ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲਈ ਚੁਣੌਤੀਆਂ !

TeamGlobalPunjab
5 Min Read

-ਅਵਤਾਰ ਸਿੰਘ;

ਦਿੱਲੀ ਦਰਬਾਰ ਵਿੱਚ ਕਾਂਗਰਸ ਦੀ ਹਾਈ ਕਮਾਨ ਨਾਲ ਹੋਈਆਂ ਮੈਰਾਥਨ ਮੀਟਿੰਗਾਂ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਮੰਤਰੀ ਮੰਡਲ ਦਾ ਵਿਸਥਾਰ ਕੀਤਾ ਜਾ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਕਈ ਨਵੇਂ ਚੇਹਰੇ ਮੰਤਰੀ ਮੰਡਲ ਵਿੱਚ ਸ਼ਾਮਿਲ ਕੀਤੇ ਜਾ ਰਹੇ ਤੇ ਕਈ ਪੁਰਾਣਿਆਂ ਦੀ ਛੁੱਟੀ ਹੋ ਰਹੀ ਹੈ। ਮੰਤਰੀ ਮੰਡਲ ਵਿੱਚ ਸ਼ਾਮਿਲ ਨਾ ਕਰਨ ਵਾਲਿਆਂ ਵਿੱਚ ਸਾਧੂ ਸਿੰਘ ਧਰਮਸੋਤ, ਸ਼ਿਆਮ ਸੁੰਦਰ ਅਰੋੜਾ, ਬਲਬੀਰ ਸਿੱਧੂ, ਗੁਰਪ੍ਰੀਤ ਕਾਂਗੜ ਅਤੇ ਰਾਣਾ ਗੁਰਮੀਤ ਸੋਢੀ ਦੇ ਨਾਂ ਸਾਹਮਣੇ ਆ ਰਹੇ ਹਨ। ਇਨ੍ਹਾਂ ਮੰਤਰੀਆਂ ਨੂੰ ਹਟਾਉਣ ਪਿਛੇ ਸਿਆਸੀ ਰੰਜਿਸ਼ ਤੇ ਕੁਝ ਦੀ ਵਿਰੋਧੀਆਂ ਵੱਲੋਂ ਕੀਤੀ ਜਾ ਰਹੀ ਆਲੋਚਨਾ ਦਾ ਕਾਰਨ ਵੀ ਦੱਸਿਆ ਜਾ ਰਿਹਾ ਹੈ।

ਨਵੇਂ ਮੰਤਰੀ ਮੰਡਲ ਵਿੱਚ ਸ਼ਾਮਿਲ ਹੋਣ ਜਾ ਰਹੇ ਸੱਤ ਨਵੇਂ ਚਿਹਰਿਆਂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਚੱਲ ਰਹੇ ਰੇੜਕੇ ਵਿੱਚ ਨਾਲ ਸਾਥ ਦੇਣ ਦਾ ਇਨਾਮ ਮਿਲਿਆ ਲੱਗਦਾ ਹੈ। ਨਵੇਂ ਬਣਾਏ ਜਾ ਰਹੇ ਮੰਤਰੀਆਂ ਵਿੱਚ ਰਾਜ ਕੁਮਾਰ ਵੇਰਕਾ, ਸੰਗਤ ਸਿੰਘ ਗਿਲਜੀਆਂ, ਅਮਰਿੰਦਰ ਸਿੰਘ ਰਾਜਾ ਵੜਿੰਗ, ਰਾਣਾ ਗੁਰਜੀਤ, ਗੁਰਕੀਰਤ ਕੋਟਲੀ, ਕੁਲਜੀਤ ਨਾਗਰਾ ਅਤੇ ਪਰਗਟ ਸਿੰਘ ਸ਼ਾਮਲ ਹਨ। ਇਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕੰਮਾਂ ਦੀ ਡੱਟ ਕੇ ਆਲੋਚਨਾ ਕੀਤੀ ਅਤੇ ਨਾਕਾਮੀਆਂ ਨੂੰ ਕਾਂਗਰਸ ਹਾਈ ਕਮਾਂਡ ਤੱਕ ਪਹੁੰਚਾ ਕੇ ਉਨ੍ਹਾਂ ਦਾ ਤਖਤ ਪਲਟ ਦਿੱਤਾ। ਲਗਪਗ ਇੱਕ ਸਾਲ ‘ਚ ਨਵਜੋਤ ਸਿੰਘ ਸਿੱਧੂ ਨੇ ਆਪਣੇ ਯੂਟਿਊਬ ਚੈਨਲ ਉਪਰ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਕਰਗੁਜਾਰੀ ਦੀ ਡਟ ਕੇ ਆਲੋਚਨਾ ਕੀਤੀ। ਇਸ ਤੋਂ ਬਾਅਦ ਲੋਕਾਂ ਵਿੱਚ ਸਰਕਾਰ ਵਿਰੁੱਧ ਰੋਹ ਵਧਣਾ ਸ਼ੁਰੂ ਹੋ ਗਿਆ। ਇਸੇ ਲਈ ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਇੱਕਲੇ ਨੇ ਹੀ ਉਹ ਕੁਝ ਕਰ ਕੇ ਦਿਖਾ ਦਿੱਤਾ ਜੋ ਕਾਂਗਰਸ ਦੀਆਂ ਵਿਰੋਧੀ ਪਾਰਟੀਆਂ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲਾ ਅਕਾਲੀ ਦਲ ਅਤੇ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਨਹੀਂ ਕਰ ਸਕੀ।

ਪੰਜਾਬ ਕਾਂਗਰਸ ਵਿੱਚ ਲੰਬੇ ਸਮੇਂ ਤੋਂ ਚੱਲ ਰਹੀ ਅੰਦਰੂਨੀ ਲੜਾਈ ਤੇ ਉਥਲ ਪੁਥਲ ਤੋਂ ਬਾਅਦ ਭਾਵੇਂ ਕਾਂਗਰਸ ਹਾਈ ਕਮਾਨ ਨੇ ਚਰਨਜੀਤ ਸਿੰਘ ਚੰਨੀ ਹੱਥ ਸੂਬੇ ਦੀ ਵਾਗਡੋਰ ਸੰਭਾਲ ਦਿੱਤੀ ਹੈ ਤੇ ਮੰਤਰੀ ਮੰਡਲ ਵਿੱਚ ਵੀ ਫੇਰਬਦਲ ਕਰ ਦਿੱਤਾ ਹੈ, ਪਰ ਜਲਦਬਾਜ਼ੀ ਵਿੱਚ ਇਹ ਨਹੀਂ ਕਿਹਾ ਜਾ ਸਕਦਾ ਕਿ ਕਾਂਗਰਸ ਵਿੱਚ ਇੱਛਾਵਾਂ ਦੇ ਚੱਲ ਰਹੇ ਝੱਖੜ ਮੱਠੇ ਪੈ ਗਏ ਹਨ। ਕੈਪਟਨ ਅਮਰਿੰਦਰ ਦੇ ਮੁੱਖ ਮੰਤਰੀ ਵਲੋਂ ਅਸਤੀਫਾ ਦੇਣ ਤੋਂ ਬਾਅਦ ਵਿਧਾਇਕ ਦਲ ਦਾ ਨੇਤਾ ਚੁਣਨ ਸਮੇਂ ਜਿਸ ਤਰ੍ਹਾਂ ਦੀ ਸਥਿਤੀ ਨਜ਼ਰ ਆਈ ਉਸ ਤੋਂ ਇਹੀ ਸਾਹਮਣੇ ਆਓਂਦਾ ਕਿ ਪਾਰਟੀ ਵਿੱਚ ਸਭ ਕੁਝ ਅੱਛਾ ਨਹੀਂ ਹੈ।

- Advertisement -

2022 ਦੀਆਂ ਵਿਧਾਨ ਸਭਾ ਚੋਣਾਂ ਨੇੜੇ ਆਉਣ ਤੋਂ ਕੁਝ ਹੀ ਮਹੀਨੇ ਪਹਿਲੇ ਜਦੋਂ ਪਾਰਟੀ ਦੇ ਪ੍ਰਧਾਨ ਬਦਲਣ ਤੋਂ ਬਾਅਦ ਵੀ ਕੁੜੱਤਣ ਵਧਣ ਲੱਗੀ। ਇਸ ਤੋਂ ਬਾਅਦ ਪਾਰਟੀ ਨੇ ਮੁੱਖ ਮੰਤਰੀ ਨੂੰ ਬਦਲਣ ਦਾ ਮਨ ਬਣਾ ਲਿਆ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕੈਪਟਨ ਅਮਰਿੰਦਰ ਸਿੰਘ ਦੀ ਬਤੌਰ ਮੁੱਖ ਮੰਤਰੀ ਕਾਰਗੁਜਾਰੀ ਨੂੰ ਲੈ ਕੇ ਪਾਰਟੀ ਵਿੱਚ ਨਾਰਾਜ਼ਗੀ ਚੱਲ ਰਹੀ ਸੀ। ਪਰ ਨਵਜੋਤ ਸਿੰਘ ਸਿੱਧੂ ਦੇ ਪਾਰਟੀ ਪ੍ਰਧਾਨ ਬਣਨ ਤੋਂ ਬਾਅਦ ਇਹ ਟਕਰਾਅ ਜੱਗ ਜ਼ਾਹਿਰ ਹੋ ਗਿਆ। ਅਜਿਹੇ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਦੇਸ਼ ਦੇ ਸਭ ਤੋਂ ਵੱਧ ਆਬਾਦੀ ਵਾਲੇ ਦਲਿਤਾਂ ਵਾਲੇ ਸੂਬੇ ਪੰਜਾਬ ਵਿੱਚ ਬਸਪਾ ਨਾਲ ਗਠਜੋੜ ਕਰਕੇ ਕਾਂਗਰਸ ਲਈ ਵੱਡੀ ਚੁਣੌਤੀ ਪੈਦਾ ਕਰ ਦਿੱਤੀ ਸੀ। ਇਸ ਨੂੰ ਕੱਟਣ ਲਈ ਕਾਂਗਰਸ ਨੇ ਦਲਿਤ ਆਗੂ ਚਰਨਜੀਤ ਸਿੰਘ ਚੰਨੀ ਨੂੰ ਸੂਬੇ ਦੀ ਵਾਗਡੋਰ ਸੌਂਪ ਕੇ ਇਕ ਤਰ੍ਹਾਂ ਨਾਲ ਮਾਸਟਰ ਸਟ੍ਰੋਕ ਮਾਰਿਆ ਹੈ। ਨਵਜੋਤ ਸਿੰਘ ਸਿੱਧੂ ਦੇ ਕਰੀਬੀ ਮੰਨੇ ਜਾਣ ਵਾਲੇ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਵਿਰੋਧੀ ਚਰਨਜੀਤ ਸਿੰਘ ਚੰਨੀ ਨੂੰ ਸਹੀ ਮਾਅਨਿਆਂ ਵਿੱਚ ਕੰਡਿਆਂ ਦਾ ਤਾਜ ਮਿਲਿਆ ਹੈ। ਪਾਰਟੀ ਵਿੱਚ ਉਥਲ ਪੁੱਥਲ ਖਤਮ ਕਰਕੇ ਚੰਨੀ ਉਪਰ ਉਨ੍ਹਾਂ ਵਾਅਦਿਆਂ ਨੂੰ ਪੂਰਾ ਕਰਨ ਦਾ ਦਬਾਅ ਹੋਵੇਗਾ ਜਿਨ੍ਹਾਂ ਨੂੰ ਪੂਰਾ ਨਾ ਕਰਨ ਦੇ ਦੋਸ਼ ਕੈਪਟਨ ਅਮਰਿੰਦਰ ਸਿੰਘ ਉਪਰ ਲਗਦੇ ਰਹੇ। ਪਾਰਟੀ ਦਾ ਉਨ੍ਹਾਂ ਉਪਰ ਦਬਾਅ ਰਹੇਗਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਸੱਤਾ ਵਾਪਸੀ ਹੋਵੇ। ਇਹ ਤਾਂ ਹੀ ਸੰਭਵ ਹੈ ਜੇ ਪਾਰਟੀ ਵਿੱਚ ਮਤਭੇਦ ਖਤਮ ਹੋਣ। ਪੰਜਾਬ ਦੀ ਸੱਤਾ ਵਿੱਚ ਨਿਰਣਾਇਕ ਭੂਮਿਕਾ ਨਿਭਾਉਣ ਵਾਲੇ ਮਾਲਵਾ ਖੇਤਰ ਤੋਂ ਆਉਣ ਵਾਲੇ ਸਮੇਂ ਵਿੱਚ ਚਰਨਜੀਤ ਸਿੰਘ ਚੰਨੀ ਪਾਰਟੀ ਦੀ ਸੱਤਾ ਵਾਪਸੀ ਕਰਵਾ ਸਕਣਗੇ, ਇਹ ਤਾਂ ਆਉਣ ਵਾਲਾ ਸਮਾਂ ਹੀ ਦਸੇਗਾ ?

Share this Article
Leave a comment