ਮੋਦੀ ਸਰਕਾਰ ਨੇ ਧੱਕੇ-ਜ਼ੋਰੀ ਪਾਸ ਕੀਤੇ ਖੇਤੀ ਬਿੱਲ; ਬਾਦਸ਼ਾਹ ਸਲਾਮਤ ਨੇ ਕੀਤੇ ਰੱਦ

TeamGlobalPunjab
7 Min Read

-ਗੁਰਮੀਤ ਸਿੰਘ ਪਲਾਹੀ;

‘ਚਿੜੀਓ ਜੀ ਪਓ, ਚਿੜੀਓ ਮਰ ਜਾਓ’ ਦਾ ਵਰਤਾਰਾ

ਮੋਦੀ ਸਰਕਾਰ ਨੇ ਜਿਸ ਗੈਰ-ਲੋਕਤੰਤਰੀ ਢੰਗ ਤਰੀਕਿਆਂ ਨਾਲ ਸੂਬਿਆਂ ਦੀਆਂ ਸਰਕਾਰਾਂ ਦੀ ਸੰਘੀ ਘੁੱਟ ਕੇ ਤਿੰਨ ਕਾਲੇ ਕਾਨੂੰਨਾਂ ਦਾ ਆਰਡੀਨੈਸ ਲਿਆਂਦਾ, ਫਿਰ ਧੱਕੇ ਨਾਲ ਬਿੱਲ ਪਾਰਲੀਮੈਂਟ ਦੇ ਦੋਹਾਂ ਘਰਾਂ ਵਿੱਚ ਬਿਨ੍ਹਾਂ ਬਹਿਸ ਪਾਸ ਕਰਵਾਏ, ਦਿਨਾਂ ‘ਚ ਹੀ ਰਾਸ਼ਟਰਪਤੀ ਤੋਂ ਮੋਹਰ ਲੁਆ ਕੇ ਕਾਨੂੰਨ ਬਣਾਏ, ਉਸੇ ਡਿਕਟੇਟਰਾਨਾ ਢੰਗ ਨਾਲ ਆਪਣੇ ਸ਼ੁਭਾਅ ਮੁਤਾਬਕ ਇਹ ਤਿੰਨੇ ਕਾਲੇ ਖੇਤੀ ਕਾਨੂੰਨ ਵਾਪਿਸ ਲੈ ਲਏ ਹਨ, ਵਿਰੋਧੀ ਧਿਰ ਨੂੰ ਬਹਿਸ ਦਾ ਮੌਕਾ ਹੀ ਨਹੀਂ ਦਿੱਤਾ। ਵਿਰੋਧੀ ਧਿਰ ਨੇ ਰੌਲੇ-ਰੱਪੇ ਨੂੰ ਠੱਲਣ ਲਈ 12 ਰਾਜ ਸਭਾ ਮੈਂਬਰ ਸਭਾ ‘ਚੋਂ ਮੁਅੱਤਲ ਕਰ ਦਿੱਤੇ ਗਏ। ਅਸਲ ਵਿੱਚ ਤਾਂ 2014 ਤੋਂ 2021 ਤੱਕ ਜਿੰਨੇ ਵੀ ਬਿੱਲ ਪਾਰਲੀਮੈਂਟ ਵਿੱਚ ਲਿਆਂਦੇ ਗਏ, ਲਗਭਗ 95 ਫ਼ੀਸਦੀ ਬਿਨ੍ਹਾਂ ਕਿਸੇ ਬਹਿਸ, ਬਿਨ੍ਹਾਂ ਪਾਰਲੀਮਾਨੀ ਕਮੇਟੀਆਂ ਨੂੰ ਵੇਖਣ-ਪਰਖਣ ਬਿਨ੍ਹਾਂ ਕਾਨੂੰਨ ਬਣਾ ਦਿੱਤੇ ਗਏ। ਇੱਕ ਸੁਪਨੇ ਵਾਂਗਰ ਦੇਸ਼ ਦੇ ਬਾਦਸ਼ਾਹ” ਨੇ ਨੋਟਬੰਦੀ ਕੀਤੀ ਦੇਸ਼ ਦੀ ਆਰਥਿਕਤਾ ਦਾ ਬੇੜਾ ਗੜਕ ਕੀਤਾ। ਇੱਕ ਦੇਸ਼ ਇੱਕ ਟੈਕਸ ਦੀ ਬਾਤ ਪਾਉਂਦਿਆਂ ਜੀ.ਐਸ.ਟੀ. ਰਾਤੋ-ਰਾਤ ਲਿਆਕੇ ਵਪਾਰੀਆਂ ਦਾ ਗਲ ਘੁੱਟਿਆ, ਜਿਸ ਕਾਨੂੰਨ ਵਿੱਚ ਬਾਅਦ ‘ਚ 150 ਸੋਧਾਂ ਕਰਨੀਆਂ ਪਈਆਂ। ਸੰਵਿਧਾਨ ਦੀ 370 ਧਾਰਾ ਖਤਮ ਕਰਕੇ ਕਸ਼ਮੀਰੀ ਲੋਕਾਂ ਦੇ ਹੱਕਾਂ ਦਾ ਘਾਣ ਕੀਤਾ। ਜੰਮੂ- ਕਸ਼ਮੀਰ ਦੇ ਟੁੱਟੇ-ਟੁੱਟੇ ਕਰਕੇ ਇੱਕ ਵੱਖਰਾ ਸੰਦੇਸ਼ ਦਿੱਤਾ ਕਿ ਹਾਕਮਾਂ ਨਾਲ ਢੰਗ ਨਾਲ ਇਹ ਸਰਕਾਰ ਕਿਸੇ ‘ਤੇ ਵੀ ਜ਼ੁਲਮ-ਜਬਰ ਢਾਅ ਸਕਦੀ ਹੈ ਅਤੇ ਹਿੰਦੋਸਤਾਨ ਵਿੱਚ ਘੱਟ ਗਿਣਤੀਆਂ ਸੁਰੱਖਿਅਤ ਨਹੀਂ ਹਨ।

‘ਚਿੜੀਓ ਜੀ ਪਓ, ਚਿੜੀਓ ਮਰ ਜਾਓ‘ ਦਾ ਵਰਤਾਰਾ ਮੋਦੀ ਸਰਕਾਰ ਨੇ ਸਿਰਫ਼ ਖੇਤੀ ਕਾਨੂੰਨ ਕਾਹਲੀ ਨਾਲ ਪਾਸ ਕਰਨ ਤੇ ਰੱਦ ਕਰਨ ਸਬੰਧੀ ਹੀ ਨਹੀਂ ਕੀਤਾ ਸਗੋਂ ਦੇਸ਼ ਦੀਆਂ ਖ਼ੁਦਮੁਖਤਿਆਰ ਸੰਸਥਾਵਾਂ ਦਾ ਗਲ ਘੁੱਟ ਕੇ ਉਹਨਾ ਨੂੰ ਆਪਣੇ ਤੋਤੇ ਦਾ ਪਿੰਜਰਾ ਬਣਾ ਕੇ ਵੀ ਕੀਤਾ ਹੈ। ਹੁਣ ਵੀ ਭਾਵੇਂ ਪ੍ਰਧਾਨ ਮੰਤਰੀ ਨੇ ਦੇਸ਼ ਦੇ ਕਿਸਾਨਾਂ ਤੋਂ ਮੁਆਫ਼ੀ ਮੰਗੀ ਹੈ ਪਰ ਉਸ ‘ਤੇ ਇਹ ਸ਼ਬਦ ਕਿ ਉਹਨਾ ਨੇ ਤਾਂ ਖੇਤੀ ਕਾਨੂੰਨ ਕਿਸਾਨਾਂ ਦੇ ਭਲੇ ਲਈ ਲਾਗੂ ਕੀਤੇ ਸਨ, ਜਿਸਨੂੰ ਕੁਝ ਕਿਸਾਨਾਂ ਪ੍ਰਵਾਨ ਨਹੀਂ ਕੀਤਾ। ਉਸਦੇ ਖੇਤੀ ਮੰਤਰੀ ਨੇ ਪਾਰਲੀਮੈਂਟ ਦੇ ਵਿੱਚ ਖੇਤੀ ਕਾਨੂੰਨਾਂ ‘ਤੇ ਬਹਿਸ ਹੀ ਨਹੀਂ ਹੋਣ ਦਿੱਤੀ, ਕਿਉਂਕਿ ਉਥੇ ਇਹ ਮਸਲਾ ਉਠਣਾ ਸੀ ਕਿ ਇੱਕ ਸਾਲ ਦੇ ਸਮੇਂ ਦੇ ਕਿਸਾਨ ਸੰਘਰਸ਼ ਦੌਰਾਨ ਲਗਭਗ 700 ਸ਼ਹੀਦ ਹੋਏ ਕਿਸਾਨਾਂ ਦਾ ਜ਼ੁੰਮੇਵਾਰ ਕੌਣ ਹੈ। ਇਸ ਸਮੇਂ ਦੌਰਾਨ ਜੋ ਸਰਕਾਰੀ ਸਾਜ਼ਿਸ਼ਾਂ ਇਸ ਅੰਦੋਲਨ ਨੂੰ ਖ਼ਤਮ ਕਰਨ ਲਈ ਹੋਈਆਂ, ਪੰਜਾਬ, ਹਰਿਆਣਾ, ਯੂ.ਪੀ. ਦੀ ਆਰਥਿਕਤ ਦਾ ਜੋ ਉਜਾੜਾ ਇਸ ਅੰਦੋਲਨ ਕਾਰਨ ਹੋਇਆ ਅਤੇ ਜਿਸ ਕਿਸਮ ਦਾ ਅਣ-ਮਨੁੱਖੀ ਵਰਤਾਰਾ ਅਤੇ ਜ਼ਿੱਦੀ ਵਤੀਰਾ ਅੰਦੋਲਨ ਦੌਰਾਨ ਸਰਕਾਰ ਵਲੋਂ ਅਪਨਾਇਆ ਗਿਆ ਉਸ ਲਈ ਕਟਹਿਰੇ ਵਿੱਚ ਖੜੇ ਹੋਣਾ ਪੈਣਾ ਸੀ। ਦੇਸ਼ ਦੇ ਵੱਡੀ ਗਿਣਤੀ ਕਿਸਾਨ ਸਿੰਘੂ ਅਤੇ ਟਿਕਰੀ ਅਤੇ ਹੋਰ ਬਾਰਡਰਾਂ ‘ਤੇ ਜਿਵੇਂ ਖੁਲ੍ਹੀ ਜੇਲ੍ਹ ਵਿੱਚ ਡੱਕ ਦਿੱਤੇ ਗਏ ਉਹ ਮਨੁੱਖੀ ਅਧਿਕਾਰਾਂ ਦੀ ਸ਼ਰੇਆਮ ਉਲੰਘਣਾ ਸੀ, ਜਿਸਦੀ ਸਰਕਾਰ ਨੇ ਕਦੇ ਪ੍ਰਵਾਹ ਨਹੀਂ ਕੀਤੀ ਪਰ ਅੰਤ ਵਿੱਚ ਵੋਟਾਂ ਦੀ ਰਾਜਨੀਤੀ ਕਰਦਿਆਂ ਬਹੁਤ ਹੀ ਕਲਿਹਣੇ ਢੰਗ ਨਾਲ ਮੋਦੀ ਸਰਕਾਰ ਨੇ ਪੰਜਾਬ, ਯੂ.ਪੀ. ਦੀਆਂ ਚੋਣਾਂ ਜਿੱਤਣ ਲਈ ਇਸ ਖੇਤੀ ਕਾਨੂੰਨ ਰੱਦ ਕਰਨ ਦੇ ਐਲਾਨ ਨੂੰ ਵਰਤਣ ਦਾ ਯਤਨ ਕੀਤਾ ਹੈ, ਉਹ ਸ਼ਰਮਨਾਕ ਹੈ।

ਅਸਲ ਵਿੱਚ ਕਿਸਾਨ ਅੰਦੋਲਨ ਇੱਕ ਇਤਿਹਾਸਕ ਜਿੱਤ ਹੈ ਜਿਸਨੇ ਨਵੇਂ ਦਿਸਹੱਦੇ ਸਿਰਜੇ ਹਨ। ਹਾਕਮਾਂ ਨੂੰ ਸਬਕ ਸਿਖਾਇਆ ਹੈ। ਸਾਂਝੀਵਾਲਤਾ, ਧਰਮ ਨਿਰਪੱਖਤਾ, ਭਾਈਚਾਰੇ ਦਾ ਇੱਕ ਨਵਾਂ ਸੰਦੇਸ਼ ਭਾਰਤ ਵਾਸੀਆਂ ਨੂੰ ਦਿੱਤਾ ਹੈ। ਕਿਸਾਨ ਸੰਘਰਸ਼ ਦੀ ਦਾਸਤਾਨ ਸਬੰਧੀ ਇੱਕ ਕਵਿਤਾ ਦੇ ਰੂਪ ਵਿੱਚ ਮੇਰੀ ਲਿਖੀ ਕਵਿਤਾ ਆਪ ਦੇ ਨਜ਼ਰ ਹੈ:

- Advertisement -

ਤਾਰਾ ਚੰਦਾ ਆਏਂਗਾ ਤੂੰ?

ਤਾਰਾ ਚੰਦਾ ਆਏਂਗਾ ਤੂੰ,

ਰਿਜ਼ਕ ਲਿਆਏਂਗਾ ਤੂੰ?

ਦਾਣੇ ਝੋਲੀ ਪਾਏਂਗਾ ਤੂੰ?

ਕੁਖ਼ ਮੇਰੀ ਰਜਾਏਂਗਾ ਤੂੰ?

- Advertisement -

ਤਾਰਾ ਚੰਦਾ ਆਏਂਗਾ ਤੂੰ?

****

ਤਾਰਾ ਚੰਦਾ! ਵੇਖੀਂ ਰਤਾ, ਕੌਣ ਪਿਆ ਮਰਦਾ,

ਵੇਖੀਂ ਰਤਾ, ਕੌਣ ਪਿਆ ਹਾਉਕੇ ਭਰਦਾ,

ਵੇਖੀਂ ਰਤਾ, ਖੇਤਾਂ ਵਿੱਚ ਸੇਂਜਾ ਕੌਣ ਕਰਦਾ,

ਵੇਖੀਂ ਰਤਾ, ਖੇਤਾਂ ਦੀ ਕਮਾਈ ਨਾਲ ਕੌਣ ਪੱਲੇ ਭਰਦਾ,

ਵੇਖੀਂ ਰਤਾ, ਖੇਤਾਂ ਵਿੱਚ ਕੀਹਦੀ ਰੱਤ ਵਹਿੰਦੀ ਏ,

ਵੇਖੀਂ ਰਤਾ, ਖੇਤਾਂ ਬਿਨ੍ਹਾਂ ਕੀਹਦੀ ਪੱਤ ਲਹਿੰਦੀ ਏ।

ਤਾਰਾ ਚੰਦਾ ਆਏਂਗਾ ਤੂੰ,

ਰਿਜ਼ਕ ਲਿਆਏਂਗਾ ਤੂੰ?

ਦਾਣੇ ਝੋਲੀ ਪਾਏਂਗਾ ਤੂੰ?

ਕੁਖ਼ ਮੇਰੀ ਰਜਾਏਂਗਾ ਤੂੰ?

**

ਤਾਰਾ ਚੰਦਾ, ਪੱਲੇ ਮੇਰੇ ਦਾਣੇ ਨਹੀਂ,

ਪੱਲੇ ਮੇਰੇ ਰਿਜ਼ਕ ਨਹੀਂ,

ਪੂੰਜੀਦਾਰਾਂ ਲੁੱਟਿਆ,

ਮਾਫੀਏ ਨੇ ਖਿੰਦੋ ਵਾਗੂੰ ਕੁੱਟਿਆ,

ਕੰਧਾਂ ਕੋਠੇ ਕਾਲੇ ਮੇਰੇ

ਥਾਂ ਥਾਂ ਨੇ ਪਿੰਜਰੇ,

ਤਾਲਾ ਬੰਦੀ, ਨੋਟ ਬੰਦੀ,

ਲੱਕ ਮੇਰਾ ਭੰਨ ਸੁਟਿਆ।

ਬੇਚਾਰਗੀ, ਬੇਬਸੀ ਗਹਿਣਾ ਮੇਰਾ,

ਬਦਨੀਤੀ, ਰਾਜਨੀਤੀ, ਸਾਹ ਮੇਰਾ ਘੁੱਟਿਆ।

ਤਾਰਾ ਚੰਦਾ ਆਏਂਗਾ ਤੂੰ

ਰਿਜ਼ਕ ਲਿਆਏਂਗਾ ਤੂੰ?

ਦਾਣੇ ਝੋਲੀ ਪਾਏਂਗਾ ਤੂੰ?

ਕੁਖ਼ ਮੇਰੀ ਰਜਾਏਂਗਾ ਤੂੰ?

***
ਤਾਰਾ ਚੰਦਾ, ਘਰੋਂ ਬੇਘਰ ਖੁਲ੍ਹੀ ਜੇਲ੍ਹ ਬੈਠੇ ਹੋਏ ਹਾਂ,

ਕਾਲੇ ਕਾਨੂੰਨ ਦੇ ਝੰਬੇ,

ਤਸ਼ਦੱਤ, ਬੇਰਹਿਮੀ, ਬੇਰੁਖ਼ੀ, ਘਿਰਣਾ ਦੇ ਮਾਰੇ,

ਲੋਕ ਰਾਜ, ਤਾਨਾਸ਼ਾਹੀ ਦੇ ਵਿਚਕਾਰ ਲਟਕੇ,

ਦੰਭ, ਖੇਖਣ ਦੀ ਭਾਸ਼ਾ ਨਿੱਤ ਸੁਣਦੇ ਸਾਂਭਦੇ,

ਉਠਦੇ ਬਹਿੰਦੇ ਹਾਂ।

ਫਨੀਅਰ ਡੰਗ ਨਿੱਤ ਵੱਜਦੇ ਨੇ,

ਸਹਾਰਦੇ ਪੁਲਿਸ ਦੇ ਡੰਡੇ।

ਫਿਰ ਵੀ ਸਬਰ ਦਾ ਬਾਲਕੇ ਚੁੱਲ੍ਹਾ,

ਨੇਰ੍ਹੀਆਂ ਰਾਤਾਂ ‘ਤੇ ਅਸਮਾਨ ਦੇ ਥੱਲੇ,

ਬਿਨ੍ਹਾਂ ਡਰ ਭੈਅ ਤੋਂ, ਟੁਣਕਣੇ ਬੋਲਾਂ ਨਾਲ,

ਅਣਖ਼ ਦਾ ਚੁੱਕ ਕੇ ਝੰਡਾ,

ਆਜ਼ਾਦੀ, ਮੁਹੱਬਤ, ਸਿਰੜ, ਸੱਚ ਦੇ ਪ੍ਰਤੀਕ ਬਣ ਬੈਠੇ ਹਾਂ।

ਤਾਰਾ ਚੰਦਾ ਆਏਂਗਾ ਤੂੰ

ਰਿਜ਼ਕ ਲਿਆਏਂਗਾ ਤੂੰ?

ਦਾਣੇ ਝੋਲੀ ਪਾਏਂਗਾ ਤੂੰ?

ਕੁਖ਼ ਮੇਰੀ ਰਜਾਏਂਗਾ ਤੂੰ?

***
ਤਾਰਾ ਚੰਦਾ, ਵੇਖ ਅਸੀਂ ਰੋਹ ਹਾਂ,

ਅਸੀਂ ਰੋਸ ਹਾਂ,

ਵੇਖ ਅਸੀਂ ਜੱਦੋ ਜਹਿਦ ਹਾਂ

ਅਸੀਂ ਸੰਘਰਸ਼ ਹਾਂ।

ਵੇਖ ਅਸੀ ਬੁੱਧੀਮਾਨ, ਵਿਦਵਾਨ,

ਅਸੀਂ ਲੋਕ ਮੈਦਾਨ ਹਾਂ,

ਵੇਖ ਅਸੀਂ ਉਠ ਰਹੀ ਚੇਤਨਾ,

ਅਸੀਂ ਸੱਥਾਂ ਚੋਪਾਲਾਂ ‘ਚ ਬੈਠੇ,

ਕਵਿਤਾ ਦਾ ਨਵਾਂ ਬੰਦ ਹਾਂ।

ਲੋਕ ਰਾਜ ਦਾ ਨਵਾਂ ਨਿਵੇਕਲਾ ਰੰਗ ਹਾਂ।

ਗੂੜ੍ਹੇ ਅੱਖਰਾਂ ਨਾਲ ਲਿਖੇ ਸਫ਼ੇ ਹਾਂ ਅਸੀਂ

ਸਾਂਝੀ ਵਾਲਤਾ, ਭਾਈਚਾਰੇ, ਮਿੱਤਰਤਾ ਦੀ ਤੰਦ ਹਾਂ।

ਸੰਗਤ ਹਾਂ ਅਸੀਂ, ਪੰਗਤ ਹਾਂ ਅਸੀਂ

ਧਰਮ ਨਿਰਪੱਖਤਾ ਵਾਲੇ ਮਾਨਵੀ ਇਤਿਹਾਸ ਦੇ ਪੰਨੇ।

**
ਤਾਰਾ ਚੰਦਾ, ਅਸੀਂ ਹੱਕ ਦੇ ਪ੍ਰਤੀਕ,

ਨਿਆਂ ਦੇ ਪ੍ਰਤੀਕ ਬਣੇ,

ਇੱਕ ਪਿੰਡ ਦੇ ਵਾਸੀ,

ਇੱਕ ਸ਼ਹਿਰ ਦੇ ਵਾਸੀ

ਇਸ ਦੇਸ਼ ਦੇ ਵਾਸੀ,

ਮਹਾਨ ਦੇਸ਼ ਦੇ ਵਾਸੀ!!

ਅਸੀਂ ਜ਼ਮੀਰਾਂ ਸਾਂਭ ਬੈਠੇ ਹਾਂ,

ਜ਼ੰਜੀਰਾਂ ਹੰਢਾ ਬੈਠੇ ਹਾਂ।

ਆਪਣੇ ਜਿਸਮਾਂ ‘ਤੇ ਬੇੜੀਆਂ,

ਗਲੇ ‘ਚ ਫਾਂਸੀਆਂ ਫੰਦੇ ਪੁਆ ਬੈਠੇ ਹਾਂ।

ਕੋੜਿਆਂ, ਹਥੌੜਿਆਂ ਨਾਲ ਮੱਥਾ ਪੜਵਾ ਬੈਠੇ ਹਾਂ।

ਧਰਮ ਦੇ, ਸਿਆਸਤ ਦੇ ਠੇਕੇਦਾਰਾਂ, ਹਾਕਮਾਂ,

ਦੀਆਂ ਚਾਲਾਂ ਹੁਣ ਸਾਨੂੰ ਕੁਝ ਨਹੀਂ ਕਹਿੰਦੀਆਂ,

ਅਸੀਂ ਉਹਨਾ ਦਾ ਜ਼ੋਰ ਵੀ ਜ਼ਬਰ ਵੀ ਅਜ਼ਮਾ ਬੈਠੇ ਹਾਂ।

ਤਾਕਤੀ, ਗੁੱਛਾ-ਮੁੱਛਾ ਦੰਭੀ ਹਥਿਆਰ ਉਹਨਾ ਦਾ,

ਇਸ਼ਾਰੇ ਦੀ ਹੈ ਗੁੱਝੀ ਜਿਹੀ ਭਾਸ਼ਾ,

ਆਰਿਆਂ ਸੰਗ ਸੀਸ ਕਟਾਕੇ ਅਸੀਂ,

ਉਹਨਾ ਨੂੰ ਠਾਰ ਬੈਠੇ ਹਾਂ।

ਨਹੀਂ ਭੁੱਖੇ, ਨਹੀਂ ਪਿਆਸੇ,

ਨਹੀਂ ਨਿਹੱਥੇ, ਅਸੀਂ ਸਮੁੰਦਰ ਦੀਆਂ ਛੱਲਾਂ।

ਜਿੱਦੀ, ਦੰਭੀ ਹਾਕਮਾਂ ਨੂੰ, ਦੇਕੇ ਪੀਂਘ ਦਾ ਝੂਟਾ,

ਲੋਕਾਂ ਦਾ ਜ਼ੋਰ ਕੀ ਹੁੰਦਾ, ਪਾਠ ਪੜ੍ਹਾ ਬੈਠੇ ਹਾਂ।

ਹੁਣ ਤਾਂ ਤਾਰਾ ਚੰਦਾ

ਇਕੋ ਸਵਾਲ ਮਨ ‘ਚ ਆਵੇ

ਤਾਰਾ ਚੰਦਾ ਆਏਂਗਾ ਤੂੰ?

ਰਿਜ਼ਕ ਲਿਆਏਂਗਾ ਤੂੰ?

ਦਾਣੇ ਝੋਲੀ ਪਾਏਂਗਾ ਤੂੰ?

ਕੁਖ਼ ਮੇਰੀ ਰਜਾਏਂਗਾ ਤੂੰ?

ਸਭਨਾਂ ਨੂੰ ਰਜਾਏਂਗਾ ਤੂੰ?

ਸੰਪਰਕ: 9815802070

Share this Article
Leave a comment