ਕੇਂਦਰ ਸਰਕਾਰ ਨੇ ਈਰਾਨੀ ਰਾਜਦੂਤ ਨੂੰ ਕੀਤਾ ਤਲਬ

Global Team
3 Min Read

ਨਵੀ ਦਿੱਲੀ : ਹਾਰਮੁਜ਼ ਵਿੱਚ ਯੂਏਈ ਦੇ ਸ਼ਿਪਿੰਗ ਟੈਂਕਰਾਂ ‘ਤੇ ਹੋਏ ਈਰਾਨੀ ਹਮਲੇ ਵਿੱਚ ਇੱਕ ਭਾਰਤੀ ਕਰੂ ਮੈਂਬਰ ਦੀ ਮੌਤ ਹੋ ਗਈ ਅਤੇ ਛੇ ਭਾਰਤੀਆਂ ਸਮੇਤ ਅੱਠ ਲੋਕ ਜ਼ਖਮੀ ਹੋ ਗਏ ਹਨ। ਇਸ ਘਟਨਾ ਤੋਂ ਬਾਅਦ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਈਰਾਨ ਦੇ ਉਪ ਰਾਜਦੂਤ ਮੁਹੰਮਦ ਜਵਾਦ ਹੁਸੈਨੀ ਸਮੇਤ ਈਰਾਨੀ ਡਿਪਲੋਮੈਟਾਂ ਨੂੰ ਤਲਬ ਕੀਤਾ। ਵਿਦੇਸ਼ ਮੰਤਰਾਲੇ ਨੇ ਇਸ ਘਟਨਾ ‘ਤੇ ਈਰਾਨੀ ਮਿਸ਼ਨ ਤੋਂ ਜਵਾਬ ਮੰਗਿਆ ਅਤੇ ਗੰਭੀਰ ਚਿੰਤਾ ਵੀ ਪ੍ਰਗਟਾਈ।

ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਤੇਲ ਵਪਾਰ ਦੇ ਇਸ ਅਹਿਮ ਤੰਗ ਜਲਮਾਰਗ ਤੋਂ ਲੰਘਣ ਵਾਲੇ ਤੇਲ ਟੈਂਕਰਾਂ ‘ਤੇ ਈਰਾਨੀ ਹਮਲਿਆਂ ਵਿਰੁੱਧ ਵਿਰੋਧ ਦਰਜ ਕਰਵਾਉਣ ਲਈ ਮੁਹੰਮਦ ਜਵਾਦ ਹੁਸੈਨੀ ਨੂੰ ਤਲਬ ਕੀਤਾ ਹੈ। ਯੂਏਈ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਹਾਰਮੁਜ਼ ਜਲਡਮਰੂ ਦੇ ਦੱਖਣੀ ਰਸਤੇ ਤੋਂ ਲੰਘਦੇ ਸਮੇਂ ‘ਮੋਮਬਾਸਾ’ ਅਤੇ ‘ਅਲ ਬਹੀਆ’ ਨਾਮਕ ਟੈਂਕਰਾਂ ‘ਤੇ ਹਮਲਾ ਹੋਇਆ ਸੀ। ਇਸ ਹਮਲੇ ਵਿੱਚ ‘ਮੋਮਬਾਸਾ’ ‘ਤੇ ਮੌਜੂਦ ਇੱਕ ਭਾਰਤੀ ਕਰੂ ਮੈਂਬਰ ਦੀ ਮੌਤ ਹੋ ਗਈ ਅਤੇ ਅੱਠ ਹੋਰ ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚੋਂ ਚਾਰ ਗੰਭੀਰ ਰੂਪ ਵਿੱਚ ਜ਼ਖਮੀ ਹਨ।

ਇਹ ਹਮਲਾ ਓਮਾਨ ਦੇ ਨੇੜੇ ਹਾਰਮੁਜ਼ ਜਲਡਮਰੂ (Strait of Hormuz) ਵਿੱਚ ਹੋਇਆ। ਇਹ ਘਟਨਾ ਪੱਛਮੀ ਏਸ਼ੀਆ ਵਿੱਚ ਚੱਲ ਰਹੇ ਸੰਘਰਸ਼ ਦੇ ਇੱਕ ਵੱਡੇ ਵਿਸਥਾਰ ਵਜੋਂ ਸਾਹਮਣੇ ਆਈ ਹੈ। ਯੂਏਈ (UAE) ਦੇ ਰੱਖਿਆ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਸਦੇ ਰਾਸ਼ਟਰੀ ਟੈਂਕਰ ‘ਮੋਮਬਾਸਾ’ ਅਤੇ ‘ਅਲ ਬਹੀਆਹ’ ਓਮਾਨ ਦੇ ਖੇਤਰੀ ਜਲ ਖੇਤਰ ਵਿੱਚ ਹਾਰਮੁਜ਼ ਦੇ ਦੱਖਣੀ ਜਹਾਜ਼ਰਾਨੀ ਮਾਰਗ ਤੋਂ ਲੰਘ ਰਹੇ ਸਨ, ਜਦੋਂ ਉਨ੍ਹਾਂ ‘ਤੇ ਈਰਾਨ ਵੱਲੋਂ ਦੋ ਕਰੂਜ਼ ਮਿਜ਼ਾਈਲਾਂ ਦਾਗੀਆਂ ਗਈਆਂ।

ਮੰਤਰਾਲੇ ਨੇ ਦੱਸਿਆ ਕਿ ‘ਮੋਮਬਾਸਾ’ ਟੈਂਕਰ ‘ਤੇ ਸਵਾਰ ਚਾਲਕ ਦਲ ਦੇ ਇੱਕ ਭਾਰਤੀ ਮੈਂਬਰ ਦੀ ਹਮਲੇ ਵਿੱਚ ਮੌਤ ਹੋ ਗਈ, ਜਦਕਿ ਅੱਠ ਹੋਰ ਲੋਕ ਜ਼ਖਮੀ ਹੋਏ ਹਨ। ਉਸ ਨੇ ਦੱਸਿਆ ਕਿ ਜ਼ਖਮੀਆਂ ਵਿੱਚ ਛੇ ਭਾਰਤੀ ਅਤੇ ਯੂਕਰੇਨ ਦੇ ਦੋ ਨਾਗਰਿਕ ਸ਼ਾਮਲ ਹਨ। ਬਿਆਨ ਅਨੁਸਾਰ, ਹਮਲੇ ਕਾਰਨ ਦੋਵਾਂ ਟੈਂਕਰਾਂ ਵਿੱਚ ਅੱਗ ਲੱਗ ਗਈ, ਜਿਸ ਨਾਲ ਉਨ੍ਹਾਂ ਨੂੰ ਨੁਕਸਾਨ ਪਹੁੰਚਿਆ। ਹਾਲਾਂਕਿ ਬਾਅਦ ਵਿੱਚ ਅੱਗ ‘ਤੇ ਕਾਬੂ ਪਾ ਲਿਆ ਗਿਆ।

ਯੂਏਈ ਦੇ ਰੱਖਿਆ ਮੰਤਰਾਲੇ ਨੇ ਇਸ ‘‘ਸਿੱਧੇ ਹਮਲੇ’’ ਦੀ ਨਿੰਦਾ ਕਰਦਿਆਂ ਇਸ ਨੂੰ ‘ਗੰਭੀਰ ਉਲੰਘਣਾ ਅਤੇ ਅੰਤਰਰਾਸ਼ਟਰੀ ਕਾਨੂੰਨ ਦਾ ਸਪੱਸ਼ਟ ਹਨਨ’ ਦੱਸਿਆ। ਮੰਤਰਾਲੇ ਨੇ ਕਿਹਾ, ‘‘ਯੂਏਈ ਇਸ ਤਣਾਅਪੂਰਨ ਸਥਿਤੀ ਦਾ ਜਵਾਬ ਦੇਣ ਅਤੇ ਆਪਣੇ ਖੇਤਰ, ਨਾਗਰਿਕਾਂ ਤੇ ਵਸਨੀਕਾਂ ਦੀ ਸੁਰੱਖਿਆ ਲਈ ਸਾਰੇ ਲੋੜੀਂਦੇ ਕਦਮ ਚੁੱਕਣ ਦਾ ਪੂਰਾ ਅਧਿਕਾਰ ਸੁਰੱਖਿਅਤ ਰੱਖਦਾ ਹੈ।’’

Share This Article
Leave a Comment