ਕਾਮਰੇਡ ਤੇਜਾ ਸਿੰਘ ਸੁੰਤਤਰ – ਅੰਗਰੇਜ਼ ਸਾਮਰਾਜ ਖਿਲਾਫ ਲੜਨ ਵਾਲਾ ਕ੍ਰਾਂਤੀਕਾਰੀ ਯੋਧਾ

TeamGlobalPunjab
6 Min Read

-ਅਵਤਾਰ ਸਿੰਘ;

ਕਾਮਰੇਡ ਤੇਜਾ ਸਿੰਘ ਸੁੰਤਤਰ ਦਾ ਪਹਿਲਾ ਨਾਮ ਸਮੁੰਦ ਸਿੰਘ ਸੀ, ਇਹ ਨਾਮ ਤੇਜਾ ਵੀਲਾ ਦੇ ਗੁਰਦੁਆਰੇ ਨੂੰ ਬਿਨਾਂ ਖੂਨ ਖਰਾਬੇ ਤੇ ਯੋਜਨਾ ਨਾਲ ਆਜ਼ਾਦ ਕਰਵਾਉਣ ਕਰਕੇ ਉਨ੍ਹਾਂ ਨੂੰ ਮਿਲਿਆ। ਅਕਾਲੀ ਲਹਿਰ ਵਿੱਚ ਇਹ ਇਤਿਹਾਸਕ ਕਦਮ ਸੀ। 16-7-1901 ਕਾਮਰੇਡ ਤੇਜਾ ਸਿੰਘ ਸੁੰਤਤਰ ਦਾ ਜਨਮ ਛੋਟੇ ਕਿਸਾਨ ਘਰਾਣੇ ਵਿੱਚ ਦੇਸਾ ਸਿੰਘ ਉਰਫ ਕਿਰਪਾਲ ਸਿੰਘ ਦੇ ਘਰ ਮਾਤਾ ਨਿਹਾਲ ਕੌਰ ਦੀ ਕੁਖੋਂ ਪਿੰਡ ਅਲੂਣਾ, ਗੁਰਦਾਸਪੁਰ ਵਿਖੇ ਹੋਇਆ।

ਉਨ੍ਹਾਂ ਦੇ ਦਾਦਾ ਅੰਗਰੇਜ਼ਾਂ ਖਿਲਾਫ ਲੜਨ ਵਾਲੀਆਂ ਸਿੱਖ ਫੌਜਾਂ ਵਿੱਚ ਸਿਪਾਹੀ ਸੀ ਤੇ ਪਿਤਾ ਜੀ ਭਰਤੀ ਹੋ ਕੇ ਬਰਮਾ ਗਏ। ਨਾਮਧਾਰੀ ਲਹਿਰ ਤੇ ਬੰਗਾਲੀ ਅੰਦੋਲਨ ਦਾ ਪ੍ਰਭਾਵ ਕਬੂਲਦਿਆਂ ਉਹ ਨੌਕਰੀ ਛੱਡ ਕੇ ਪਿੰਡ ਆ ਗਏ। ਉਹ ਪੱਕੇ ਤੌਰ ‘ਤੇ ਅਕਾਲੀ ਲਹਿਰ ਨਾਲ ਜੁੜ ਗਏ। ਇਸ ਕਰਕੇ ਗਦਰੀ ਬਾਬਿਆਂ ਦਾ ਉਨ੍ਹਾਂ ਘਰ ਆਉਣ ਜਾਣ ਬਣਿਆ ਹੋਇਆ ਸੀ। ਉਨ੍ਹਾਂ ਦਿਨਾਂ ਵਿੱਚ ਅੰਗਰੇਜ਼ਾਂ ਦੇ ਪਿੱਠੂ ਮਹੰਤਾਂ ਤੋਂ ਗੁਰਦੁਆਰੇ ਆਜ਼ਾਦ ਕਰਵਾਉਣ ਦੀ ਜ਼ੋਰਾਂ ‘ਤੇ ਸੀ। ਤੇਜਾ ਸਿੰਘ ਸੁੰਤਤਰ ਨੇ ਵੀ ਗੁਰਦੁਆਰਿਆਂ ਨੂੰ ਸਾਮਰਾਜੀ ਏਜੰਟਾਂ ਤੋਂ ਆਜ਼ਾਦ ਕਰਾਉਣ ਲਈ ਸੁੰਤਤਰ ਨਾਂ ਦਾ ‘ਸੁੰਤਤਰ ਜਥਾ’ ਬਣਾਇਆ।

ਜਥੇ ਦੇ ਮੈਂਬਰ ਲਈ ਸ਼ਰਤਾਂ ਸਨ ਕਿ ਸਾਰੀ ਜਾਇਦਾਦ ਜਥੇ ਦੇ ਹਵਾਲੇ ਕੀਤੀ ਜਾਵੇ, ਸਾਰੀ ਜਾਇਦਾਦ ਜਥੇ ਦੀ ਸਾਂਝੀ ਹੋਵੇਗੀ। ਸਾਰੇ ਮੈਂਬਰ ਸਾਰਾ ਸਮਾਂ ਦੇਸ ਦੀ ਸੇਵਾ ਵਿੱਚ ਲਾਉਣਗੇ। ਗਦਾਰੀ ਅਤੇ ਕਮਜੋਰੀ ਵਿਖਾਉਣ ਵਾਲੇ ਦੀ ਸ਼ਜਾ ਮੌਤ ਹੋਵੇਗੀ। ਉਸ ਸਮੇਂ ਤੇਜਾ ਵੀਲਾ, ਗੁਰਦਾਸਪੁਰ ਦੇ ਗੁਰਦੁਆਰੇ ਤੇ ਮਹੰਤ ਕਾਬਜ ਸਨ। ਉਨ੍ਹਾਂ ਦੇ ਜਥੇ ਨੇ 1921 ਵਿੱਚ ਉਥੋਂ ਦੇ ਮਹੰਤ ਨੂੰ ਭਜਾ ਕੇ ਗੁਰਦੁਆਰਾ ਆਜ਼ਾਦ ਕਰਵਾ ਲਿਆ। ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਗੁਰਦੁਆਰੇ ਆਜ਼ਾਦ ਕਰਵਾ ਲਏ।

- Advertisement -

1922 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜੈਕਟਿਵ ਮੈਂਬਰ ਬਣੇ, ਉਸ ਵੇਲੇ ਸਭ ਤੋਂ ਘਟ ਉਮਰ ਤੇ ਵੱਧ ਪੜੇ ਲਿਖੇ ਕਮੇਟੀ ਮੈਂਬਰ ਸਨ। ਜਲਿਆਂ ਵਾਲੇ ਬਾਗ ਦੇ ਕਾਂਡ ਦੇ ਵਿਰੋਧ ਵਿੱਚ ਉਸ ਸਮੇਂ ਖਾਲਸਾ ਕਾਲਜ ਦੇ ਵਿਦਿਆਰਥੀਆਂ ਦੀ ਅਗਵਾਈ ਕੀਤੀ। ਬੱਬਰ ਮੋਤਾ ਸਿੰਘ ਨਾਲ ਰਲ ਕੇ ਸਰਕਾਰ ਖਿਲਾਫ ਮਾਲਵੇ, ਸ਼ਾਹਬਾਦ ਤੇ ਕਰਨਾਲ ਵਿੱਚ ਪ੍ਰਚਾਰ ਕਰਨ ਤੇ ਗ੍ਰਿਫਤਾਰੀ ਵਾਰੰਟ ਜਾਰੀ ਹੋਏ। ਅੰਮ੍ਰਿਤਸਰ ਆ ਕੇ ਉਹ ਗੁਰੂ ਕੇ ਬਾਗ ਮੋਰਚੇ ਵਿਚ ਸ਼ਾਮਲ ਹੋ ਗਏ। ਗਦਰ ਪਾਰਟੀ ਵਿੱਚ ਗਦਰੀਆਂ ਨਾਲ ਰਲ ਕੇ ਕੰਮ ਕਰਨ ਸਮੇਂ ਉਨਾਂ ਨੂੰ ਕਾਬਲ ਭੇਜਿਆ ਪਰ ਵਾਪਸੀ ਤੇ ਰਾਹ ਵਿਚ ਗ੍ਰਿਫਤਾਰ ਕਰਨ ‘ਤੇ ਪਿਸ਼ਾਵਰ ਲਿਆਦਾਂ ਗਿਆ ਪਰ ਮੌਕਾ ਮਿਲਦੇ ਹੀ ਝਾਂਸਾ ਦੇ ਕੇ ਫਰਾਰ ਹੋ ਗਏ।

ਦੁਬਾਰਾ ਜੁਲਾਈ 1923 ਵਿੱਚ ਮਾਸਟਰ ਊਧਮ ਸਿੰਘ ਕਸੇਲ ਨਾਲ ਕਾਬਲ ਭੇਜਿਆ ਗਿਆ ‘ਤੇ ਫਿਰ ਤੁਰਕੀ ਵਿੱਚ ਜਾ ਕੇ ਤਿੰਨ ਸਾਲ ਹਥਿਆਰਾਂ ਦੀ ਸਿਖਲਾਈ ਤੇ ਜੰਗੀ ਦਾਅ ਪੇਚ ਸਿਖੇ। ਯੂਰਪ ਵਿੱਚ ਉਹ ਲਾਲਾ ਲਾਜਪਤ ਰਾਏ ਨੂੰ ਵੀ ਮਿਲੇ। ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਦੇ ਕਹਿਣ ‘ਤੇ ਕਿ ਗੁਰਦੁਆਰੇ ਆਜ਼ਾਦ ਕਰਾਉਣ ਨਾਲ ਦੇਸ ਆਜ਼ਾਦ ਨਹੀਂ ਹੋ ਜਾਣਾ, ਇਨ੍ਹਾਂ ਸ਼ਬਦਾਂ ਨੇ ਉਨ੍ਹਾਂ ਨੂੰ ਕਾਫੀ ਪ੍ਰਭਾਵਿਤ ਕੀਤਾ।

1929 ਨੂੰ ਨਿਊਯਾਰਕ ਜਾ ਕੇ ਵੱਖ ਵੱਖ ਗਰੁਪਾਂ ਨੂੰ ਗਦਰ ਪਾਰਟੀ ਵਿਚ ਲਿਆਂਦਾ ਤੇ ਗਦਰ ਪਰੈਸ ਲਵਾਈ। ਚੀਨ ਤੇ ਤਿੱਬਤ ਰਾਂਹੀ ਗੁਪਤ ਰਾਹ ਕੱਢਣ ਗਏ ਮਹਿੰਦਰ ਪ੍ਰਤਾਪ ਨੂੰ ਮਿਲੇ। ਸ਼ੱਕੀ ਹਰਕਤਾਂ ਕਰਕੇ ਦੋਹਾਂ ਨੂੰ ਕੈਲੀਫੋਰਨੀਆ ਵਿੱਚ ਗਿਰਫਤਾਰ ਕਰਕੇ ਕੁਝ ਚਿਰ ਬਾਅਦ ਛੱਡ ਦਿੱਤਾ ਗਿਆ ਤੇ ਅੰਗਰੇਜ਼ ਅਫਸਰ ਦੇ ਕਹਿਣ ‘ਤੇ ਅਮਰੀਕਾ ਛੱਡ ਕੇ ਪਨਾਮਾ ਚਲੇ ਗਏ। ਉਥੇ ਸ਼ਹੀਦ ਭਗਤ ਸਿੰਘ ਦੀ ਸ਼ਹਾਦਤ ਦੇ ਦਿਨ ਜੋਰਦਾਰ ਅੰਦੋਲਨ ਕੀਤਾ। ਉਥੋਂ ਚਿਲੀ ਹੁੰਦੇ ਹੋਏ ਅਰਜਨਟਾਈਨਾ ਵਿੱਚ ਭਗਤ ਸਿੰਘ ਬਿਲਗਾ ਤੇ ਬਰਾਜ਼ੀਲ ਵਿੱਚ ਸ਼ਹੀਦ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਨੂੰ ਮਿਲੇ।

ਅਜੀਤ ਸਿੰਘ ਤੇ ਸੁੰਤਤਰ ਦੋਵੇਂ ਪੁਰਤਗਾਲ, ਸਪੇਨ, ਫਰਾਂਸ, ਤੁਰਕੀ, ਬਰਲਿਨ ਤੋਂ ਹੁੰਦੇ ਹੋਏ ਰੂਸ ਪਹੁੰਚੇ। ਮਾਸਕੋ ਵਿੱਚ ਮਾਰਕਸਵਾਦ ਤੇ ਆਰਥਿਕਤਾ ਦਾ ਕੋਰਸ ਪੂਰਾ ਕੀਤਾ।ਦਸੰਬਰ 1934 ਨੂੰ ਹਿੰਦੋਸਤਾਨ ਤੇ ਫਰਵਰੀ 1935 ਨੂੰ ਪੰਜਾਬ ਪਹੁੰਚ ਗਏ। ਸਾਂਦਲ ਬਾਰ ਦੇ ਇਲਾਕੇ ਵਿੱਚ ਸਾਧੂ ਬਣ ਕੇ ਆਪਣਾ ਮਿਸ਼ਨ ਜਾਰੀ ਰੱਖਿਆ, ਰੂਸ ਜਾ ਕੇ ਕਮਿਊਨਿਜਮ ਦੀ ਸਿੱਖਿਆ ਹਾਸਲ ਕੀਤੀ ਤੇ ਵਾਪਸੀ ਤੇ 1938 ਨੂੰ ਅਚਾਨਕ ਹੋਈ ਗਿਰਫਤਾਰੀ ਤੋਂ ਬਾਅਦ ਪਹਿਲਾਂ ਦੋ ਮਹੀਨੇ ਲਾਹੌਰ ਰਖ ਕੇ ਤਸੀਹੇ ਦੇਣ ਉਪਰੰਤ ਕੈਂਬਲਪੁਰ ਜੇਲ ਵਿੱਚ ਬੰਦ ਕਰ ਦਿਤਾ। ਜੇਲ ਅੰਦਰੋਂ ਹੀ ਸਵਾ ਛੇ ਸਾਲ ਕਿਰਤੀ ਰਸਾਲੇ ਲਈ ਲੇਖ ਲਿਖਦੇ ਰਹੇ। ਇਸ ਸਮੇਂ ਦੌਰਾਨ ਉਨ੍ਹਾਂ ਦੇ ਮਾਤਾ, ਪਿਤਾ ਤੇ ਇਕਲੌਤੀ ਧੀ ਦਾ ਦੇਹਾਂਤ ਹੋ ਗਿਆ ਪਰ ਉਹ ਡੋਲੇ ਨਹੀਂ। ਜਦੋਂ ਹਿਟਲਰ ਨੇ ਰੂਸ ‘ਤੇ ਹਮਲਾ ਕੀਤਾ ਤਾਂ ਇਕ ਹਫਤੇ ਅੰਦਰ ਹੀ ਸੁੰਤਤਰ ਨੇ ਜੰਗ ਦਾ ਪਾਸਾ ਬਦਲ ਜਾਣ ਬਾਰੇ ਦਲੀਲ ਭਰਿਆ ਲੇਖ ਲਿਖਿਆ ਜੋ ਲਾਲ ਢੰਡੋਰੇ ਵਿੱਚ ਛਪਿਆ ਤੇ ਇਸਦੀ ਚਾਰੇ ਪਾਸੇ ਚਰਚਾ ਹੋਈ। ਗਦਰੀ ਬਾਬਿਆਂ ਤੇ ਕਿਰਤੀ ਕਿਸਾਨਾਂ ਦੀ ਮਦਦ ਨਾਲ ਜੇਲ ਵਿਚੋਂ ਹੀ ਪੰਜਾਬ ਅਸੈਂਬਲੀ ਦੇ ਮੈਂਬਰ ਚੁਣੇ ਗਏ।

1942 ਵਿੱਚ ਸਤ ਸਾਥੀਆਂ ਸਮੇਤ ਰਿਹਾ ਹੋਏ। ਪੰਜਾਬ ਕਿਸਾਨ ਸਭਾ ਤੇ ਕਮਿਊਨਿਸਟ ਪਾਰਟੀ ਦੇ ਸੂਬਾ ਕਮੇਟੀ ਮੈਂਬਰ ਤੇ ਢਾਈ ਲੱਖ ਤੋਂ ਵੱਧ ਕਿਸਾਨ ਮੈਂਬਰਾਂ ਵਾਲੀ ਹਿੰਦ ਕਿਸਾਨ ਸਭਾ ਦੇ ਮੀਤ ਪ੍ਰਧਾਨ ਰਹੇ।1944 ਨੂੰ ਕਮਿਊਨਿਸਟ ਪਾਰਟੀ ਪੰਜਾਬ ਦੇ ਸਕੱਤਰ ਬਣੇ। ਉਨਾਂ ਹਫ਼ਤੇਵਾਰ ਅਖ਼ਬਾਰ ‘ਜੰਗ ਏ ਆਜ਼ਾਦੀ’ ਸ਼ੁਰੂ ਕਰਨ ਵਿੱਚ ਅਹਿਮ ਰੋਲ ਨਿਭਾਇਆ।ਆਜ਼ਾਦੀ ਤੋਂ ਬਾਅਦ ਵੀ ਪਾਰਟੀ ‘ਚ ਸਰਗਰਮ ਰਹੇ। ਪੈਪਸੂ ਮੁਜ਼ਾਰਾ ਲਹਿਰ ਦੇ ਮੋਢੀ ਆਗੂਆਂ ਵਿੱਚੋਂ ਇਕ ਸਨ।1971 ‘ਚ ਐਮ ਪੀ ਬਣੇ। 12-4-1973 ਨੂੰ ਕਿਸਾਨੀ ਮਸਲੇ ‘ਤੇ ਬਹਿਸ ਦੌਰਾਨ ਦਿਲ ਦਾ ਦੌਰਾ ਪੈਣ ਕਰਕੇ ਸਦਾ ਲਈ ਚਲੇ ਗਏ ਤੇ ਆਖਰੀ ਸਮੇਂ ਤੱਕ ਲੋਕ ਸੇਵਾ ਵਿੱਚ ਲੱਗੇ ਰਹੇ।

- Advertisement -
Share this Article
Leave a comment