ਉੱਤਰੀ ਜ਼ੋਨਲ ਕੌਂਸਲ ਦੀ ਮੀਟਿੰਗ ਅੱਜ, ਸਿਖਰਾਂ ‘ਤੇ ਚੜਿਆ ਸਿਆਸੀ ਪਾਰਾ

Global Team
3 Min Read

ਚੰਡੀਗੜ੍ਹ : ਉੱਤਰੀ ਜ਼ੋਨਲ ਕੌਂਸਲ ਦੀ ਮੀਟਿੰਗ ਅੱਜ ਅੰਮ੍ਰਿਤਸਰ ਵਿੱਚ ਹੋਣ ਜਾ ਰਹੀ ਹੈ। ਮੀਟਿੰਗ ਦੀ ਪ੍ਰਧਾਨਗੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕਰਨਗੇ ਜਿਸ ਵਿੱਚ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ, ਦਿੱਲੀ, ਜੰਮੂ ਕਸ਼ਮੀਰ, ਲੱਦਾਖ ਆਦਿ ਦੇ ਮੁੱਖ ਮੰਤਰੀ ਤੇ ਹੋਰ ਮੰਤਰੀ, ਅਧਿਕਾਰੀ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਪ੍ਰਸ਼ਾਸਕ ਜਾਂ ਰਾਜਪਾਲ ਸ਼ਾਮਿਲ ਹੋਣਗੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਹ  ਅੰਮ੍ਰਿਤਸਰ ਵਿੱਚ ਸ਼ੁਰੂ ਹੋ ਰਹੀ ਉੱਤਰੀ ਜ਼ੋਨਲ ਕੌਂਸਲ (NZC) ਦੀ 31ਵੀਂ ਮੀਟਿੰਗ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕੋਲ ਸੂਬੇ ਨਾਲ ਸਬੰਧਤ ਸਾਰੇ ਮੁੱਦੇ ਚੁੱਕਣਗੇ।।

ਇਹ ਮੰਨਿਆ ਜਾ ਰਿਹਾ ਹੈ ਕਿ ਇਸ ਮੀਟਿੰਗ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਮੇਤ ਕੈਬਨਿਟ ਮੰਤਰੀਆਂ ਵੱਲੋਂ ਪੰਜਾਬ ਦੀ ਰਾਜਧਾਨੀ ਦਾ ਮੁੱਦਾ ਚੁੱਕਿਆ ਜਾਵੇਗਾ। ਆਜ਼ਾਦੀ ਉਪਰੰਤ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੂੰ ਬਣਾਇਆ ਗਿਆ ਸੀ ਜਿਸ ਵਿੱਚ ਬੀਤੇ ਸਮੇਂ ਤੋਂ ਕੇਂਦਰ ਸਰਕਾਰ ਨੇ ਆਪਣਾ ਹੱਕ ਜਤਾਉਣਾ ਸ਼ੁਰੂ ਕਰ ਦਿੱਤਾ। ਪੰਜਾਬ ਅਤੇ ਹਰਿਆਣਾ ਸਰਕਾਰਾਂ ਵੱਲੋਂ ਵਿਧਾਨ ਸਭਾਵਾਂ ਵਿੱਚ ਮੁਹਿੰਮਾਂ ਸ਼ੁਰੂ ਕੀਤੀਆਂ ਗਈਆਂ ਹਨ ਜਿਸ ਤਹਿਤ ਇਹ ਮੁੱਦਾ ਕੌਂਸਲ ਮੀਟਿੰਗ ਵਿੱਚ ਰੱਖਿਆ ਜਾਵੇਗਾ।

ਪੰਜਾਬ ਸਰਕਾਰ ਵੱਲੋਂ ਚੰਡੀਗੜ੍ਹ ਉੱਤੇ ਇਕੱਲੇ ਪੰਜਾਬ ਦਾ ਦਾਅਵਾ ਹੋਣ ਬਾਰੇ ਕਾਨੂੰਨੀ ਪੱਖਾਂ ਤੋਂ ਇਲਾਵਾ 1985 ਵਿੱਚ ਹੋਏ ਰਾਜੀਵ ਲੌਂਗੋਵਾਲ ਸਮਝੌਤੇ ਦੇ ਤੱਥ ਵੀ ਪੇਸ਼ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚ ਸਥਾਈ ਨੁਮਾਇੰਦਗੀ ਦੇ ਮੁੱਦੇ ਤੇ ਪੰਜਾਬ ਤੇ ਹਰਿਆਣਾ ਇਕਜੁਟ ਨਜ਼ਰ ਆਉਣਗੇ ਕਿਉਂਕਿ ਇਹ ਮੁੱਦੇ ਇਕੱਲੇ ਪੰਜਾਬ ਨਾਲ ਸਬੰਧਿਤ ਨਹੀਂ ਹਨ। ਬੇਸ਼ੱਕ ਅਗਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕੋਈ ਫੌਰੀ ਫੈਸਲਾ ਹੋਣ ਦੀ ਉਮੀਦ ਘੱਟ ਜਾਪਦੀ ਹੈ ਪਰ ਪੰਜਾਬ ਸਰਕਾਰ ਨੇ ਮੀਟਿੰਗ ਤੋਂ ਬਹੁਤ ਆਸਾਂ ਰੱਖੀਆਂ ਹੋਈਆਂ ਹਨ।

ਵਿਰੋਧੀ ਧਿਰਾਂ ਵੀ ਇਸ ਮੁੱਦੇ ਉੱਤੇ ਲਗਾਤਾਰ ਮਾਨ ਸਰਕਾਰ ਨੂੰ ਦੋਸ਼ੀ ਠਹਿਰਾਉਂਦੀਆਂ ਰਹੀਆਂ ਹਨ। ਚੰਡੀਗੜ੍ਹ ਦੇ ਮੁੱਦੇ ਖਿਲਾਫ਼ ਵਿਰੋਧ ਕਰਕੇ ਪੰਜਾਬ ਸਰਕਾਰ ਵਿਰੋਧੀ ਧਿਰਾਂ ਨੂੰ ਢੁਕਵਾਂ ਜਵਾਬ ਦੇਣਾ ਚਾਹੁੰਦੀ ਹੈ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਆਪਣੇ ਕਾਲਜਾਂ ਨੂੰ ਮਾਨਤਾ ਦਿਵਾਉਣ ਦੇ ਮਾਮਲੇ ਉੱਤੇ ਹਰਿਆਣਾ ਦਾ ਵਿਰੋਧ ਕੀਤਾ।

- Advertisement -

ਪਿਛਲੇ ਦੋ ਮਹੀਨਿਆਂ ਤੋਂ ਦੋ ਵਾਰ ਪੰਜਾਬ ਹੜ੍ਹਾਂ ਦੀ ਮਾਰ ਝੱਲ ਚੁੱਕਿਆ ਹੈ। ਜਿਸ ਕਾਰਨ ਪੰਜਾਬ ਸਰਕਾਰ ਮੁਆਵਜ਼ਾ ਦੁੱਗਣਾ ਕਰਨ ਬਾਰੇ ਨਿਯਮਾਂ ਵਿੱਚ ਛੋਟ ਦੀ ਮੰਗ ਕਰਦੀ ਹੈ। ਹਿਮਾਚਲ ਪ੍ਰਦੇਸ਼ ਵੱਲੋਂ ਲਗਾਏ ਜਲ ਸੈੱਸ ਦਾ ਮੁੱਦਾ ਵੀ ਪੰਜਾਬ ਸਰਕਾਰ ਵੱਲੋਂ ਚੁੱਕਿਆ ਜਾਵੇਗਾ। ਸਰਕਾਰ ਵੱਲੋਂ ਸੂਬਾਈ ਮੁੱਦਿਆਂ ਨੂੰ ਵੀ ਉੱਤਰੀ ਜ਼ੋਨਲ ਮੀਟਿੰਗ ਵਿੱਚ ਉਠਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ।ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਵੀ ਚੰਡੀਗੜ੍ਹ ਦੇ ਪੰਜਾਬ ਦੇ ਹੋਣ ਦਾ ਦਾਅਵਾ ਕੀਤਾ ਗਿਆ।

 

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment