ਨਿਊਜ਼ ਡੈਸਕ: ਹੈਲੀਫੈਕਸ ਪੁਲਿਸ ਦਾ ਕਹਿਣਾ ਹੈ ਕਿ ਪਿਛਲੇ ਮਹੀਨੇ ਸ਼ਹਿਰ ਦੇ ਇੱਕ ਵਾਲਮਾਰਟ ਦੇ ਇੱਕ ਵੱਡੇ ਓਵਨ ਦੇ ਅੰਦਰ ਮ੍ਰਿਤ ਮਿਲੀ 19 ਸਾਲਾ ਲੜਕੀ ਦੀ ਮੌਤ ਦੇ ਸ਼ੱਕੀ ਹੋਣ ਦਾ ਕੋਈ ਸਬੂਤ ਨਹੀਂ ਹੈ। 19 ਅਕਤੂਬਰ ਨੂੰ ਵਾਲਮਾਰਟ ਦੀ ਮੁਲਾਜ਼ਮ, ਗੁਰਸਿਮਰਨ ਕੌਰ ਦੀ ਝੁਲਸੀ ਹੋਈ ਲਾਸ਼ ਸਟੋਰ ਦੀ ਬੇਕਰੀ ਅੰਦਰ ਮੌਜੂਦ ਵੱਡੇ ਓਵਨ ਚੋਂ ਮਿਲੀ ਸੀ।
ਸੋਮਵਾਰ ਨੂੰ ਹੈਲੀਫ਼ੈਕਸ ਰੀਜਨਲ ਪੁਲਿਸ ਨੇ ਇੱਕ ਨਿਊਜ਼ ਰਿਲੀਜ਼ ਵਿਚ ਅਪਡੇਟ ਦਿੰਦਿਆਂ ਕਿਹਾ ਕਿ ਲੜਕੀ ਦੀ ਮੌਤ ਸ਼ੱਕੀ ਨਹੀਂ ਸੀ, ਪਰ ਉਸਦੀ ਮੌਤ ਕਿਵੇਂ ਹੋਈ ਇਹ ਵੇਰਵੇ ਨਹੀਂ ਦੱਸੇ।
ਮੈਰੀਟਾਈਮ ਸਿੱਖ ਸੁਸਾਇਟੀ ਦੇ ਅਨੁਸਾਰ ਗੁਰਸਿਮਰਨ ਕੌਰ ਦੋ ਸਾਲ ਪਹਿਲਾਂ ਆਪਣੀ ਮਾਂ ਨਾਲ ਕੈਨੇਡਾ ਆਈ ਸੀ। ਸੰਸਥਾ ਨੇ ਦੱਸਿਆ ਸੀ ਕਿ ਲੜਕੀ ਦੀ ਮਾਂ – ਜੋ ਆਪ ਵੀ ਉਸੇ ਵਾਲਮਾਰਟ ਵਿਚ ਕੰਮ ਕਰਦੀ ਸੀ ਉਸ ਨੂੰ ਉਸਦੀ ਬੇਟੀ ਦੀ ਲਾਸ਼ ਮਿਲੀ ਸੀ। ਮਮਫ਼ੋਰਡ ਰੋਡ ‘ਤੇ ਸਥਿਤ ਵਾਲਮਾਰਟ ਸਟੋਰ ਨੂੰ ਲੋਕਾਂ ਲਈ ਬੰਦ ਕੀਤਾ ਹੋਇਆ ਹੈ। 28 ਅਕਤੂਬਰ ਨੂੰ ਸੂਬੇ ਦੇ ਲੇਬਰ ਵਿਭਾਗ ਨੇ ਉਕਤ ਵਾਲਮਾਰਟ ਦੀ ਬੇਕਰੀ ਅਤੇ ਉਪਕਰਨਾਂ ਦੇ ਕੰਮਕਾਜ ਨੂੰ ਰੋਕਣ ਦੇ ਦਿੱਤੇ ਨਿਰਦੇਸ਼ ਵੀ ਵਾਪਸ ਲੈ ਲਏ ਸਨ।
ਵਾਲਮਾਰਟ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਬੇਕਰੀ ਦੇ ਓਵਨ ਨੂੰ ਸਟੋਰ ਤੋਂ ਹਟਾਇਆ ਜਾ ਰਿਹਾ ਹੈ। ਕੰਪਨੀ ਨੇ ਕਿਹਾ ਕਿ ਓਵਨ ਨੂੰ ਹਟਾਇਆ ਜਾਣਾ ਹਮੇਸ਼ਾ ਤੋਂ ਦੇਸ਼ ਭਰ ਵਿੱਚ ਲਾਗੂ ਕੀਤੇ ਜਾਾਂਦੇ ਇੱਕ ਮਿਆਰੀ ਰੀਮਾਡਲ ਪ੍ਰੋਗਰਾਮ ਦਾ ਹਿੱਸਾ ਰਿਹਾ ਹੈ।