ਓਟਾਵਾ: ਨੈਸ਼ਨਲ ਐਡਵਾਈਜ਼ਰੀ ਕਮੇਟੀ ਆਨ ਇਮਿਊਨਾਈਜ਼ੇਸ਼ਨ ਵੱਲੋਂ ਕੋਵਿਡ-19 ਵੈਕਸੀਨ ਦੀ ਦੂਜੀ ਡੋਜ਼ ਨੂੰ ਲੈ ਕੇ ਜਾਰੀ ਕੀਤੇ ਗਏ ਨਵੇਂ ਦਿਸ਼ਾ ਨਿਰਦੇਸ਼ਾਂ ਤਹਿਤ ਇਹ ਸਿਫਾਰਿਸ਼ ਕੀਤੀ ਗਈ ਹੈ ਕਿ ਦੂਜੇ ਰਾਊਂਡ ਵਿੱਚ ਵੀ ਸਬੰਧਤ ਵਿਅਕਤੀ ਨੂੰ ਪਹਿਲੇ ਰਾਊਂਡ ਵਿੱਚ ਲਾਏ ਗਏ ਟੀਕੇ ਦੀ ਹੀ ਦੂਜੀ ਡੋਜ਼ ਦਿੱਤੀ ਜਾਵੇ।
NACI ਨੇ ਇਹ ਵੀ ਆਖਿਆ ਹੈ ਕਿ ਜੇ ਕਿਸੇ ਵਿਅਕਤੀ ਨੂੰ ਪਹਿਲਾਂ ਲਾਏ ਗਏ ਟੀਕੇ ਵਾਲੀ ਵੈਕਸੀਨ ਦੀ ਦੂਜੀ ਡੋਜ਼ ਉਪਲਬਧ ਨਹੀਂ ਹੈ ਤਾਂ ਆਕਸਫੋਰਡ ਐਸਟ੍ਰਾਜ਼ੈਨੇਕਾ ਦੀ ਥਾਂ ਉੱਤੇ ਜੌਹਨਸਨ ਐਂਡ ਜੌਹਨਸਨ ਅਤੇ ਫਾਈਜ਼ਰ ਬਾਇਓਐਨਟੈਕ ਦੀ ਥਾਂ ਉੱਤੇ ਮੌਡਰਨਾ ਲਗਾਈ ਜਾ ਸਕਦੀ ਹੈ, ਦੋਵੇਂ ਐਮ ਆਰ ਐਨ ਏ ਵੈਕਸੀਨਜ਼ ਹਨ।
ਪਰ ਜਦੋਂ ਵਾਇਰਲ ਵੈਕਟਰ ਵੈਕਸੀਨਜ਼ ਐਸਟ੍ਰਾਜ਼ੈਨੇਕਾ ਤੇ ਜੌਹਨਸਨ ਐਂਡ ਜੌਹਨਸਨ ਦੀ ਗੱਲ ਆਉਂਦੀ ਹੈ ਤਾਂ ਮਾਮਲਾ ਥੋੜ੍ਹਾ ਵਿਵਾਦਗ੍ਰਸਤ ਹੈ।ਜੌਹਨਸਨ ਐਂਡ ਜੌਹਨਸਨ ਦੀ 300,000 ਡੋਜ਼ਾਂ ਦੀ ਪਹਿਲੀ ਖੇਪ ਦੀ ਵੰਡ ਉੱਤੇ ਅਜੇ ਵੀ ਰੋਕ ਜਾਰੀ ਹੈ।ਹੈਲਥ ਕੈਨੇਡਾ ਨੂੰ ਇਹ ਜਾਣਕਾਰੀ ਮਿਲਣ ਤੋਂ ਬਾਅਦ ਇਸ ਵੈਕਸੀਨ ਦੀ ਵੰਡ ਉੱਤੇ ਰੋਕ ਲਾ ਦਿੱਤੀ ਗਈ ਸੀ ਕਿ ਇਸ ਬੈਚ ਦੇ ਕੁੱਝ ਹਿੱਸੇ ਮੈਰੀਲੈਂਡ ਫੈਸਿਲਿਟੀ ਵਿੱਚ ਤਿਆਰ ਕੀਤੇ ਗਏ ਹਨ, ਜਿੱਥੇ ਕੁਆਲਿਟੀ ਕੰਟਰੋਲ ਦੀ ਸਮੱਸਿਆ ਹੈ।