ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਟਰੂਡੋ ‘ਤੇ ਗੱਲਬਾਤ ਦੇ ਵੇਰਵੇ ‘ਲੀਕ’ ਕਰਨ ਦਾ ਲਗਾਇਆ ਦੋਸ਼, ਟਰੂਡੋ ਨੇ ਕਿਹਾ ਅਸੀਂ ਕੁਝ ਨਹੀਂ ਲੁਕਾਉਂਦੇ

Rajneet Kaur
3 Min Read

ਨਿਊਜ਼ ਡੈਸਕ: ਇੰਡੋਨੇਸ਼ੀਆ ਦੇ ਬਾਲੀ ‘ਚ ਬੁੱਧਵਾਰ ਨੂੰ ਖਤਮ ਹੋਏ ਜੀ-20 ਸੰਮੇਲਨ ਦੇ ਦੂਜੇ ਅਤੇ ਆਖਰੀ ਦਿਨ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਮੀਡੀਆ ਸਾਹਮਣੇ ਬਹਿਸ ਹੋ ਗਈ। ਜਿਨਪਿੰਗ ਨੇ ਸ਼ਿਕਾਇਤ ਭਰੇ ਲਹਿਜੇ ਵਿੱਚ ਟਰੂਡੋ ਨੂੰ ਕਿਹਾ ਕਿ ਤੁਹਾਡੇ ਨਾਲ ਹੋਈ ਗੱਲਬਾਤ ਮੀਡੀਆ ਵਿੱਚ ਕਿਉਂ ਲੀਕ ਹੋ ਜਾਂਦੀ ਹੈ? ਇਸ ਦਾ ਟਰੂਡੋ ਨੇ ਵੀ ਮੁਸਕੁਰਾਹਟ ਨਾਲ ਜਵਾਬ ਦਿੱਤਾ ਪਰ ਸਖਤੀ ਨਾਲ ਕਿਹਾ ਕਿ ਅਸੀਂ ਕੁਝ ਵੀ ਲੁਕਾਉਣ ਵਿੱਚ ਵਿਸ਼ਵਾਸ ਨਹੀਂ ਰੱਖਦੇ ਅਤੇ ਕੈਨੇਡਾ ਵਿੱਚ ਅਜਿਹਾ ਹੀ ਹੁੰਦਾ ਹੈ।

ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਕਹਿ ਰਹੇ ਹਨ ਕਿ ਇਹ ਸਹੀ ਨਹੀਂ ਸੀ।ਇਸ ਤਰ੍ਹਾਂ ਗੱਲਬਾਤ ਨਹੀਂ ਕੀਤੀ ਜਾ ਸਕਦੀ। ਸ਼ੀ ਜਿਨਪਿੰਗ ਦੀ ਇਸ ਨਾਰਾਜ਼ਗੀ ‘ਤੇ ਜਸਟਿਨ ਟਰੂਡੋ ਨੇ ਵੀ ਤੁਰੰਤ ਜਵਾਬ ਦਿਤਾ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਵਿੱਚ ਅਸੀਂ ਹਮੇਸ਼ਾ ਖੁੱਲ੍ਹ ਕੇ ਗੱਲ ਕਰਨ ਵਿੱਚ ਵਿਸ਼ਵਾਸ਼ ਰੱਖਿਆ ਹੈ, ਇਹ ਭਵਿੱਖ ਵਿੱਚ ਵੀ ਜਾਰੀ ਰਹੇਗਾ। ਭਵਿੱਖ ਵਿੱਚ ਵੀ ਮਿਲ ਕੇ ਕੰਮ ਕਰਾਂਗੇ, ਪਰ ਅਜਿਹੇ ਕਈ ਮੁੱਦੇ ਹੋਣਗੇ ਜਿਨ੍ਹਾਂ ਉੱਤੇ ਅਸੀਂ ਸਹਿਮਤ ਨਹੀਂ ਹੋ ਸਕਦੇ।

G20 ਇੱਕ ਅੰਤਰਰਾਸ਼ਟਰੀ ਮੰਚ ਹੈ ਅਤੇ ਇੱਥੇ ਦੁਨੀਆ ਦੇ ਵੱਡੇ ਨੇਤਾ ਇਕੱਠੇ ਹੁੰਦੇ ਹਨ। ਅਜਿਹੇ ‘ਚ ਮੰਚ ‘ਤੇ ਦੋਹਾਂ ਦੇਸ਼ਾਂ ਦੇ ਨੇਤਾਵਾਂ ਵਿਚਾਲੇ ਇਸ ਤਰ੍ਹਾਂ ਦੀ ਜ਼ੁਬਾਨੀ ਬਹਿਸ ਨੇ ਹੈਰਾਨ ਕਰ ਦਿੱਤਾ ਹੈ।ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਸ਼ੀ ਜਿਨਪਿੰਗ ਦਾ ਗੁੱਸਾ ਸਾਫ ਦਿਖਾਈ ਦੇ ਰਿਹਾ ਹੈ।ਜਿਸਦਾ ਟਰੂਡੋ ਵੀ ਤੁਰੰਤ ਜਵਾਬ ਦੇ ਰਹੇ ਹਨ। ਇਸ ਬਹਿਸ ਤੋਂ ਬਾਅਦ ਦੋਵੇਂ ਨੇਤਾ ਹੱਥ ਮਿਲਾ ਕੇ ਚਲੇ ਗਏ।

ਪੀਐਮਓ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਦੋਵਾਂ ਨੇਤਾਵਾਂ ਨੇ ਯੂਕਰੇਨ ਉੱਤੇ ਰੂਸ ਦੇ ਹਮਲੇ ਅਤੇ ਦੱਖਣੀ ਕੋਰੀਆ ਦੇ ਖ਼ਿਲਾਫ਼ ਉੱਤਰੀ ਕੋਰੀਆ ਦੇ ਲਗਾਤਾਰ ਹਮਲੇ ਉੱਤੇ ਵੀ ਚਰਚਾ ਕੀਤੀ।ਪੀਐਮਓ ਦਾ ਕਹਿਣਾ ਹੈ ਕਿ ਟ੍ਰੂਡੋ ਨੇ ਮੌਂਟਰੀਅਲ ਹੋਣ ਵਾਲੇ ਸੀਓਪੀ 15 ਸੰਮੇਲਨ ਦੀ ਮਹੱਤਤਾ ਅਤੇ ਜਲਵਾਯੂ ਪਰਿਵਰਤਨ ਬਾਰੇ ਵੀ ਗੱਲਬਾਤ ਕੀਤੀ।

- Advertisement -

ਵਪਾਰ ਅਤੇ ਦੋ ਕੈਨੇਡੀਅਨਜ਼ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਚੱਲ ਰਹੇ ਵਿਵਾਦ ਦਰਮਿਆਨ , ਦੋਵਾਂ ਨੇਤਾਵਾਂ ਦਰਮਿਆਨ ਸੰਖੇਪ ਗੱਲਬਾਤ ਵਿੱਚ ਟ੍ਰੂਡੋ ਨੇ 2019 ਦੀਆਂ ਫ਼ੈਡਰਲ ਚੋਣਾਂ ਦੌਰਾਨ 11 ਉਮੀਦਵਾਰਾਂ ਨੂੰ ਚੀਨ ਦੁਆਰਾ ਦਿਤੀ ਗੁਪਤ ਫ਼ੰਡਿੰਗ ਦੀਆਂ ਮੀਡੀਆ ਰਿਪੋਰਟਾਂ ਬਾਰੇ ਚਿੰਤਾ ਜ਼ਾਹਰ ਕੀਤੀ। ਦਰਅਸਲ ਟ੍ਰੂਡੋ ਦੀ ਸ਼ੀ ਨਾਲ ਗੱਲਬਾਤ ਕੋਈ ਅਧਿਕਾਰਤ ਮੀਟਿੰਗ ਨਹੀਂ ਸੀ ਜਿਵੇਂ ਕਿ ਸ਼ੀ ਨੇ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ, ਅਰਜਨਟੀਨਾ ਦੇ ਰਾਸ਼ਟਰਪਤੀ ਅਲਬਰਟੋ ਐਂਜੇਲ ਫਰਨਾਂਡੇਜ਼ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਸਮੇਤ ਹੋਰ ਨੇਤਾਵਾਂ ਨਾਲ ਕੀਤੀ ਸੀ।

ਆਪਣੀ ਪ੍ਰੈਸ ਵਾਰਤਾ ਦੌਰਾਨ ਟ੍ਰੂਡੋ ਨੇ ਇਸ ਘਟਨਾ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਉਹ ਆਪਣੇ ਨਾਗਰਿਕਾਂ ਨੂੰ ਉਸ ਕੰਮ ਤੋਂ ਜਾਣੂ ਕਰਵਾਉਣਾ ਚਾਹੁੰਦੇ ਹਨ ਜੋ ਉਹ ਉਨ੍ਹਾਂ ਲਈ ਕਰ ਰਹੇ ਹਨ। ਟ੍ਰੂਡੋ ਨੇ ਕਿਹਾ ਮੈਂ ਕੈਨੇਡੀਅਨਜ਼ ਨਾਲ ਖੁੱਲ੍ਹ ਕੇ ਗੱਲ ਕਰਾਂਗਾ, ਭਾਵੇਂ ਅਸੀਂ ਮਹੱਤਵਪੂਰਨ ਅਤੇ ਕਈ ਵਾਰ ਨਾਜ਼ੁਕ ਵਿਸ਼ਿਆਂ ‘ਤੇ ਚਰਚਾ ਕਰੀਏ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment