ਨਿਊਜ਼ ਡੈਸਕ: ਚੀਨ ਸਰਕਾਰ ਨੇ ਜਨਮ ਦਰ ਵਿੱਚ ਲਗਾਤਾਰ ਆ ਰਹੀ ਕਮੀ ਨੂੰ ਰੋਕਣ ਲਈ ਇੱਕ ਵੱਡਾ ਕਦਮ ਚੁੱਕਿਆ ਹੈ। ਸਰਕਾਰ ਨੇ ਫੈਸਲਾ ਕੀਤਾ ਹੈ ਕਿ ਹਰ ਨਵਜੰਮੇ ਬੱਚੇ ਦੇ ਮਾਤਾ-ਪਿਤਾ ਨੂੰ 1.30 ਲੱਖ ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ।
ਚਾਈਨਾ ਡੇਲੀ ਦੀ ਰਿਪੋਰਟ ਮੁਤਾਬਕ, ਬੱਚੇ ਦੇ ਜਨਮ ਤੋਂ ਬਾਅਦ ਸਰਕਾਰ ਲਗਾਤਾਰ ਤਿੰਨ ਸਾਲਾਂ ਤੱਕ ਮਾਤਾ-ਪਿਤਾ ਨੂੰ ਹਰ ਸਾਲ 3600 ਯੁਆਨ (ਲਗਭਗ 44,000 ਰੁਪਏ) ਦੇਵੇਗੀ।
ਚੀਨ ਦੀ 21% ਆਬਾਦੀ ਦੀ ਉਮਰ 60 ਸਾਲ ਤੋਂ ਵੱਧ ਹੈ। ਲਗਭਗ ਇੱਕ ਦਹਾਕੇ ਪਹਿਲਾਂ ਚੀਨ ਨੇ ਆਪਣੀ ਵਿਵਾਦਤ “ਇੱਕ ਬੱਚਾ ਨੀਤੀ” ਨੂੰ ਖਤਮ ਕਰ ਦਿੱਤਾ ਸੀ, ਪਰ ਇਸ ਦੇ ਬਾਵਜੂਦ ਜਨਮ ਦਰ ਲਗਾਤਾਰ ਘਟ ਰਹੀ ਹੈ।
ਦੁਨੀਆ ਦੇ ਵੱਡੇ ਦੇਸ਼ਾਂ ‘ਚੋਂ ਚੀਨ ਦੀ ਜਨਮ ਦਰ ਸਭ ਤੋਂ ਘੱਟ ਹੈ ਅਤੇ ਇਹ ਲਗਾਤਾਰ ਘਟਦੀ ਜਾ ਰਹੀ ਹੈ। 2016 ਵਿੱਚ ਚੀਨ ਵਿੱਚ 1.8 ਕਰੋੜ ਬੱਚੇ ਪੈਦਾ ਹੋਏ ਸਨ, ਜੋ 2023 ਵਿੱਚ ਘਟ ਕੇ 90 ਲੱਖ ਤੱਕ ਪਹੁੰਚ ਗਏ। 2024 ਵਿੱਚ ਇਸ ਵਿੱਚ ਥੋੜ੍ਹੀ ਜਿਹਾ ਵਾਧਾ ਹੋਇਆ ਅਤੇ 95 ਲੱਖ ਬੱਚੇ ਪੈਦਾ ਹੋਏ, ਪਰ ਮੌਤ ਦਰ ਜਨਮ ਦਰ ਨਾਲੋਂ ਵੱਧ ਹੋਣ ਕਾਰਨ ਕੁੱਲ ਆਬਾਦੀ ਵਿੱਚ ਕਮੀ ਜਾਰੀ ਰਹੀ।
ਤਿੰਨ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਲਾਭ
ਜਿਨ੍ਹਾਂ ਮਾਤਾ-ਪਿਤਾ ਦੇ ਬੱਚੇ ਤਿੰਨ ਸਾਲ ਤੋਂ ਘੱਟ ਉਮਰ ਦੇ ਹਨ, ਉਨ੍ਹਾਂ ਨੂੰ ਸਰਕਾਰ ਹਰ ਸਾਲ ਨਕਦ ਸਹਾਇਤਾ ਦੇਵੇਗੀ। ਇਹ ਸਕੀਮ 1 ਜਨਵਰੀ 2025 ਤੋਂ ਲਾਗੂ ਹੋਵੇਗੀ। ਇਸ ਵਿੱਚ ਉਹ ਬੱਚੇ ਵੀ ਸ਼ਾਮਲ ਹੋਣਗੇ ਜਿਨ੍ਹਾਂ ਦੀ ਉਮਰ ਹੁਣੇ ਤਿੰਨ ਸਾਲ ਤੋਂ ਘੱਟ ਹੈ।
ਚੀਨੀ ਨਾਗਰਿਕਤਾ ਵਾਲੇ ਬੱਚਿਆਂ ਨੂੰ ਤਿੰਨ ਸਾਲ ਦੀ ਉਮਰ ਤੱਕ ਹਰ ਸਾਲ 3600 ਯੁਆਨ (ਕਰੀਬ 502 ਅਮਰੀਕੀ ਡਾਲਰ) ਦਿੱਤੇ ਜਾਣਗੇ। ਜੇਕਰ ਕੋਈ ਬੱਚਾ ਪਹਿਲਾਂ ਪੈਦਾ ਹੋਇਆ ਹੈ ਪਰ ਅਜੇ ਤਿੰਨ ਸਾਲ ਤੋਂ ਛੋਟਾ ਹੈ, ਤਾਂ ਉਸ ਨੂੰ ਸਕੀਮ ਦੇ ਦਾਇਰੇ ਵਿੱਚ ਆਉਣ ਵਾਲੇ ਮਹੀਨਿਆਂ ਦੇ ਹਿਸਾਬ ਨਾਲ ਰਾਸ਼ੀ ਮਿਲੇਗੀ।
ਚੀਨ ਦੇ ਰਾਸ਼ਟਰੀ ਸਿਹਤ ਆਯੋਗ ਨੇ ਦੱਸਿਆ ਕਿ ਇਹ ਪਹਿਲੀ ਵਾਰ ਹੈ ਜਦੋਂ ਪੂਰੇ ਦੇਸ਼ ਵਿੱਚ ਇਕਸਾਰ ਬਾਲ ਦੇਖਭਾਲ ਸਬਸਿਡੀ ਦਿੱਤੀ ਜਾ ਰਹੀ ਹੈ। ਇਸ ਨਾਲ ਲਗਭਗ ਦੋ ਕਰੋੜ ਪਰਿਵਾਰਾਂ ਨੂੰ ਹਰ ਸਾਲ ਲਾਭ ਮਿਲਣ ਦੀ ਉਮੀਦ ਹੈ।
ਕਈ ਚੀਨੀ ਸੂਬੇ ਵੀ ਚਲਾ ਰਹੇ ਨੇ ਅਜਿਹੀਆਂ ਸਕੀਮਾਂ
ਪਹਿਲਾਂ ਚੀਨ ਦੇ ਵੱਖ-ਵੱਖ ਸੂਬਿਆਂ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਸਕੀਮਾਂ ਚੱਲ ਰਹੀਆਂ ਸਨ, ਜਿਨ੍ਹਾਂ ਵਿੱਚ ਜ਼ਿਆਦਾਤਰ ਸਬਸਿਡੀ ਸਿਰਫ਼ ਦੂਜੇ ਜਾਂ ਤੀਜੇ ਬੱਚੇ ਲਈ ਦਿੱਤੀ ਜਾਂਦੀ ਸੀ। ਪਰ ਨਵੀਂ ਸਕੀਮ ਵਿੱਚ ਪਹਿਲੇ, ਦੂਜੇ ਅਤੇ ਤੀਜੇ ਸਾਰੇ ਬੱਚਿਆਂ ਨੂੰ ਬਰਾਬਰ ਸਹਾਇਤਾ ਮਿਲੇਗੀ।
ਮਾਹਰਾਂ ਦਾ ਮੰਨਣਾ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ ਚੀਨ ਵਿੱਚ ਪਹਿਲੇ ਬੱਚੇ ਦੇ ਜਨਮ ਵਿੱਚ ਸਭ ਤੋਂ ਵੱਧ ਕਮੀ ਆਈ ਹੈ, ਇਸ ਲਈ ਇਹ ਸਕੀਮ ਇਉਂ ਸਮੱਸਿਆ ਨੂੰ ਹੱਲ ਕਰਨ ਵਿੱਚ ਮਦਦ ਕਰੇਗੀ। ਨਾਲ ਹੀ, ਮਾਹਰਾਂ ਨੇ ਕਿਹਾ ਕਿ ਸਿਰਫ਼ ਪੈਸੇ ਦੇਣ ਨਾਲ ਜਨਮ ਦਰ ਨਹੀਂ ਵਧੇਗੀ, ਸਗੋਂ ਮਾਂ ਦੀ ਛੁੱਟੀ, ਬੱਚਿਆਂ ਦੀ ਦੇਖਭਾਲ ਸੇਵਾਵਾਂ, ਸਕੂਲ ਅਤੇ ਘਰ ਵਰਗੀਆਂ ਸਹੂਲਤਾਂ ਨੂੰ ਵੀ ਜੋੜਨਾ ਜ਼ਰੂਰੀ ਹੈ।
ਸਰਕਾਰ ਦੀ ਯੋਜਨਾ ਹੈ ਕਿ ਅਗਸਤ 2025 ਦੇ ਅਖੀਰ ਤੱਕ ਪੂਰੇ ਦੇਸ਼ ਵਿੱਚ ਇਸ ਸਬਸਿਡੀ ਲਈ ਅਰਜ਼ੀਆਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ। ਸਰਕਾਰ ਵੱਖ-ਵੱਖ ਖੇਤਰਾਂ ਨੂੰ ਉਨ੍ਹਾਂ ਦੀ ਆਰਥਿਕ ਸਥਿਤੀ ਦੇ ਹਿਸਾਬ ਨਾਲ ਸਹਾਇਤਾ ਦੇਵੇਗੀ, ਅਤੇ ਸਥਾਨਕ ਸਰਕਾਰਾਂ ਚਾਹੁਣ ਤਾਂ ਸਬਸਿਡੀ ਦੀ ਰਾਸ਼ੀ ਵਧਾ ਵੀ ਸਕਦੀਆਂ ਹਨ, ਪਰ ਉਸ ਦਾ ਖਰਚ ਉਨ੍ਹਾਂ ਨੂੰ ਖੁਦ ਚੁੱਕਣਾ ਪਵੇਗਾ।
ਬੱਚਿਆਂ ਦੀ ਪਰਵਰਿਸ਼ ਵਿੱਚ ਚੀਨ ਮਹਿੰਗੇ ਦੇਸ਼ਾਂ ਵਿੱਚੋਂ ਇੱਕ
ਬੱਚਿਆਂ ਦੀ ਪਰਵਰਿਸ਼ ਦੇ ਮਾਮਲੇ ਵਿੱਚ ਚੀਨ ਦੁਨੀਆ ਦੇ ਸਭ ਤੋਂ ਮਹਿੰਗੇ ਦੇਸ਼ਾਂ ਵਿੱਚੋਂ ਇੱਕ ਹੈ। ਯੰਗ ਪਾਪੂਲੇਸ਼ਨ ਰਿਸਰਚ ਇੰਸਟੀਟਿਊਟ ਦੇ ਅਨੁਸਾਰ, ਇੱਕ ਬੱਚੇ ਨੂੰ 17 ਸਾਲ ਦੀ ਉਮਰ ਤੱਕ ਪਾਲਣ ਵਿੱਚ ਔਸਤਨ 56 ਲੱਖ ਰੁਪਏ ਖਰਚ ਹੁੰਦੇ ਹਨ।
ਜਨਵਰੀ 2024 ਦੇ ਸਰਕਾਰੀ ਅੰਕੜਿਆਂ ਮੁਤਾਬਕ, ਚੀਨ ਦੀ ਆਬਾਦੀ ਲਗਾਤਾਰ ਤੀਜੇ ਸਾਲ ਘਟੀ। 2024 ਵਿੱਚ 95.4 ਲੱਖ ਬੱਚੇ ਪੈਦਾ ਹੋਏ, ਜੋ ਪਿਛਲੇ ਸਾਲ ਨਾਲੋਂ ਥੋੜ੍ਹੇ ਵੱਧ ਸਨ।
ਵਰਲਡ ਬੈਂਕ ਅਤੇ ਹੋਰ ਅੰਤਰਰਾਸ਼ਟਰੀ ਏਜੰਸੀਆਂ ਦੇ ਅਨੁਸਾਰ, 2100 ਤੱਕ ਚੀਨ ਦੀ ਆਬਾਦੀ ਘਟ ਕੇ ਲਗਭਗ 1 ਅਰਬ ਜਾਂ ਇਸ ਤੋਂ ਵੀ ਘੱਟ ਰਹਿ ਸਕਦੀ ਹੈ। ਜਨਸੰਖਿਆ ਮਾਹਰਾਂ ਦਾ ਮੰਨਣਾ ਹੈ ਕਿ ਇਹ ਕਮੀ ਚੀਨ ਦੇ ਆਰਥਿਕ ਅਤੇ ਸਮਾਜਿਕ ਢਾਂਚੇ ‘ਤੇ ਵੱਡਾ ਅਸਰ ਪਾ ਸਕਦੀ ਹੈ।