ਨਿਊਜ਼ ਡੈਸਕ – ਅਦਾਕਾਰ ਸੰਦੀਪ ਨਾਹਰ ਨੇ 15 ਫਰਵਰੀ ਦੀ ਸ਼ਾਮ ਨੂੰ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਖੁਦਕੁਸ਼ੀ ਕਰਨ ਤੋਂ ਪਹਿਲਾਂ ਸੰਦੀਪ ਨੇ ਫੇਸਬੁੱਕ ‘ਤੇ ਇਕ ਵੀਡੀਓ ਪੋਸਟ ਕੀਤਾ ਜਿਸ ‘ਚ ਉਸਨੇ ਆਪਣੀ ਪਤਨੀ ਕੰਚਨ ਸ਼ਰਮਾ ‘ਤੇ ਗੰਭੀਰ ਦੋਸ਼ ਲਾਏ ਹਨ। ਹੁਣ ਇਸ ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਨੇ ਕਿਹਾ ਹੈ ਕਿ ਮਰਹੂਮ ਅਦਾਕਾਰ ਦੀ ਪਤਨੀ ਕੰਚਨ ਸ਼ਰਮਾ ਤੇ ਸੱਸ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਨੇ ਧਾਰਾ 306 ਤਹਿਤ ਕੇਸ ਦਰਜ ਕਰ ਲਿਆ ਹੈ।
ਸੰਦੀਪ ਨਾਹਰ ਦੇ ਪਰਿਵਾਰ ਨੇ ਇਹ ਕਹਿੰਦੇ ਹੋਏ ਇਕ ਕੇਸ ਦਾਇਰ ਕੀਤਾ ਕਿ ਉਸ ਦੀ ਪਤਨੀ ਕੰਚਨ ਸ਼ਰਮਾ ਤੇ ਸੱਸ ਉਸ ‘ਤੇ ਦਬਾਅ ਬਣਾਉਂਦੇ ਸਨ, ਜਿਸ ਕਰਕੇ ਸੰਦੀਪ ਨੇ ਖੁਦਕੁਸ਼ੀ ਵਰਗਾ ਵੱਡਾ ਕਦਮ ਚੁੱਕਿਆ। ਸੰਦੀਪ ਨਾਹਰ ਦੇ ਪਿਤਾ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਅਧਾਰ ‘ਤੇ ਪੁਲਿਸ ਜਾਂਚ ਕਰ ਰਹੀ ਹੈ। ਇਸ ਦੇ ਨਾਲ ਹੀ ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਸੁਸਾਈਡ ਨੋਟ ਫੇਸਬੁੱਕ ਤੋਂ ਕਿਵੇਂ ਗਾਇਬ ਹੋਇਆ। 16 ਫਰਵਰੀ ਨੂੰ, ਪੁਲਿਸ ਨੇ ਪੁਸ਼ਟੀ ਕੀਤੀ ਕਿ ਉਹਨਾਂ ਨੇ ਸੰਦੀਪ ਦੇ ਸੁਸਾਈਡ ਨੋਟ ਤੇ ਵੀਡੀਓ ਨੂੰ ਨਹੀਂ ਮਿਟਾਇਆ ਸੀ। ਵੀਡੀਓ ਨੂੰ ਮਿਟਾਉਣ ਲਈ ਪੁਲਿਸ ਨੂੰ ਕੋਈ ਬੇਨਤੀ ਨਹੀਂ ਭੇਜੀ ਗਈ, ਤੇ ਨਾ ਹੀ ਅਸੀਂ ਕੋਈ ਪੋਸਟ ਮਿਟਾ ਦਿੱਤੀ ਹੈ। ਸ਼ਾਇਦ ਫੇਸਬੁਕ ਨੇ ਆਪਣੀ ਨੀਤੀ ਤਹਿਤ ਇਸ ਨੂੰ ਮਿਟਾ ਦਿੱਤਾ ਹੈ। ਫੇਸਬੁੱਕ ਨੂੰ ਕਿਸੇ ਵੀ ਇਤਰਾਜ਼ਯੋਗ ਸਮੱਗਰੀ ਦੀ ਰਿਪੋਰਟ ਕਰਨ ‘ਤੇ, ਉਹ ਇਸ ਨੂੰ ਮਿਟਾ ਦਿੰਦੇ ਹਨ। ਸੰਦੀਪ ਨਾਹਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਸਨੇ ਫਿਲਮਾਂ ‘ਐਮ ਐਸ ਧੋਨੀ ਦਿ ਅਨਟੋਲਡ ਸਟੋਰੀ’ ਤੇ ‘ਕੇਸਰੀ’ ‘ਚ ਕੰਮ ਕੀਤਾ। ਇਸ ਤੋਂ ਇਲਾਵਾ ਉਸਨੇ ਕਈ ਸੀਰੀਅਲਾਂ ‘ਚ ਵੀ ਕੰਮ ਕੀਤਾ। ਅਦਾਕਾਰ ਅਕਸ਼ੈ ਕੁਮਾਰ, ਅਨੁਪਮ ਖੇਰ ਸਮੇਤ ਕਈ ਮਸ਼ਹੂਰ ਵਿਅਕਤੀਆਂ ਨੇ ਉਨ੍ਹਾਂ ਦੀ ਮੌਤ ‘ਤੇ ਦੁੱਖ ਜ਼ਾਹਰ ਕੀਤਾ।