ਚੀਨ ਨੇ ਅਮਰੀਕਾ ਤੋਂ ਲਿਆ ਬਦਲਾ, 3 ਅਮਰੀਕੀ ਅਖਬਾਰਾਂ ਦੇ ਪੱਤਰਕਾਰਾਂ ਨੂੰ ਦਿੱਤਾ ਦੇਸ਼ ਨਿਕਾਲਾ

TeamGlobalPunjab
2 Min Read

ਬੀਜਿੰਗ: ਜਿੱਥੇ ਇੱਕ ਪਾਸੇ ਪੂਰੀ ਦੁਨੀਆ ‘ਚ ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਏ ਜਾਨਲੇਵਾ ਕੋਰੋਨਾ ਵਾਇਰਸ (ਕੋਵਿਡ-19) ਦਾ ਖੌਫ ਹੈ ਉਥੇ ਦੂਜੇ ਪਾਸੇ ਚੀਨ ਤੇ ਅਮਰੀਕਾ ‘ਚ ਕੋਰੋਨਾ ਵਾਇਰਸ ਨੂੰ ਲੈ ਕੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਇਸ ‘ਚ ਹੀ ਚੀਨ ਦੇ ਵਿਦੇਸ਼ ਮੰਤਰਾਲੇ ਨੇ ਬੀਤੇ ਬੁੱਧਵਾਰ ਅਮਰੀਕੀ ਅਖਬਾਰ ਨਿਊਯਾਰਕ ਟਾਈਮਜ਼, ਵਾਸ਼ਿੰਗਟਨ ਪੋਸਟ ਅਤੇ ਵਾਲ ਸਟਰੀਟ ਜਰਨਲ ਦੇ ਪੱਤਰਕਾਰਾਂ ਨੂੰ 10 ਦਿਨਾਂ ਦੇ ਅੰਦਰ ਆਪਣੇ ਮੀਡੀਆ ਪਾਸ ਵਾਪਸ ਕਰਨ ਦੇ ਆਦੇਸ਼ ਦਿੱਤੇ ਹਨ।

ਦਰਅਸਲ ਚੀਨ ਅਤੇ ਅਮਰੀਕਾ ਦਰਮਿਆਨ ਤਾਜ਼ਾ ਵਿਵਾਦ ਉਦੋਂ ਪੈਦਾ ਹੋਇਆ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਇੱਕ ਟਵੀਟ ‘ਚ ਕੋਰੋਨਾ ਵਾਇਰਸ ਨੂੰ ‘ਚੀਨੀ ਵਾਇਰਸ’ ਦਾ ਨਾਮ ਦਿੱਤਾ ਸੀ। ਜਿਸ ‘ਤੇ ਚੀਨੀ ਸਰਕਾਰ ਨੇ ਸਖਤ ਇਤਰਾਜ਼ ਜਤਾਇਆ ਸੀ। ਅਮਰੀਕੀ ਰਾਸ਼ਟਰਪਤੀ ਟਰੰਪ ਦੇ ਇਸ ਬਿਆਨ ਤੋਂ ਬਾਅਦ ਹੀ ਚੀਨ ਨੇ ਇਹ ਸਖਤ ਕਦਮ ਚੁੱਕਿਆ ਹੈ। ਦੱਸ ਦਈਏ ਕਿ ਪਿਛਲੇ ਕੁੱਝ ਸਾਲਾਂ ਵਿੱਚ ਵਿਦੇਸ਼ੀ ਮੀਡੀਆ ‘ਤੇ ਚੀਨ ਦੁਆਰਾ ਕੀਤੀ ਗਈ ਇਹ ਸਭ ਤੋਂ ਸਖਤ ਕਾਰਵਾਈ ਮੰਨੀ ਜਾ ਰਹੀ ਹੈ। ਜਿਸ ਨਾਲ ਦੋਵੇਂ ਦੇਸ਼ਾਂ ਦਰਮਿਆਨ ਤਣਾਅ ਵਧਿਆ ਹੈ।

ਚੀਨ ਨੇ ਵਾਇਸ ਆਫ ਅਮਰੀਕਾ, ਦਿ ਨਿਊਯਾਰਕ ਟਾਈਮਜ਼, ਦਿ ਵਾਲ ਸਟ੍ਰੀਟ ਜਰਨਲ, ਵਾਸ਼ਿੰਗਟਨ ਪੋਸਟ ਅਤੇ ਟਾਈਮ ਮੈਗਜ਼ੀਨ ਤੋਂ ਉਨ੍ਹਾਂ ਦੇ ਕਰਮਚਾਰੀਆਂ, ਜਾਇਦਾਦਾਂ, ਕੰਮ ਅਤੇ ਰੀਅਲ ਅਸਟੇਟ ਜਾਇਦਾਦਾਂ ਬਾਰੇ ਲਿਖਤੀ ਜਾਣਕਾਰੀ ਵੀ ਮੰਗੀ ਹੈ। ਇਸ ਤੋਂ ਇਲਾਵਾ ਚੀਨ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਉਨ੍ਹਾਂ ਨੂੰ ਹਾਂਗ ਕਾਂਗ ਅਤੇ ਮਕਾਓ ਸਮੇਤ ਚੀਨ ਦੇ ਕਿਸੇ ਵੀ ਹਿੱਸੇ ਵਿੱਚ ਪੱਤਰਕਾਰ ਵਜੋਂ ਕੰਮ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਦੱਸ ਦੇਈਏ ਕਿ ਹਾਲ ਹੀ ਵਿੱਚ ਅਮਰੀਕਾ ਨੇ ਚੀਨੀ ਮੀਡੀਆ ਲਈ ਅਜਿਹੇ ਹੀ ਨਿਯਮ ਲਾਗੂ ਕੀਤੇ ਸਨ।

ਚੀਨ ਦੇ ਵਿਦੇਸ਼ ਮੰਤਰਾਲੇ ਨੇ ਅਮਰੀਕੀ ਮੀਡੀਆ ਅਦਾਰਿਆਂ ‘ਤੇ ਕੀਤੀ ਗਈ ਕਾਰਵਾਈ ਨੂੰ ਜਵਾਬੀ ਕਾਰਵਾਈ ਦੱਸਦਿਆਂ ਕਿਹਾ ਕਿ ਉਹ ਆਪਣੇ ਮੀਡੀਆ ਅਦਾਰਿਆਂ ਖਿਲਾਫ ਅਮਰੀਕੀ ਕਾਰਵਾਈ ਦੇ ਬਦਲੇ ਕਦਮ ਚੁੱਕਣ ਲਈ ਮਜਬੂਰ ਹੋਇਆ ਹੈ। ਦੂਜੇ ਪਾਸੇ ਯੂਐਸ ਦੇ ਵਿਦੇਸ਼ ਮੰਤਰੀ ਮਾਈਕ ਪੋਪੇਪੀਓ ਨੇ ਚੀਨ ਨੂੰ ਇਸ ‘ਤੇ ਫਿਰ ਤੋਂ ਵਿਚਾਰ ਕਰਨ ਲਈ ਕਿਹਾ ਹੈ।

- Advertisement -

 

Share this Article
Leave a comment