ਚੰਡੀਗੜ੍ਹ: ਸਕ੍ਰੈਪ ਕਾਰੋਬਾਰੀ ਤੋਂ ਅੱਠ ਲੱਖ ਰੁਪਏ ਰਿਸ਼ਵਤ ਲੈਣ ਦੇ ਇਲਜ਼ਾਮਾਂ ‘ਚ ਗ੍ਰਿਫ਼ਤਾਰ ਰੋਪੜ ਰੇਂਜ ਦੇ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਖ਼ਿਲਾਫ਼ ਹੁਣ ਸੀਬੀਆਈ ਨੇ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ ਕੀਤਾ ਹੈ। ਗ੍ਰਿਫ਼ਤਾਰੀ ਦੇ 14 ਦਿਨ ਬਾਅਦ ਇਹ ਕੇਸ ਦਰਜ ਕਰ ਕੇ ਹੁਣ ਸੀਬੀਆਈ ਹਰਚਰਨ ਭੁੱਲਰ ਨੂੰ ਰਿਮਾਂਡ ‘ਤੇ ਲੈ ਕੇ ਪੁੱਛਗਿੱਛ ਕਰਨ ਦੀ ਤਿਆਰੀ ‘ਚ ਹੈ। ਭੁੱਲਰ ਦੀ ਨਿਆਇਕ ਹਿਰਾਸਤ 31 ਅਕਤੂਬਰ ਨੂੰ ਖ਼ਤਮ ਹੋ ਰਹੀ ਹੈ।
ਸੀਬੀਆਈ ਨੇ ਇਹ ਕਾਰਵਾਈ ਭੁੱਲਰ ਦੀ ਹਵੇਲੀ ਅਤੇ ਹੋਰ ਥਾਵਾਂ ਤੋਂ ਬਰਾਮਦ ਹੋਈ ਨਕਦੀ ਅਤੇ ਗਹਿਣਿਆਂ ਦੀ ਮੁਲਾਂਕਣ ਰਿਪੋਰਟ ਪ੍ਰਾਪਤ ਹੋਣ ਤੋਂ ਬਾਅਦ ਕੀਤੀ। ਭੁੱਲਰ ਦੇ ਨਾਲ-ਨਾਲ ਹੋਰ ਅਣਪਛਾਤੇ ਮੁਲਜ਼ਮਾਂ ਦਾ ਨਾਮ ਇਸ ਨਵੇਂ ਮਾਮਲੇ ਵਿੱਚ ਲਿਆ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਪਰਿਵਾਰ ਦੇ ਕਈ ਮੈਂਬਰ ਵੀ ਜਾਂਚ ਦੇ ਘੇਰੇ ਵਿੱਚ ਆ ਸਕਦੇ ਹਨ, ਕਿਉਂਕਿ ਭੁੱਲਰ ਨੇ ਆਪਣੀਆਂ ਜਾਇਦਾਦਾਂ ਰਿਸ਼ਤੇਦਾਰਾਂ ਨੂੰ ਤਬਦੀਲ ਕਰ ਦਿੱਤੀਆਂ ਸਨ। ਸੀਬੀਆਈ ਨੇ ਇਹ ਐਫਆਈਆਰ ਪੰਜਾਬ ਸਰਕਾਰ, ਪੁਲਿਸ ਡਾਇਰੈਕਟਰ ਜਨਰਲ ਅਤੇ ਹੋਰ ਅਧਿਕਾਰੀਆਂ ਨੂੰ ਭੇਜ ਦਿੱਤੀ ਹੈ।
ਸੀਬੀਆਈ ਨੇ ਜਾਂਚ ‘ਚ ਪਾਇਆ ਕਿ ਅਗਸਤ ਤੇ ਸਤੰਬਰ 2025 ‘ਚ ਭੁੱਲਰ ਦੀ ਮਹੀਨਾਵਾਰ ਤਨਖ਼ਾਹ ਦੀ ਰਕਮ ਲਗਪਗ ਚਾਰ ਲੱਖ 74 ਹਜ਼ਾਰ ਰੁਪਏ ਸੀ। ਸਾਲ 2024-25 ਲਈ ਉਨ੍ਹਾਂ ਦੀ ਐਲਾਨੀ ਕੁੱਲ ਆਮਦਨ ਲਗਪਗ 45.95 ਲੱਖ ਰੁਪਏ ਸੀ, ਜਿਸ ‘ਤੇ ਟੈਕਸ ਭਰਨ ਤੋਂ ਬਾਅਦ ਸ਼ੁੱਧ ਆਮਦਨ ਲਗਪਗ 32 ਲੱਖ ਰੁਪਏ ਬਣਦੀ ਹੈ ਜਦਕਿ ਸੀਬੀਆਈ ਨੇ ਉਨ੍ਹਾਂ ਦੇ ਘਰ ‘ਤੇ ਛਾਪੇਮਾਰੀ ‘ਚ 7.36 ਕਰੋੜ ਤੋਂ ਵੱਧ ਨਕਦ ਰਕਮ ਬਰਾਮਦ ਕੀਤੀ ਸੀ। ਇਹ ਰਕਮ ਉਨ੍ਹਾਂ ਦੇ ਜਾਣੇ ਪਛਾਣੇ ਆਮਦਨ ਦੇ ਸਰੋਤਾਂ ਨਾਲ ਮੇਲ ਨਹੀਂ ਖਾਂਦੀ ਤੇ ਇਹ ਆਮਦਨ ਤੋਂ ਵੱਧ ਜਾਇਦਾਦ ਦਾ ਸਪੱਸ਼ਟ ਮਾਮਲਾ ਹੈ।
ਸੀਬੀਆਈ ਨੇ 16 ਅਕਤੂਬਰ ਨੂੰ ਭੁੱਲਰ ਖ਼ਿਲਾਫ਼ ਭ੍ਰਿਸ਼ਟਾਚਾਰ ਐਕਟ ਦੇ ਤਹਿਤ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਦੀ ਤਲਾਸ਼ੀ ਲਈ ਸੀ। ਘਰ ਤੋਂ ਨਕਦੀ ਤੋਂ ਇਲਾਵਾ 2.32 ਕਰੋੜ ਰੁਪਏ ਦੇ ਸੋਨੇ-ਚਾਂਦੀ ਦੇ ਗਹਿਣੇ, 26 ਮਹਿੰਗੀਆਂ ਘੜੀਆਂ ਤੇ ਮਰਸੀਡੀਜ਼, ਆਡੀ ਸਮੇਤ ਪੰਜ ਲਗਜ਼ਰੀ ਗੱਡੀਆਂ ਬਰਾਮਦ ਕੀਤੀਆਂ ਗਈਆਂ ਸਨ। ਨਾਲ ਹੀ, 150 ਏਕੜ ਖੇਤੀਯੋਗ ਜ਼ਮੀਨ, ਚੰਡੀਗੜ੍ਹ ’ਚ ਦੋ ਮਕਾਨ ਤੇ ਕਈ ਵਪਾਰਕ ਜਾਇਦਾਦਾਂ ਦੇ ਦਸਤਾਵੇਜ਼ ਜ਼ਬਤ ਕੀਤੇ। ਇਹ ਜਾਇਦਾਦਾਂ ਡੀਆਈਜੀ ਦੀ ਪਤਨੀ ਤੇਜਿੰਦਰ ਕੌਰ, ਪੁੱਤਰ ਗੁਰਪ੍ਰਤਾਪ ਸਿੰਘ ਤੇ ਧੀ ਤੇਜਕਿਰਨ ਕੌਰ ਦੇ ਨਾਂ ‘ਤੇ ਹਨ।

 
			
 
		