ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨੀਵਾਰ ਦੁਪਹਿਰ ਲਗਭਗ 2:30 ਵਜੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ। ਇਹ ਮੁਲਾਕਾਤ ਚੰਡੀਗੜ੍ਹ ਦੇ ਪੰਜਾਬ ਰਾਜ ਭਵਨ ਵਿਖੇ ਹੋਈ। ਇਹ ਲਗਭਗ 15 ਦਿਨਾਂ ਵਿੱਚ ਮੁੱਖ ਮੰਤਰੀ ਅਤੇ ਰਾਜਪਾਲ ਵਿਚਕਾਰ ਦੂਜੀ ਮੁਲਾਕਾਤ ਹੈ। ਇਸ ਲਈ, ਇਸ ਮੁਲਾਕਾਤ ਨੂੰ ਰਾਜਨੀਤਿਕ ਅਤੇ ਪ੍ਰਸ਼ਾਸਨਿਕ ਤੌਰ ‘ਤੇ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।
ਹਾਲਾਂਕਿ ਮੁੱਖ ਮੰਤਰੀ ਅਤੇ ਰਾਜਪਾਲ ਵਿਚਾਲੇ ਹੋਈ ਇਸ ਮੁਲਾਕਾਤ ਦੇ ਏਜੰਡੇ ਸਬੰਧੀ ਪੰਜਾਬ ਸਰਕਾਰ ਜਾਂ ਰਾਜ ਭਵਨ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਜਾਰੀ ਨਹੀਂ ਕੀਤੀ ਗਈ। ਇਸ ਲਈ ਬੈਠਕ ਵਿੱਚ ਕਿਹੜੇ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਹੋਇਆ, ਇਸ ਬਾਰੇ ਸਥਿਤੀ ਸਪਸ਼ਟ ਨਹੀਂ ਹੈ।
ਇਸ ਦੌਰਾਨ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਦਾ ਮਾਮਲਾ ਵੀ ਪਿਛਲੇ ਕੁਝ ਸਮੇਂ ਤੋਂ ਚਰਚਾ ਵਿੱਚ ਹੈ। ਅਜਿਹੇ ਵਿੱਚ ਕਿਆਸ ਲਗਾਏ ਜਾ ਰਹੇ ਹਨ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਬੈਠਕ ਦੌਰਾਨ ਇਸ ਮਾਮਲੇ ’ਤੇ ਵੀ ਗੱਲਬਾਤ ਹੋ ਸਕਦੀ ਹੈ।

