪ ਵਿਚਾਲੇ ਗੱਲਬਾਤ ਚੱਲ ਰਹੀ ਹੈ। ਹਾਲਾਂਕਿ, ਉਨ੍ਹਾਂ ਦੇ ਪੰਜਾਬ ਆਉਣ ਦੀ ਤਰੀਕ ਅਤੇ ਰੈਲੀ ਦੇ ਪ੍ਰੋਗਰਾਮ ਨੂੰ ਅੰਤਿਮ ਰੂਪ ਦੀਵਾਲੀ ਤੋਂ ਬਾਅਦ ਦਿੱਤਾ ਜਾਵੇਗਾ। ਇਸ ਦੌਰਾਨ 6 ਨਵੰਬਰ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਪਰਗਟ ਸਿੰਘ ਸਮੇਤ ਸੂਬੇ ਦੇ ਕਈ ਸੀਨੀਅਰ ਆਗੂ ਦਿੱਲੀ ਪਹੁੰਚੇ ਸਨ।

ਇਹ ਵੀ ਪੜ੍ਹੌ : ਪਰਵਿੰਦਰ ਝੋਟਾ ਦੇ ਪੋਸਟਮਾਰਟਮ ‘ਚ ਕਿਉਂ ਹੋਈ ਦੇਰੀ, ਜਾਣੋ ਕਾਰਨ

ਇਸ ਮੀਟਿੰਗ ਵਿੱਚ ਯੂਥ ਕਾਂਗਰਸ ਦੇ ਪ੍ਰਧਾਨ ਸ਼ੁਭਮ ਸ਼ਰਮਾ ਵੀ ਮੌਜੂਦ ਰਹੇ। ਪੰਜਾਬ ਦੇ ਇਨ੍ਹਾਂ ਆਗੂਆਂ ਨੇ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ ਕਰਕੇ ਆਉਣ ਵਾਲੀਆਂ ਚੋਣਾਂ ਦੀ ਰਣਨੀਤੀ ਬਾਰੇ ਵਿਚਾਰ-ਵਟਾਂਦਰਾ ਕੀਤਾ। ਹੁਣ ਕਾਂਗਰਸ ਦੀ ਯੋਜਨਾ ਸਿਰਫ਼ ਵੱਡੀਆਂ ਰੈਲੀਆਂ ਕਰਨ ਤੱਕ ਹੀ ਸੀਮਤ ਨਹੀਂ ਹੈ, ਸਗੋਂ ਜ਼ਮੀਨੀ ਪੱਧਰ ‘ਤੇ ਜਥੇਬੰਦੀ ਨੂੰ ਮਜ਼ਬੂਤ ਕਰਨ ‘ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ। ਦੀਵਾਲੀ ਤੋਂ ਬਾਅਦ ਪੰਜਾਬ ਕਾਂਗਰਸ ਪੂਰੀ ਤਰ੍ਹਾਂ ਚੋਣ ਮੋਡ ਵਿੱਚ ਆਉਣ ਦੀ ਤਿਆਰੀ ਕਰ ਰਹੀ ਹੈ। ਪਰਗਟ ਸਿੰਘ ਅਤੇ ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ ਵੱਲੋਂ ਸਾਰੇ ਜ਼ਿਲ੍ਹਾ ਕਾਂਗਰਸ ਪ੍ਰਧਾਨਾਂ ਨਾਲ ਬੈਠਕ ਕੀਤੀ ਜਾਵੇਗੀ। ਇਸ ਮੀਟਿੰਗ ਵਿੱਚ ਤਿੰਨ ਅਹਿਮ ਮੁੱਦਿਆਂ ‘ਤੇ ਫੋਕਸ ਰਹੇਗਾ। ਪਹਿਲਾ, ਕਿਹੜੇ ਆਗੂ ਵਿਧਾਨ ਸਭਾ ਚੋਣ ਲੜਨ ਦੇ ਦਾਅਵੇਦਾਰ ਹਨ। ਦੂਜਾ, ਜ਼ਿਲ੍ਹਾ ਪੱਧਰ ‘ਤੇ ਪਾਰਟੀ ਦੀ ਮੌਜੂਦਾ ਸਥਿਤੀ ਕੀ ਹੈ ਅਤੇ ਤੀਜਾ, ਕਿਹੜੇ ਵਰਕਰ ਪਾਰਟੀ ਲਈ ਸਰਗਰਮੀ ਨਾਲ ਕੰਮ ਕਰ ਰਹੇ ਹਨ। ਇੰਨਾ ਹੀ ਨਹੀਂ, ਸੰਭਾਵੀ ਉਮੀਦਵਾਰਾਂ ਬਾਰੇ ਜ਼ਿਲ੍ਹਾ ਪ੍ਰਧਾਨਾਂ ਤੋਂ ਲਿਖਤੀ ਰਾਏ ਵੀ ਲਈ ਜਾਵੇਗੀ। ਕਾਂਗਰਸ ਚਾਹੁੰਦੀ ਹੈ ਕਿ ਟਿਕਟਾਂ ਦੀ ਵੰਡ ਤੋਂ ਪਹਿਲਾਂ ਹੀ ਅੰਦਰੂਨੀ ਮਤਭੇਦ ਦੂਰ ਕਰ ਲਏ ਜਾਣ, ਤਾਂ ਜੋ ਚੋਣਾਂ ਵੇਲੇ ਪਾਰਟੀ ਨੂੰ ਬਗਾਵਤ ਜਾਂ ਅੰਦਰੂਨੀ ਵਿਰੋਧ ਦਾ ਸਾਹਮਣਾ ਨਾ ਕਰਨਾ ਪਵੇ।

ਇਹ ਵੀ ਪੜ੍ਹੌ : ਧਨਤੇਰਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਦਿੱਤੀਆਂ ਵਧਾਈਆਂ, ਸੁਖੀ ਜੀਵਨ ਅਤੇ ਚੰਗੀ ਸਿਹਤ ਦੀ ਕੀਤੀ ਕਾਮਨਾ

ਹੁਣ ਗੱਲ ਕਰਦੇ ਹਾਂ ਕਾਂਗਰਸ ਦੀ ਚੋਣ ਪ੍ਰਚਾਰ ਮੁਹਿੰਮ ਦੀ।

ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੀ ਕੈਂਪੇਨ ਕਮੇਟੀ ਦੇ ਚੇਅਰਮੈਨ ਚਰਨਜੀਤ ਸਿੰਘ ਚੰਨੀ ਵੀ ਚੋਣ ਮੈਦਾਨ ਵਿੱਚ ਸਰਗਰਮ ਹੋਣ ਦੀ ਤਿਆਰੀ ਕਰ ਰਹੇ ਹਨ। ਸੰਗਰੂਰ ਰੈਲੀ ਤੋਂ ਬਾਅਦ ਚੰਨੀ ਨੇ ਆਪਣੀ ਟੀਮ ਨਾਲ ਮੀਟਿੰਗ ਕਰਕੇ ਪ੍ਰਚਾਰ ਮੁਹਿੰਮ ਦੀ ਰੂਪ-ਰੇਖਾ ਤਿਆਰ ਕੀਤੀ ਹੈ। ਇਸ ਦੌਰਾਨ ਇੱਕ ਵੱਡੀ ਸਾਈਕਲ ਰੈਲੀ ਕੱਢਣ ਦਾ ਪ੍ਰਸਤਾਵ ਸਾਹਮਣੇ ਆਇਆ ਹੈ। ਯੋਜਨਾ ਮੁਤਾਬਕ, ਚਮਕੌਰ ਸਾਹਿਬ ਤੋਂ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਕਰੀਬ 2 ਹਜ਼ਾਰ ਸਾਈਕਲਾਂ ਨਾਲ ਇਹ ਰੈਲੀ ਕੱਢੀ ਜਾਵੇਗੀ, ਜੋ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ ਲੰਘੇਗੀ। ਇਸ ਪ੍ਰਸਤਾਵ ਨੂੰ ਮਨਜ਼ੂਰੀ ਲਈ ਹਾਈਕਮਾਨ ਕੋਲ ਭੇਜਿਆ ਗਿਆ ਹੈ। ਪਾਰਟੀ ਦੀ ਕੋਸ਼ਿਸ਼ ਹੈ ਕਿ 15 ਨਵੰਬਰ ਦੇ ਆਸ-ਪਾਸ ਚੋਣ ਪ੍ਰਚਾਰ ਦੀਆਂ ਗਤੀਵਿਧੀਆਂ ਸ਼ੁਰੂ ਕਰ ਦਿੱਤੀਆਂ ਜਾਣ।  ਯਾਨੀ ਕੁੱਲ ਮਿਲਾ ਕੇ ਕਾਂਗਰਸ ਨੇ 2027 ਦੀਆਂ ਚੋਣਾਂ ਲਈ ਹੁਣ ਤੋਂ ਹੀ ਕਮਰ ਕੱਸ ਲਈ ਹੈ। ਰਾਹੁਲ ਗਾਂਧੀ ਦੀ ਰੈਲੀ ਤੋਂ ਬਾਅਦ ਪ੍ਰਿਯੰਕਾ ਗਾਂਧੀ ਦਾ ਸੰਭਾਵੀ ਦੌਰਾ, ਚੰਨੀ ਦੀ ਸਾਈਕਲ ਰੈਲੀ ਅਤੇ ਜ਼ਿਲ੍ਹਾ ਪੱਧਰ ‘ਤੇ ਉਮੀਦਵਾਰਾਂ ਦੀ ਪਛਾਣ। ਹੁਣ ਦੇਖਣਾ ਹੋਵੇਗਾ ਕਿ ਕਾਂਗਰਸ ਦੀ ਇਹ ਰਣਨੀਤੀ ਪੰਜਾਬ ਦੇ ਵੋਟਰਾਂ ‘ਤੇ ਕਿੰਨਾ ਅਸਰ ਛੱਡਦੀ ਹੈ।

Share This Article
Leave a Comment