ਪਰਵਿੰਦਰ ਝੋਟਾ ਦੇ ਪੋਸਟਮਾਰਟਮ ‘ਚ ਕਿਉਂ ਹੋਈ ਦੇਰੀ, ਜਾਣੋ ਕਾਰਨ

raajan tiwari
2 Min Read

ਚੰਡੀਗੜ੍ਹ : ਚੰਡੀਗੜ੍ਹ ਦੇ ਪੀ.ਜੀ.ਆਈ. ਹਸਪਤਾਲ ਵਿਖੇ ਪੰਜ ਡਾਕਟਰਾਂ ਦੇ ਵਿਸ਼ੇਸ਼ ਪੈਨਲ ਵੱਲੋਂ ਪਰਵਿੰਦਰ ਝੋਟਾ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਹੈ। ਪੋਸਟਮਾਰਟਮ ਮੁਕੰਮਲ ਹੋਣ ਤੋਂ ਬਾਅਦ ਮ੍ਰਿਤਕ ਦੇਹ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ, ਜਿਸ ਨੂੰ ਅੰਤਿਮ ਸਸਕਾਰ ਲਈ ਮਾਨਸਾ ਸਥਿਤ ਜੱਦੀ ਪਿੰਡ ਲਿਜਾਇਆ ਜਾਵੇਗਾ। ਦੱਸ ਦੇਈਏ ਕਿ ਪਰਵਿੰਦਰ ਝੋਟਾ ਦੀ ਮ੍ਰਿਤਕ ਦੇਹ ਵੀਰਵਾਰ ਰਾਤ ਨੂੰ ਹੀ ਪੀ.ਜੀ.ਆਈ. ਚੰਡੀਗੜ੍ਹ ਲਿਆਂਦੀ ਗਈ ਸੀ। ਪਰ ਪਿਛਲੇ 24 ਦਿਨਾਂ ਤੋਂ ਫਰੀਜ਼ਰ ਵਿੱਚ ਰੱਖੇ ਜਾਣ ਕਾਰਨ ਮ੍ਰਿਤਕ ਦੇਹ ਦਾ ਤਾਪਮਾਨ ਕਾਫ਼ੀ ਘੱਟ ਹੋ ਗਿਆ ਸੀ। ਇਸੇ ਕਾਰਨ ਵੀਰਵਾਰ ਨੂੰ ਡਾਕਟਰਾਂ ਨੇ ਪੋਸਟਮਾਰਟਮ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਡਾਕਟਰਾਂ ਵੱਲੋਂ ਹਰ ਦੋ ਘੰਟੇ ਬਾਅਦ ਮ੍ਰਿਤਕ ਦੇਹ ਦਾ ਤਾਪਮਾਨ ਚੈੱਕ ਕੀਤਾ ਜਾ ਰਿਹਾ ਸੀ।

ਇਹ ਵੀ ਪੜ੍ਹੌ :  ਪਰਵਿੰਦਰ ਝੋਟਾ ਦੇ ਪਿਤਾ ਨੇ ਛੱਡਿਆ ਅੰਨ੍ਹ-ਪਾਣੀ, “SSP ਮਾਨਸਾ ਦੀ ਬਦਲੀ ਹੋਣ ਤੱਕ ਨਹੀਂ ਖਾਵਾਂਗਾ ਅੰਨ”

ਵੀਰਵਾਰ ਸ਼ਾਮ ਤੱਕ ਵੀ ਤਾਪਮਾਨ ਪੋਸਟਮਾਰਟਮ ਲਈ ਅਨੁਕੂਲ ਨਹੀਂ ਸੀ। ਪਰ ਅੱਜ ਸਵੇਰੇ ਤਾਪਮਾਨ ਵਿੱਚ ਕੁਝ ਸੁਧਾਰ ਆਉਣ ਤੋਂ ਬਾਅਦ ਡਾਕਟਰਾਂ ਦੇ ਪੈਨਲ ਨੇ ਪੋਸਟਮਾਰਟਮ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ। ਉੱਧਰ, ਇਸ ਪੂਰੇ ਮਾਮਲੇ ਨੂੰ ਲੈ ਕੇ ਮਾਨਸਾ ਵਿੱਚ ਕਾਫ਼ੀ ਦਿਨਾਂ ਤੋਂ ਧਰਨਾ ਵੀ ਜਾਰੀ ਸੀ। ਪਰਵਿੰਦਰ ਝੋਟਾ ਨੂੰ ਇਨਸਾਫ਼ ਦਿਵਾਉਣ ਲਈ ਪਰਿਵਾਰ ਅਤੇ ਸਮਰਥਕਾਂ ਵੱਲੋਂ ਲਗਾਤਾਰ ਆਵਾਜ਼ ਉਠਾਈ ਜਾ ਰਹੀ ਸੀ। ਪਰਿਵਾਰ ਦੀਆਂ ਮੰਗਾਂ ਮੰਨੇ ਜਾਣ ਤੋਂ ਬਾਅਦ ਹੁਣ ਪੋਸਟਮਾਰਟਮ ਦਾ ਰਸਤਾ ਸਾਫ਼ ਹੋਇਆ ਹੈ। ਹੁਣ ਸਭ ਦੀਆਂ ਨਜ਼ਰਾਂ ਪੋਸਟਮਾਰਟਮ ਦੀ ਪ੍ਰਕਿਰਿਆ ਪੂਰੀ ਹੋਣ ਅਤੇ ਮ੍ਰਿਤਕ ਦੇਹ ਪਰਿਵਾਰ ਨੂੰ ਸੌਂਪੇ ਜਾਣ ‘ਤੇ ਟਿਕੀਆਂ ਹੋਈਆਂ ਹਨ। ਇਸ ਤੋਂ ਬਾਅਦ ਪਰਵਿੰਦਰ ਝੋਟਾ ਦਾ ਅੰਤਿਮ ਸਸਕਾਰ ਮਾਨਸਾ ਵਿਖੇ ਕੀਤਾ ਜਾਵੇਗਾ। ਫਿਲਹਾਲ ਪੀ.ਜੀ.ਆਈ. ਤੋਂ ਆ ਰਹੀ ਇਸ ਵੱਡੀ ਅਪਡੇਟ ‘ਤੇ ਸਾਡੀ ਨਜ਼ਰ ਬਣੀ ਹੋਈ ਹੈ।

Share This Article
1 Comment