ਜਦੋਂ 20 ਹਜ਼ਾਰ ਫੁੱਟ ਦੀ ਉਚਾਈ ‘ਤੇ ਨਹੀਂ ਖੁਲ੍ਹਿਆ ਪੈਰਾਸ਼ੂਟ, ਫਿਰ ਟੂਰਿਸਟ ਨਾਲ ਹੋਇਆ ਕੁਝ ਅਜਿਹਾ

TeamGlobalPunjab
2 Min Read

ਤਨਜ਼ਾਨੀਆ: ਪੂਰਬੀ ਅਫਰੀਕਾ ਦੇ ਤਨਜ਼ਾਨੀਆ ‘ਚ ਕਿਲੀਮੰਜਾਰੋ ਪਹਾੜੀ ‘ਤੇ ਪੈਰਾਗਲਾਈਡਿੰਗ ਦੌਰਾਨ ਕੈਨੇਡਾ ਦੇ ਇੱਕ ਸੈਲਾਨੀ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਯਾਤਰੀ ਦਾ ਪੈਰਾਸ਼ੂਟ ਨਹੀਂ ਖੁੱਲ੍ਹਿਆ ਜਿਸ ਵਜ੍ਹਾਂ ਕਾਰਨ ਉਹ ਕਾਫੀ ਉਚਾਈ ਤੋਂ ਹੇਠਾਂ ਜ਼ਮੀਨ ‘ਤੇ ਡਿੱਗ ਗਿਆ। ਦੱਸ ਦੇਈਏ ਕਿ ਮਾਊਂਟ ਕਿਲੀਮੰਜਾਰੋ ਅਫਰੀਕਾ ‘ਚ ਸਭ ਤੋਂ ਉੱਚੀ ਚੋਟੀ ਹੈ। ਇਸ ਦੀ ਸਮੁੰਦਰ ਤੋਂ ਉਚਾਈ ਲਗਭਗ 6 ਹਜ਼ਾਰ ਮੀਟਰ (20 ਹਜ਼ਾਰ ਫੁੱਟ) ਹੈ।

ਤਨਜ਼ਾਨੀਆ ਨੈਸ਼ਨਲ ਪਾਰਕਸ (ਟਾਨਾਪਾ) ਦੇ ਅਧਿਕਾਰੀਆਂ ਨੇ ਐਤਵਾਰ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ। TANAPA ਦੇ ਸੀਨੀਅਰ ਅਸਿਸਟੈਂਟ ਕੰਜ਼ਰਵੇਸ਼ਨ ਕਮਿਸ਼ਨਰ ਪਾਸਕਲ ਸ਼ਲਯੂਟੇਟ ਦੇ ਅਨੁਸਾਰ, ਕੈਨੇਡਾ ਦੇ 51 ਸਾਲਾ ਜਸਟਿਨ ਕਿਲੋ ਨੇ 20 ਸਤੰਬਰ ਨੂੰ ਕਿਲੀਮੰਜਾਰੋ ਪਹਾੜੀ ‘ਤੇ ਚੜ੍ਹਾਈ ਕੀਤੀ ਤੇ ਉਹ ਪੈਰਾਗਲਾਈਡਿੰਗ ਰਾਹੀਂ ਇਸ ਤੋਂ ਹੇਠਾਂ ਉਤਰਨਾ ਚਾਹੁੰਦਾ ਸੀ।

ਉਸ ਨੇ ਸ਼ਨੀਵਾਰ ਨੂੰ ਹੈਲੀਕਾਪਟਰ ਤੋਂ ਛਾਲ ਮਾਰੀ ਸੀ ਤੇ ਐਨ ਮੌਕੇ ‘ਤੇ ਉਸ ਦਾ ਪੈਰਾਸ਼ੂਟ ਨਹੀਂ ਖੁੱਲ੍ਹਿਆ ਅਤੇ ਉਹ ਸਿੱਧਾ ਜ਼ਮੀਨ ‘ਤੇ ਜਾ ਡਿੱਗਿਆ। ਅਧਿਕਾਰੀਆਂ ਨੇ ਦੱਸਿਆ ਕਿ ਜਸਟਿਨ ਦੇ ਪਰਿਵਾਰ ਤੇ ਕੈਨੇਡੀਅਨ ਹਾਈ ਕਮਿਸ਼ਨਰ ਨੂੰ ਉਸਦੀ ਮੌਤ ਦੀ ਜਾਣਕਾਰੀ ਦੇ ਦਿੱਤੀ ਗਈ ਹੈ।

ਤੁਹਾਨੂੰ ਦੱਸ ਦੇਈਏ ਕਿ ਹਰ ਸਾਲ ਲਗਭਗ 50 ਹਜ਼ਾਰ ਸੈਲਾਨੀ ਪੂਰਬੀ ਅਫਰੀਕਾ ਦੇ ਸਭ ਤੋਂ ਵੱਡੇ ਟੂਰਿਸਟ-ਸਪਾਟ ਕਿਲੀਮੰਜਾਰੋ ‘ਤੇ ਚੜ੍ਹਾਈ ਕਰਦੇ ਹਨ। ਪੈਰਾਗਲਾਈਡਿੰਗ ਇਕ ਅਜਿਹੀ ਗਤੀਵਿਧੀ ਹੈ ਜਿਸ ‘ਚ ਸੈਲਾਨੀ ਦਿਲਚਸਪੀ ਲੈਂਦੇ ਹਨ। ਸੈਰ-ਸਪਾਟਾ ਤਨਜ਼ਾਨੀਆ ‘ਚ ਆਮਦਨ ਦਾ ਇੱਕ ਵੱਡਾ ਸਰੋਤ ਹੈ ਤੇ ਅਰਥਚਾਰੇ ਦਾ ਇੱਕ ਮਹੱਤਵਪੂਰਣ ਹਿੱਸਾ ਹੈ।

Share this Article
Leave a comment