ਛੋਟੇ ਸਾਹਿਬਜ਼ਾਦਿਆਂ ਦੀ ਵੱਡੀ ਸ਼ਹਾਦਤ 

TeamGlobalPunjab
3 Min Read

ਛੋਟੇ ਸਾਹਿਬਜ਼ਾਦਿਆਂ ਦੀ ਵੱਡੀ ਸ਼ਹਾਦਤ 

ਡਾ. ਗੁਰਦੇਵ ਸਿੰਘ

ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦੇ ਕਚਹਿਰੀ ਵਿੱਚ ਪੇਸ਼ ਕਰਨ ਸੰਬੰਧੀ ਇੱਕ ਲੋਕ ਵਾਰਤਾ ਇਹ ਵੀ ਪ੍ਰਚਲਿਤ ਹੈ ਕਿ ਛੋਟੇ ਸਾਹਿਬਜ਼ਾਦਿਆਂ ‘ਤੇ ਪਹਿਲੇ ਦਿਨ ਜਦੋਂ ਸੂਬੇ ਦੀ ਕੋਈ ਪੇਸ਼ ਨਹੀਂ ਚੱਲੀ ਤਾਂ ਦੂਸਰੇ ਦਿਨ ਸਾਹਿਬਜ਼ਾਦਿਆਂ ਨੂੰ ਝੁਕਾਉਣ ਹਿਤ ਦਰਬਾਰ ਦੇ ਮੁੱਖ ਦਰਬਾਰ ਦਾ ਛੋਟਾ ਦਰਵਾਜਾ ਖੋਲਿਆ ਗਿਆ। ਇਸ ਪਿਛੇ ਮਨਸ਼ਾ ਇਹ ਸੀ ਕਿ ਸਾਹਿਬਜ਼ਾਦਿਆਂ ਦਾ ਸਿਰ ਸੂਬੇ ਸਾਹਮਣੇ ਝੁਕਾਇਆ ਜਾਵੇ ਪਰ ਜਦੋਂ ਦੋਵੇਂ ਸਾਹਿਬਜ਼ਾਦੇ ਦਰਬਾਰ ਵਿੱਚ ਦਾਖਲ ਹੁੰਦੇ ਹਨ ਤਾਂ ਉਨ੍ਹਾਂ ਨੇ ਦਰਬਾਰ ਵਿੱਚ ਉਸ ਦਰਵਾਜੇ ਦੇ ਰਾਹੀਂ ਪਹਿਲਾਂ ਆਪਣਾ ਪੈਰ ਅੰਦਰ ਕੀਤਾ ਤੇ ਬਾਅਦ ਵਿੱਚ ਸਰੀਰ ਦਾ ਬਾਕੀ ਹਿੱਸਾ। ਇਹ ਸਭ ਦੇਖ ਕੇ ਦਰਬਾਰੀ ਤੇ ਸੂਬਾ ਸਰਹਿੰਦ ਸ਼ਰਮਸ਼ਾਰ ਹੋ ਗਿਆ। ਫਿਰ ਹੋਈ ਦਰਬਾਰ ਦੀ ਕਾਰਵਾਈ ਸ਼ੁਰੂ ਤੇ ਸਾਹਿਬਜ਼ਾਦਿਆਂ ਨਾਲ ਪਹਿਲਾ ਨਰਮ ਤੇ ਫਿਰ ਸਖਤ ਤੇਵਰਾਂ ਦੇ ਨਾਲ ਗੱਲ ਕੀਤੀ ਗਈ । ਡਰਾਇਆ ਗਿਆ, ਧਮਕਾਇਆ ਗਿਆ ਪਰ ਸਾਹਿਬਜ਼ਾਦੇ ਅਡੋਲ ਰਹੇ ਤੇ ਨਿਡਰ ਆਵਾਜ਼ ਵਿੱਚ ਕਿਹਾ ਕਿ ਅਸੀਂ ਆਪਣੇ ਪੁਰਖਿਆਂ ਦੇ ਰਸਤੇ ‘ਤੇ ਹੀ ਚਲਾਂਗੇ। ਤੂੰ ਸਾਨੂੰ ਕਿਸੇ ਵੀ ਤਰੀਕੇ ਨਾਲ ਸਾਡੇ ਧਰਮ ਤੋਂ ਦੂਰ ਨਹੀਂ ਕਰ ਸਕਦਾ। ਆਪਣੀਆਂ ਹਰ ਕਮੀਨਗੀ ਭਰੀਆਂ ਹਰਕਤਾਂ ਵਿੱਚ ਨਾਕਾਮਯਾਬ ਰਹਿਣ ਤੇ ਗੁਸਾਏ ਵਜੀਰ ਖਾਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਨ ਦੇ ਫੈਸਲਾ ਨੂੰ ਅਮਲ ਵਿੱਚ ਲਿਆਉਣ ਲਈ ਹੁਕਮ ਸੁਣਾ ਦਿੱਤਾ। ਸਾਹਿਬਜ਼ਾਦਿਆਂ ਨੇ ਸਤਿ ਸ੍ਰੀ ਅਕਾਲ ਦੇ ਜ਼ੈਕਾਰਿਆਂ ਦੇ ਨਾਲ ਆਪਣੇ ਹੋਂਸਲੇ ਤੇ ਆਪਣੀ ਧਰਮ ਪ੍ਰਤੀ ਦ੍ਰਿੜਤਾ ਦਾ ਸਬੂਤ ਦਿੱਤਾ।

          ਵਜੀਰ ਖਾਂ ਦੇ  ਹੁਕਮ ਦੀ ਤਾਲੀਮ ਹੋਣੀ ਸ਼ੁਰੂ ਹੋ ਗਈ । ਸਾਹਿਬਜ਼ਾਦਿਆਂ ਨੂੰ ਉਸ ਅਸਥਾਨ ‘ਤੇ ਲਿਆਂਦਾ ਗਿਆ ਜਿੱਥੇ ਉਨ੍ਹਾਂ ਨੂੰ ਨੀਹਾਂ ਵਿੱਚ ਚਿਣਨਾ ਸੀ। ਖੂਨੀ ਕੰਧ ਬਣਨੀ ਸ਼ੁਰੂ ਕਰ ਦਿੱਤੀ। ਸਾਹਿਬਜ਼ਾਦਿਆਂ ਨੂੰ ਫਿਰ ਪੁਛਿਆ ਗਿਆ ਪਰ ਸਾਹਿਬਜ਼ਾਦੇ ਆਪਣੀ ਬਿਲਕੁਲ ਹੀ ਡੋਲੇ ਨਹੀਂ। ਅੰਤ ਕੰਧ ਨੇ ਸਾਹਿਬਜ਼ਾਦਿਆਂ ਨੂੰ ਆਪਣੀ ਬੁੱਕਲ ਵਿੱਚ ਲੈ ਲਿਆ। ਕਿਹਾ ਜਾਂਦਾ ਹੈ ਕਿ ਦਮ ਘੁੱਟਣ ਨਾਲ ਸਾਹਿਬਜ਼ਾਦੇ ਬੇਹੋਸ਼ ਹੋ ਗਏ ਤੇ ਕੰਧ ਡਿੱਗ ਗਈ। ਸਾਹਿਬਜ਼ਾਦਿਆਂ ਦੇ ਸਾਹ ਚੱਲ ਰਹੇ ਸੀ ਕਿ ਜ਼ਾਲਮਾਂ ਨੇ ਮਾਸੂਮਾਂ ਦੇ ਗਲੇ ‘ਤੇ ਛੁਰੀ ਚਲਾ ਦਿੱਤੀ।

          ਇਸ ਤਰ੍ਹਾਂ ਸਾਹਿਬਜ਼ਾਦੇ ਸ਼ਹਾਦਤ ਦਾ ਜ਼ਾਮ ਪੀ ਗਏ ਤੇ ਸਾਡੇ ਸਿਰਾਂ ‘ਤੇ ਸਿੱਖੀ ਦਾ ਤਾਜ਼ ਸਜਾ ਗਏ। ਮਾਤਾ ਗੁਜਰੀ ਨੂੰ ਜਦੋਂ ਪਤਾ ਲਗਿਆ ਕਿ ਮੇਰੇ ਪੋਤਰੇ ਡੋਲੇ ਨਹੀਂ ਸਗੋਂ ਸਿੱਖੀ ਸੁਆਸਾਂ ਸੰਗ ਨਿਭਾਅ ਗਏ ਤਾਂ ਮਾਤਾ ਨੇ ਅਕਾਲ ਪੁਰਖ ਦਾ ਸ਼ੁਕਰ ਕੀਤਾ ਤੇ ਆਪਣੇ ਸੁਆਸ ਤਿਆਗ ਦਿੱਤੇ।

- Advertisement -

Share this Article
Leave a comment