ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਲੋਕ ਕਾਂਗਰਸ (ਪੀ.ਐੱਲ.ਸੀ.) ਦੇ ਮੁਖੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੀ ਪਾਕਿਸਤਾਨੀ ਦੋਸਤ ਅਰੂਸ਼ਾ ਆਲਮ ਦੇ ਲਾਏ ਦੋਸ਼ਾਂ ਨੂੰ ਬੇਬੁਨਿਆਦ ਦੱਸਣ ਦੀ ਕੋਸ਼ਿਸ਼ ਕੀਤੀ ਹੈ।
ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਇੱਕ ਗੱਲ ਨੂੰ ਧਿਆਨ ਨਾਲ ਸਮਝੋ। ਮੁੱਦਿਆਂ ਤੋਂ ਭਟਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਮਸਲਾ ਪੰਜਾਬ ਦਾ ਹੈ, ਪੰਜਾਬ ਨੂੰ ਅੱਗੇ ਲਿਜਾਣ ਦਾ ਹੈ। ਪੰਜਾਬ ਜਿੱਤੇਗਾ, ਪੰਜਾਬੀਅਤ ਦੀ ਜਿੱਤ ਹੋਵੇਗੀ ਅਤੇ ਹਰ ਪੰਜਾਬੀ ਦੀ ਜਿੱਤ ਹੋਵੇਗੀ।
ਦੱਸ ਦੇਈਏ ਕਿ ਇੱਕ ਇੰਟਰਵਿਊ ਵਿੱਚ ਆਰੂਸ਼ਾ ਆਲਮ ਨੇ ਕਾਂਗਰਸ ਅਤੇ ਨਵਜੋਤ ਸਿੰਘ ਸਿੱਧੂ ‘ਤੇ ਨਿਸ਼ਾਨਾ ਸਾਧਿਆ ਸੀ। ਜਦੋਂ ਆਰੂਸ਼ਾ ਆਲਮ ਨੂੰ ਪੁੱਛਿਆ ਗਿਆ ਕਿ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਵੀ ਲਗਾਤਾਰ ਇਲਜ਼ਾਮ ਲਗਾ ਰਹੇ ਹਨ ਤਾਂ ਤੁਸੀਂ ਉਨ੍ਹਾਂ ਨੂੰ ਕੁਝ ਕਹਿਣਾ ਚਾਹੋਗੇ। ਇਸ ‘ਤੇ ਆਰੂਸ਼ਾ ਆਲਮ ਨੇ ਕਿਹਾ ਕਿ ਸਭ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਨੂੰ ਆਪਣੀ ਗੱਲ ਮੰਨ ਲੈਣੀ ਚਾਹੀਦੀ ਹੈ, ਕੋਈ ਉਨ੍ਹਾਂ ਦੀ ਕੀ ਸੁਣੇਗਾ। ਇੱਕ ਕਿੱਥੇ ਰਹਿੰਦਾ ਹੈ ‘ਤੇ ਦੂਜਾ ਕਿੱਥੇ । ਲੋਕ ਸ਼੍ਰੀਮਤੀ ਨਵਜੋਤ ਸਿੱਧੂ ਦੇ ਖਿਲਾਫ ਵੀ ਕਾਫੀ ਬੋਲਦੇ ਹਨ ਕਿ ਉਹ ਪੈਸੇ ਲੈਂਦੀ ਸੀ ਅਤੇ ਉਸਨੇ ਭ੍ਰਿਸ਼ਟਾਚਾਰ ਕੀਤਾ ਹੈ।
ਉਨ੍ਹਾਂ ਕਿਹਾ ਕਿ ਮੰਤਰਾਲਾ ਇਹੀ ਚਲਾਉਂਦੀ ਸੀ , ਉਨ੍ਹਾਂ ਦਾ ਪਤੀ ਬੈਠਾ ਰਹਿੰਦਾ ਸੀ। ਸਿੱਧੂ ਕਿੱਥੇ ਖੜ੍ਹਾ ਹੈ, ਉਸ ਦੀ ਪਤਨੀ ਕਿੱਥੇ ਹੈ, ਚੰਨੀ ਕਿੱਥੇ ਹੈ, ਇਹ ਸਭ ਮੌਕਾਪ੍ਰਸਤ ਲੋਕ ਕਿੱਥੇ ਖਿੱਲਰੇ ਹਨ। ਅੱਜ ਇਹ ਸਾਰੇ ਤਲਵਾਰਾਂ ਕੱਢ ਕੇ ਆਪਸ ਵਿੱਚ ਲੜ ਰਹੇ ਹਨ ਅਤੇ ਤੁਸੀਂ ਦੇਖੋਗੇ ਕਿ ਪੰਜਾਬ ਵਿੱਚ ਪਾਰਟੀ ਦਾ ਕਿੰਨਾ ਨੁਕਸਾਨ ਕਰਨਗੇ। ਉਨ੍ਹਾਂ ਨੇ ਅਸਲ ਵਿੱਚ ਹੰਗਾਮਾ ਮਚਾ ਦਿੱਤਾ ਹੈ।