Home / ਓਪੀਨੀਅਨ / ਛੋਟਾ ਘੱਲੂਘਾਰਾ : ਸਿੱਖ ਇਤਿਹਾਸ ਵਿੱਚ ਕੌਣ ਸੀ ਮਿੱਠਾ ਮੱਲ

ਛੋਟਾ ਘੱਲੂਘਾਰਾ : ਸਿੱਖ ਇਤਿਹਾਸ ਵਿੱਚ ਕੌਣ ਸੀ ਮਿੱਠਾ ਮੱਲ

-ਅਵਤਾਰ ਸਿੰਘ

 

ਛੋਟਾ ਘੱਲੂਘਾਰਾ 17 ਮਈ 1746 ‘ਘੱਲੂਘਾਰਾ’ ਸ਼ਬਦ ਦਾ ਸਬੰਧ ਅਫ਼ਗਾਨੀ ਬੋਲੀ ਨਾਲ ਹੈ; ਜਿਸ ਦੇ ਅੱਖਰੀ ਅਰਥ ਹਨ ਸਭ ਕੁਝ ਤਬਾਹ ਹੋ ਜਾਣਾ, ਵੱਡੇ ਪੱਧਰ ’ਤੇ ਕਤਲੇਆਮ ਹੋਣਾ, ਨਸਲਘਾਤ ਜਾਂ ਸਰਬਨਾਸ਼। ਸਿੱਖਾਂ ਦਾ ਸੁਭਾਅ ਜ਼ੁਲਮ ਦੇ ਵਿਰੁੱਧ ਲੜਨ ਵਾਲਾ ਅਤੇ ਕਿਸੇ ਦੀ ਗੁਲਾਮੀ ਜਾਂ ਈਨ ਨਾ ਸਵੀਕਾਰ ਕਰਨ ਵਾਲਾ ਹੋਣ ਕਰਕੇ ਸਮੇਂ-ਸਮੇਂ ਸਿਰ ਸਿੱਖਾਂ ਨੂੰ ਭਿਆਨਕ ਘੱਲੂਘਾਰਿਆਂ ਦਾ ਸਾਹਮਣਾ ਕਰਨਾ ਪਿਆ।

ਵੱਡਾ ਘਲੂਘਾਰਾ 5 ਫਰਵਰੀ 1762 ਨੂੰ ਕੁਪ ਰਹੀੜਾਂ, ਮਲੇਰਕੋਟਲਾ ਵਿਖੇ ਹੋਇਆ ਸੀ। ਇਸ ਤੋਂ ਪਹਿਲਾਂ ਸਿੱਖਾਂ ਅਤੇ ਮੁਗਲਾਂ ਦਰਮਿਆਨ 17 ਮਈ 1746 ਈ: ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਕਾਹਨੂੰਵਾਨ ਛੰਭ ‘ਚ ਘਲੂਘਾਰਾ ਵਾਪਰਿਆ ਸੀ, ਖੂਨੀ ਦੁਖਾਂਤ, ਜੋ ਇਤਿਹਾਸ ਵਿੱਚ ਛੋਟੇ ਘੱਲੂਘਾਰੇ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ।

ਦੂਜੇ ਘਲੂਘਾਰੇ ਸਮੇਂ ਕੀਤੇ ਵੱਡਾ ਕਤਲੇਆਮ ਹੋਇਆ ਸੀ ਇਸ ਲਈ ਇਸਨੂੰ ਵਖਰਾਉਣ ਦੇ ਮੰਤਵ ਨਾਲ ਇਸ ਨੂੰ ਛੋਟਾ ਘਲੂਘਾਰਾ ਕਿਹਾ ਜਾਣ ਲੱਗਿਆ। ਕਾਹਨੂੰਵਾਨ ਦਾ ਛੰਭ ਜੋ ਗੁਰਦਾਸਪੁਰ ਤੋਂ ਮੁਕੇਰੀਆਂ ਨੂੰ ਜਾਂਦੀ ਸੜਕ ਉੱਤੇ 8 ਕਿਲੋਮੀਟਰ ਦੂਰ ਫੌਜੀ ਛਾਉਣੀ ਤਿੱਬੜ ਤੋਂ ਸੱਜੇ ਪਾਸੇ ਨੂੰ 4 ਕਿਲੋਮੀਟਰ ਦੂਰ ਸਥਿਤ ਹੈ।

ਜਦੋਂ 18ਵੀਂ ਸਦੀ ਦੇ ਅੱਧ ਵਿੱਚ ਦੀਵਾਨ ਲਖਪਤ ਰਾਏ ਦੇ ਭਰਾ ਤੇ ਐਮਨਾਬਾਦ ਦੇ ਫੌਜਦਾਰ ਜਸਪਤ ਰਾਏ ਦੀ ਪਿੰਡ ਖੋਖਰਾਂ ਵਿਖੇ ਸਿੰਘਾਂ ਨਾਲ ਲੜਾਈ ਹੋਈ ਜਿਸ ਵਿਚ ਨਿਰਭੈ ਸਿੰਘ ਨਾਂ ਦੇ ਸਿੱਖ ਨੇ ਫੁਰਤੀ ਨਾਲ ਹਾਥੀ ਦੀ ਪੂਛ ਫੜਕੇ ਹਾਥੀ ਉਪਰ ਚੜ ਕੇ ਜਸਪਤ ਰਾਏ ਨੂੰ ਮਾਰ ਦਿਤਾ। ਦੀਵਾਨ ਲਖਪਤ ਰਾਏ ਨੇ ਭਰਾ ਦੀ ਮੌਤ ਦਾ ਬਦਲਾ ਲੈਣ ਦਾ ਪ੍ਰਣ ਕੀਤਾ। ਉਸ ਨੇ ਸਿੱਖਾਂ ਦਾ ਖੁਰਾ-ਖੋਜ ਮਿਟਾਉਣ ਦੀ ਕਸਮ ਖਾਧੀ ਤੇ ਲਾਹੌਰ ਦੇ ਸ਼ਾਹੀ ਗਵਰਨਰ ਯਹੀਆ ਖਾਂ ਤੋਂ ਵੱਡੀ ਸ਼ਾਹੀ ਫੌਜ ਇਕੱਤਰ ਕੀਤੀ।

ਅਗਲੇ ਹੀ ਦਿਨ ਲਾਹੌਰ ਵਿੱਚ ਮੱਸਿਆ ਦੇ ਦਿਨ ਉਸ ਨੇ ਬਾਜ਼ਾਰ ਵਿੱਚ ਜਾਂਦੇ ਹਰ ਸਿੱਖ ਨੂੰ ਕਤਲ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਲੋਕਾਂ ਨੂੰ ਗੁੜ ਦੀ ਥਾਂ ਰੋੜੀ ਤੇ ਗੁਰੂ ਗ੍ਰੰਥ ਸਾਹਿਬ ਦੀ ਥਾਂ ਪੋਥੀ ਸ਼ਬਦ ਵਰਤਣ ਲਈ ਕਿਹਾ। ਜਦੋਂ ਇਸ ਦਰਦਨਾਕ ਘਟਨਾ ਦੀ ਦੁਖਦਾਈ ਖ਼ਬਰ ਸਿੱਖ ਜਰਨੈਲ ਨਵਾਬ ਕਪੂਰ ਸਿੰਘ ਨੂੰ ਮਿਲੀ ਤਾਂ ਉਨ੍ਹਾਂ ਉਸ ਸਮੇਂ ਦੇ ਸਾਰੇ ਸਿੱਖ ਜਰਨੈਲਾਂ ਨੂੰ ਸੁਨੇਹੇ ਭੇਜ ਕੇ ਫੌਜਾਂ ਸਮੇਤ ਕਾਹਨੂੰਵਾਨ ਦੇ ਛੰਭ ਵਿੱਚ ਪਹੁੰਚਣ ਦੀ ਅਪੀਲ ਕੀਤੀ।

ਇਸ ਅਪੀਲ ਨਾਲ ਵੱਖ-ਵੱਖ ਜਰਨੈਲ ਆਪਣੇ ਜਥਿਆਂ ਸਮੇਤ ਕਾਹਨੂੰਵਾਨ ਦੇ ਛੰਭ ਵਿੱਚ ਪੁੱਜ ਗਏ, ਜਿਨ੍ਹਾਂ ਵਿਚ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਵੀ ਸ਼ਾਮਲ ਸਨ, ਜਿਹੜੇ ਅੱਗੇ ਹੋ ਕੇ ਬਹਾਦਰੀ ਨਾਲ ਲੜੇ। ਜਿਥੇ ਸਿੱਖ ਫੌਜਾਂ ਦੀ ਗਿਣਤੀ 25 ਹਜ਼ਾਰ ਦੇ ਲਗਭਗ ਹੋ ਗਈ।

ਦੂਜੇ ਪਾਸੇ ਦੀਵਾਨ ਲਖਪਤ ਰਾਏ ਨੇ ਲੱਖਾਂ ਦੀ ਫੌਜ ਲੈ ਕੇ ਸਿੱਖਾਂ ਦਾ ਪਿੱਛਾ ਕਰਦਿਆਂ ਇਸ ਅਸਥਾਨ ਉੱਤੇ ਪਹੁੰਚ ਕੇ ਘੇਰਾ ਪਾ ਲਿਆ। ਇਹ ਘੇਰਾ ਲਗਭਗ 3 ਮਹੀਨੇ ਚੱਲਿਆ ਤੇ ਇਸ ਲੰਬੀ ਚਲਦੀ ਗੁਰੀਲਾ ਲੜਾਈ ‘ਚ ਸਿੰਘਾਂ ਦਾ ਰਾਸ਼ਨ ਪਾਣੀ ਖ਼ਤਮ ਹੋ ਗਿਆ ਤੇ ਇਸ ਨਾਲ ਸਿੰਘਾਂ ਦਾ ਜਾਨੀ ਨੁਕਸਾਨ ਵੀ ਹੋਣਾ ਆਰੰਭ ਹੋ ਗਿਆ ਪਰ ਸਿੰਘਾਂ ਨੇ ਫਿਰ ਵੀ ਹਠ ਨਹੀਂ ਛੱਡਿਆ।

ਸਿੰਘਾਂ ਦੇ ਰਾਸ਼ਨ ਦੇ ਖਤਮ ਹੋਣ ਦੀ ਖ਼ਬਰ ਜਦੋਂ ਮੁਲਤਾਨ ਦੇ ਵਜ਼ੀਰ ਕੌੜਾ ਮੱਲ ਨੂੰ ਲੱਗੀ ਤਾਂ ਉਸ ਨੇ ਹਜ਼ਾਰਾਂ ਖੱਚਰਾਂ, ਘੋੜਿਆਂ ਉੱਤੇ ਰਾਸ਼ਨ ਲੱਦ ਕੇ ਜੰਮੂ ਨੂੰ ਭੇਜਣ ਲਈ ਇੱਕ ਵਪਾਰੀ ਨੂੰ ਤੋਰ ਦਿੱਤਾ ਤੇ ਦੂਸਰੇ ਪਾਸੇ ਸਿੰਘਾਂ ਨੂੰ ਸੁਨੇਹਾ ਭੇਜ ਦਿੱਤਾ ਕਿ ਜਦੋਂ ਇਹ ਰਾਸ਼ਨ ਵਾਲੇ ਘੋੜੇ, ਖੱਚਰਾਂ ਤੁਹਾਡੇ ਨੇੜਿਉਂ ਗੁਜ਼ਰਨ ਤਾਂ ਲੁੱਟ ਲਏ ਜਾਣ। ਜਦੋਂ ਵਪਾਰੀ ਕਾਹਨੂੰਵਾਨ ਦੇ ਛੰਭ ਨੇੜਿਓਂ ਗੁਜ਼ਰ ਰਿਹਾ ਸੀ ਤਾਂ ਸਿੰਘਾਂ ਨੇ ਇਹ ਸਾਰਾ ਰਾਸ਼ਨ ਆਪਣੇ ਹੱਥਾਂ ‘ਚ ਕਰ ਲਿਆ, ਜਿਸ ਨਾਲ ਸਿੱਖ ਜਰਨੈਲਾਂ ਨੂੰ ਭਾਰੀ ਰਾਹਤ ਮਿਲੀ।

ਕੌੜਾ ਮੱਲ ਦੀ ਇਸੇ ਨੇਕੀ ਕਰ ਕੇ ਉਸ ਨੂੰ ਸਿੱਖ ਇਤਿਹਾਸ ‘ਚ ਮਿੱਠਾ ਮੱਲ ਵੀ ਕਿਹਾ ਜਾਂਦਾ ਹੈ। ਉਧਰ ਲਖਪਤ ਰਾਏ ਦੇ ਮਾਮਾ ਤੇ ਪੁੱਤਰ ਸਿੰਘਾਂ ਹੱਥੋਂ ਮਾਰੇ ਗਏ ਅਤੇ ਉਸਨੇ ਗੁਸੇ ਵਿਚ ਅੰਨੇ ਹੋ ਕੇ ਨੇੜਲੇ ਪਿੰਡਾਂ ਦੇ ਲੁਹਾਰ, ਤਰਖਾਣ ਇਕੱਠੇ ਕਰ ਕੇ ਇਸ ਛੰਭਨੁਮਾ ਜੰਗਲ ਦੇ ਰੁੱਖਾਂ ਨੂੰ ਕਟਵਾ ਕੇ ਚੁਫੇਰਿਉਂ ਅੱਗ ਲਗਵਾ ਦਿੱਤੀ, ਜਿਸ ਨਾਲ ਸਿੰਘਾਂ ਨੂੰ ਚਾਰ-ਚੁਫੇਰਿਉਂ ਮੁਸੀਬਤਾਂ ਪੈ ਗਈਆਂ। ਇਸ ਗਹਿਗੱਚ ਲੜਾਈ ਦੌਰਾਨ 11,000 ਤੋਂ ਵੱਧ ਸਿੰਘ-ਸਿੰਘਣੀਆਂ ਨੇ ਸ਼ਹੀਦੀ ਪ੍ਰਾਪਤ ਕੀਤੀ ਤੇ 2000 ਦੇ ਕਰੀਬ ਸਿੰਘ ਜੰਗਲ ਵਿੱਚ ਲੱਗੀ ਅੱਗ ਤੇ ਬਿਆਸ ਦਰਿਆ ਨੂੰ ਪਾਰ ਕਰਦਿਆਂ ਸ਼ਹੀਦੀਆਂ ਪ੍ਰਾਪਤ ਕਰ ਗਏ।

ਸੈਂਕੜੇ ਸਿੰਘਾਂ ਨੂੰ ਲਖਪਤ ਰਾਏ ਬੰਦੀ ਬਣਾ ਕੇ ਲਾਹੌਰ ਲੈ ਗਿਆ, ਜਿਥੇ ਉਨ੍ਹਾਂ ਨੂੰ ਬੇਰਹਿਮੀ ਨਾਲ ਸ਼ਹੀਦ ਕੀਤਾ ਗਿਆ। ਛੋਟੇ ਘੱਲੂਘਾਰੇ ਦੇ ਨਾਂਅ ਨਾਲ ਜਾਣੇ ਜਾਂਦੇ ਇਸ ਅਸਥਾਨ ਉੱਤੇ ਏਕੜ ਰਕਬੇ ਵਿੱਚ ਸਿੱਖ ਹੈਰੀਟੇਜ ਕੰਪਲੈਕਸ ਵੀ ਬਣਾਇਆ ਗਿਆ ਹੈ, ਜੋ ਵਿਲੱਖਣ ਤੇ ਸ਼ਾਨਦਾਰ ਹੈ, ਜਿਸ ਨਾਲ ਆਉਣ ਵਾਲੀਆਂ ਪੀੜ੍ਹੀਆਂ ਸਿੱਖ ਕੌਮ ਦੇ ਸ਼ਾਨਾਮੱਤੀ ਇਤਿਹਾਸ ਤੋਂ ਜਾਣੂ ਹੋਣਗੀਆਂ।

ਸੰਪਰਕ : 7888973676

Check Also

ਕੋਵਿਡ-19 ਦੇ ਹਨੇਰੇ ਵਿੱਚ ਚਾਨਣ ਦਾ ਸੁਨੇਹਾ ਦਿੰਦੀ ਜ਼ਿੰਦਗੀ-2

-ਜਗਤਾਰ ਸਿੰਘ ਸਿੱਧੂ ਕੇਵਲ ਮਨੁੱਖਾਂ ਨੇ ਹੀ ਨਹੀਂ ਕੁਦਰਤ ਨੇ ਵੀ ਇਸ ਦੁਨੀਆ ਨੂੰ ਸਾਫ-ਸੁਥਰਾ …

Leave a Reply

Your email address will not be published. Required fields are marked *