ਨਵੀਂ ਦਿੱਲੀ : ਆਮ ਆਦਮੀ ਪਾਰਟੀ ਆਗੂ ਅਤੇ ਕਵੀ ਕੁਮਾਰ ਵਿਸ਼ਵਾਸ ਮੁਸੀਬਤ ‘ਚ ਘਿਰ ਗਏ ਹਨ ਉਨ੍ਹਾਂ ਨੂੰ ਕਵੀ ਸੰਮੇਲਨ ‘ਚ ਚੁਟਕਲੇ ਸੁਣਾਉਣਾ ਮਹਿੰਗਾ ਪੈ ਗਿਆ। ਕੁਮਾਰ ਵਿਸ਼ਵਾਸ ਨੇ ਬੀਤੇ ਸ਼ੁਕਰਵਾਰ ਐਨਆਈਟੀ ਦੁਸ਼ਹਿਰਾ ਮੈਦਾਨ ‘ਚ ਕਰਵਾਏ ਕਵੀ ਸੰਮੇਲਨ ਵਿੱਚ ਸਰਦਾਰਾਂ ‘ਤੇ ਚੁਟਕਲੇ ਸੁਣਾਏ ਸਨ, ਜਿਸ ਮਗਰੋਂ ਵਿਵਾਦ ਖੜਾ ਹੋ ਗਿਆ। ਕੁਮਾਰ ਵਿਸ਼ਵਾਸ ਉਨ੍ਹਾਂ ਵਿਰੁੱਧ ਐਸਜੀਐਮ ਨਗਰ ਫ਼ਰੀਦਾਬਾਦ ਥਾਣੇ ‘ਚ ਮਾਮਲਾ ਦਰਜ ਕਰਵਾਇਆ ਗਿਆ ਹੈ।
ਐਤਵਾਰ ਨੂੰ ਸਿੱਖਾਂ ਨੇ ਕੁਮਾਰ ਵਿਸ਼ਵਾਸ ਵਿਰੁੱਧ ਐਸਜੀਐਮ ਨਗਰ ਥਾਣੇ ਵਿੱਚ ਸ਼ਿਕਾਇਤ ਦਿੰਦਿਆਂ ਕੇਸ ਦਰਜ ਕਰਨ ਦੀ ਮੰਗ ਕੀਤੀ। ਉਨ੍ਹਾਂ ਨੇ ਪੁਲਿਸ ਨੂੰ ਸਬੂਤ ਵਜੋਂ ਕਵੀ ਸੰਮੇਲਨ ਦੀ ਵੀਡੀਓ ਵੀ ਸੌਂਪੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਭਾਜਪਾ ਵਿਧਾਇਕਾ ਸੀਮਾ ਤ੍ਰਿਖਾ ਵੱਲੋਂ ਸਰਹੱਦ ‘ਤੇ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਕਰਵਾਏ ਕਵੀ ਸੰਮੇਲਨ ਵਿੱਚ ਕੁਮਾਰ ਵਿਸ਼ਵਾਸ ਵੀ ਪਹੁੰਚੇ ਸਨ। ਦੋ ਘੰਟੇ ਚੱਲੇ ਇਸ ਸਮਾਗਮ ਦੌਰਾਨ ਵਿਸ਼ਵਾਸ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੱਲ ਇਸ਼ਾਰਾ ਕਰਦਿਆਂ ਵਿਅੰਗ ਕੱਸਿਆ ਸੀ।
ਫ਼ਰੀਦਾਬਾਦ ਸਰਬ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਰਵਿੰਦਰ ਸਿੰਘ ਰਾਣਾ ਨੇ ਕਿਹਾ ਕਿ ਕੁਮਾਰ ਵਿਸ਼ਵਾਸ ਨੇ ਜਾਣਬੁੱਝ ਕੇ ਵਿਵਾਦਤ ਟਿੱਪਣੀ ਕੀਤੀ ਹੈ, ਜਿਸ ਨਾਲ ਸਿੱਖ ਧਰਮ ਅਤੇ ਇਸ ਦੇ ਪੈਰੋਕਾਰਾਂ ਦਾ ਅਪਮਾਨ ਹੋਇਆ ਹੈ।
ਕੁਮਾਰ ਵਿਸ਼ਵਾਸ ਨੇ ਮੰਗੀ ਮਾਫ਼ੀ : ਮਾਮਲਾ ਦਰਜ ਹੋਣ ਮਗਰੋਂ ਕੁਮਾਰ ਵਿਸ਼ਵਾਸ ਨੇ ਸੋਸ਼ਲ ਮੀਡੀਆ ‘ਤੇ ਆਪਣੀ ਇਕ ਵੀਡੀਓ ਪਾਈ ਹੈ, ਜਿਸ ‘ਚ ਉਹ ਮਾਫ਼ੀ ਮੰਗ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਵੀਡੀਓ 10-12 ਸਾਲ ਪੁਰਾਣੀ ਹੈ ਅਤੇ ਇਸ ਨੂੰ ਤੋੜ-ਮਰੋੜ ਕੇ ਵਾਇਰਲ ਕੀਤਾ ਗਿਆ ਹੈ। ਉਨ੍ਹਾਂ ਕਿਹਾ, “ਮੈਂ ਉਸ ਪਰਿਵਾਰ ਤੋਂ ਆਉਂਦਾ ਹਾਂ, ਜਿੱਥੇ ਸਿਖਾਇਆ ਜਾਂਦਾ ਹੈ ਕਿ ਹਰ ਧਰਮ ਦੇ ਲੋਕਾਂ, ਸੰਤਾਂ, ਪੀਰਾਂ ਅਤੇ ਗੁਰੂਆਂ ਦੀ ਇੱਜਤ ਕਰੋ, ਕਿਉਂਕਿ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਤੁਸੀ ਅੱਗੇ ਵੱਧਦੇ ਹੋ। ਜੇ ਮੇਰੀ ਕਹਿ ਕਿਸੇ ਗੱਲ ਤੋਂ ਤੁਹਾਨੂੰ ਦੁੱਖ ਪੁੱਜਾ ਤਾਂ ਮੈਂ ਹੱਥ ਜੋੜ ਕੇ ਮਾਫ਼ੀ ਮੰਗਦਾ ਹਾਂ।”