ਹੁਸ਼ਿਆਰਪੁਰ: ਹੁਸ਼ਿਆਰਪੁਰ `ਚ ਸੁੰਦਰ ਸ਼ਾਮ ਅਰੋੜਾ ਦੇ ਹੱਕ `ਚ ਕਾਂਗਰਸ ਪਾਰਟੀ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਰੈਲੀ ਨੂੰ ਸੰਬੋਧਨ ਕੀਤਾ। ਇਸ ਮੌਕੇ ਰਾਹੁਲ ਗਾਂਧੀ ਨੇ ਜਿੱਥੇ ਚੰਨੀ ਸਰਕਾਰ ਦੀ ਤਾਰੀਫ ਕੀਤੀ ਉੱਥੇ ਹੀ ਨੋਟਬੰਦੀ ਨੂੰ ਲੈ ਕੇ ਕੇਂਦਰ ਦੀ ਮੋਦੀ ਸਰਕਾਰ `ਤੇ ਤੰਜ ਕੱਸਦਿਆਂ ਕਿਹਾ ਕਿ ਨਰਿੰਦਰ ਮੋਦੀ ਆਪਣੇ ਭਾਸ਼ਣ `ਚ ਰੁਜ਼ਗਾਰ ਦੀ ਗੱਲ ਕਿਉਂ ਨਹੀਂ ਕਰਦੇ।
ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਚੁਣਾਵੀ ਵਾਅਦੇ ਕਰਨ ਲਈ ਹੁਸ਼ਿਆਰਪੁਰ ਦੀ ਧਰਤੀ `ਤੇ ਪਹੁੰਚੇ ਹਨ। ਇਸ ਮੌਕੇ ਰਾਹੁਲ ਗਾਂਧੀ ਨੇ ਹੁਸ਼ਿਆਰਪੁਰ ਤੋਂ ਉਮੀਦਵਾਰ ਖੜ੍ਹੇ ਸੁੰਦਰ ਸ਼ਾਮ ਅਰੋੜਾ ਦੇ ਹੱਕ ‘ਚ ਬੋਲਦਿਆਂ ਜਨਤਾ ਨੂੰ ਅਪੀਲ ਕੀਤੀ ਕਿ ਤੁਸੀਂ ਇਨ੍ਹਾਂ ਨੂੰ ਜਿਤਾਓ, ਮੈਂ ਸਦਾ ਇਨ੍ਹਾਂ ਨਾਲ ਖੜ੍ਹਾਂਗਾ। ਸੀ.ਐੱਮ. ਚੰਨੀ ਦੀ ਤਾਰੀਫ਼ ਕਰਦਿਆਂ ਰਾਹੁਲ ਨੇ ਕਿਹਾ ਕਿ ਚੰਨੀ ਗਰੀਬ ਪਰਿਵਾਰ `ਚੋਂ ਹਨ। ਉਹ ਅਰਬਪਤੀਆਂ ਦੀ ਸਰਕਾਰ ਨਹੀਂ ਚਲਾਉਣਗੇ ਉਹ ਆਮ ਜਨਤਾ ਦੀ, ਕਿਸਾਨਾਂ ਦੀ ਸਰਕਾਰ ਚਲਾਉਣਗੇ।
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਆਪਣੇ ਸੰਬੋਧਨ `ਚ ਕਿਹਾ ਕਿ ਤੁਸੀਂ ਜੇ ਵੋਟ ਕਰਨਾ ਹੈ ਤਾਂ ਕਾਂਗਰਸ ਦੇ ਕੰਮਾਂ ਨੂੰ ਦੇਖ ਕੇ ਵੋਟ ਕਰਨਾ,ਕਿਉਂਕਿ ਜੋ ਪੰਜਾਬ ਦੀ ਕਾਂਗਰਸ ਸਰਕਾਰ ਨੇ ਲੋਕਾਂ ਲਈ ਜੋ ਕੁਝ ਕੀਤਾ ਹੈ ਤੁਹਾਡੇ ਸਾਹਮਣੇ ਹੈ।
ਇਸ ਮੌਕੇ ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਪਣੇ ਸੰਬੋਧਨ ਦੌਰਾਨ ਕੇਜਰੀਵਾਲ `ਤੇ ਤੰਜ ਕੱਸੇ। ਸਿੱਧੂ ਨੇ ਰਾਹੁਲ ਗਾਂਧੀ ਤੋਂ ਵਾਅਦਾ ਮੰਗਦਿਆਂ ਕਿਹਾ ਕਿ ਜੇ ਕਾਂਗਰਸ ਦੀ ਸਰਕਾਰ ਪੰਜਾਬ `ਚ ਆਉਂਦੀ ਹੈ ਤਾਂ ਚੇਅਰਮੈਨੀਆਂ ਕਾਂਗਰਸੀ ਵਰਕਰਾਂ ਨੂੰ ਦਿੱਤੀਆਂ ਜਾਣ।
ਹੁਸ਼ਿਆਰਪੁਰ `ਚ ਰੈਲੀ ਦੌਰਾਨ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕੇਂਦਰ ਦੀ ਮੋਦੀ ਸਰਕਾਰ `ਤੇ ਤਿੱਖਾ ਹਮਲਾ ਕੀਤਾ। ਨੋਟਬੰਦੀ, ਕਾਲੇ ਧਨ ਅਤੇ ਭ੍ਰਿਸ਼ਟਾਚਾਰ ਦੇ ਮੁੱਦੇ `ਤੇ ਕੇਂਦਰ ਨੂੰ ਲੰਮੇੇ ਹੱਥੀਂ ਲੈਂਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ 700 ਕਿਸਾਨ ਸ਼ਹੀਦ ਹੋਏ ਹਨ। ਰਾਹੁਲ ਗਾਂਧੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ `ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਅਮਿਤ ਸ਼ਾਹ ਇਨ੍ਹੀਂ ਦਿਨੀਂ ਨਸ਼ਿਆਂ ਦੀ ਗੱਲ ਕਰ ਰਹੇ ਹਨ। ਜਦੋਂ ਅਕਾਲੀ ਦਲ ਦੀ ਸਰਕਾਰ ਸੀ ਤਾਂ ਤੁਸੀਂ ਕਿਉਂ ਨਹੀਂ ਆਏ? ਰਾਹੁਲ ਗਾਂਧੀ ਨੇ ਆਮ ਆਦਮੀ ਪਾਰਟੀ `ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਮੁਹੱਲਾ ਕਲੀਨਿਕਾਂ ਦੀ ਗੱਲ ਕਰਦੀ ਹੈ। ਪਹਿਲਾ ਮੁਹੱਲਾ ਕਲੀਨਿਕ ਸ਼ੀਲਾ ਦੀਕਸ਼ਿਤ ਦੁਆਰਾ ਬਣਾਇਆ ਗਿਆ ਸੀ।