ਕੈਨੇਡਾ ਦੀ ਆਰਥਿਕਤਾ ਨੂੰ ਮਿਲਿਆ ਹੁਲਾਰਾ, ਦਸੰਬਰ ‘ਚ ਪੈਦਾ ਹੋਈਆਂ ਵਾਧੂ ਨੌਕਰੀਆਂ

Prabhjot Kaur
2 Min Read

ਟੋਰਾਂਟੋ: ਕੈਨੇਡਾ ‘ਚ ਆਰਥਿਕ ਮੰਦੀ ਦੇ ਸੰਕੇਤਾਂ ਵਿਚਾਲੇ ਰੁਜ਼ਗਾਰ ਖੇਤਰ ਨੂੰ ਜ਼ੋਰਦਾਰ ਹੁੰਗਾਰਾ ਮਿਲਿਆ ਹੈ। ਦਸੰਬਰ ਮਹੀਨੇ ਦੌਰਾਨ ਕੈਨੇਡੀਅਨ ਅਰਥਚਾਰੇ ‘ਚ 1 ਲੱਖ 4 ਹਜ਼ਾਰ ਨੌਕਰੀਆਂ ਪੈਦਾ ਹੋਈਆਂ ਅਤੇ ਬੇਰੁਜ਼ਗਾਰੀ ਦਰ ਘਟ ਕੇ 5 ਫੀਸਦੀ ‘ਤੇ ਆ ਗਈ, ਜਦਕਿ ਆਰਥਿਕ ਮਾਹਰਾਂ ਵੱਲੋਂ ਸਿਰਫ਼ 5 ਹਜ਼ਾਰ ਨੌਕਰੀਆਂ ਪੈਦਾ ਹੋਣ ਅਤੇ ਬੇਰੁਜ਼ਗਾਰੀ ਦਰ 5.2 ਫ਼ੀਸਦੀ ਰਹਿਣ ਦੀ ਭਵਿੱਖਵਾਣੀ ਕੀਤੀ ਜਾ ਰਹੀ ਸੀ।

ਸਭ ਤੋਂ ਵੱਧ ਨੌਕਰੀਆਂ ਕੰਸਟ੍ਰਕਸ਼ਨ, ਟ੍ਰਾਂਸਪੋਰਟੇਸ਼ਨ, ਵੇਅਰਹਾਊਸਿੰਗ ਅਤੇ ਫੂਡ ਸਰਵਿਸਿਜ਼ ‘ਚ ਪੈਦਾ ਹੋਈਆਂ ਜਦਕਿ ਲਾਭ ਹਾਸਲ ਕਰਨ ਵਾਲੇ ਸੂਬਿਆਂ ‘ਚ ਓਨਟਾਰੀਓ, ਐਲਬਰਟਾ ਅਤੇ ਬ੍ਰਿਟਿਸ਼ ਕੋਲੰਬੀਆ ਸਭ ਤੋਂ ਅੱਗ ਰਹੇ। ਕੰਸਟ੍ਰਕਸ਼ਨ ਸੈਕਟਰ ‘ਚ 35 ਹਜ਼ਾਰ ਨੌਕਰੀਆਂ ਪੈਦਾ ਹੋਈਆਂ, ਜਦਕਿ ਟ੍ਰਾਂਸਪੋਰਟੇਸ਼ਨ ਅਤੇ ਵੇਅਰਹਾਊਸਿੰਗ ਖੇਤਰਾਂ ‘ਚ ਰੁਜ਼ਗਾਰ ਦੇ 29 ਹਜ਼ਾਰ ਮੌਕੇ ਪੈਦਾ ਹੋਏ।

ਇਨਫਾਰਮੇਸ਼ਨ, ਕਲਚਰ ਅਤੇ ਰੀਕਰੀਏਸ਼ਨ ਸੈਕਟਰ ‘ਚ 25 ਹਜ਼ਾਰ ਨਵੇਂ ਕਿਰਤੀਆਂ ਦੀ ਭਰਤੀ ਕੀਤੀ ਗਈ ਜਦਕਿ ਅਕੌਮੋਡੇਸ਼ਨ ਅਤੇ ਫੂਡ ਸਰਵਿਸਿਜ਼ ‘ਚ 13 ਹਜ਼ਾਰ ਨਵੇਂ ਮੌਕੇ ਪੈਦਾ ਹੋਏ। ਦੂਜੇ ਪਾਸੇ ਹੈਲਥ ਕੇਅਰ ਸੈਕਟਰ ‘ਚ 17 ਹਜ਼ਾਰ ਨੌਕਰੀਆਂ ਦਾ ਨੁਕਸਾਨ ਵੀ ਦਰਜ ਕੀਤਾ ਗਿਆ। ਓਨਟਾਰੀਓ ‘ਚ ਸਭ ਤੋਂ ਵੱਘ 42 ਹਜ਼ਾਰ ਅਤੇ ਐਲਬਰਟਾ ‘ਚ 25 ਹਜ਼ਾਰ ਨਵੇਂ ਰੁਜ਼ਗਾਰ ਪੈਦਾ ਹੋਏ।

ਰੁਜ਼ਗਾਰ ਖੇਤਰ ਦੀ ਮਜ਼ਬੂਤੀ ਤੋਂ ਬਾਅਦ ਬੈਂਕ ਆਫ਼ ਕੈਨੇਡਾ ਦੀ 25 ਜਨਵਰੀ ਨੂੰ ਹੋਣ ਵਾਲੀ ਮੀਟਿੰਗ ਦੌਰਾਨ ਵਿਆਜ ਦਰਾਂ ਵਿਚ 0.25 ਫ਼ੀਸਦੀ ਵਾਧਾ ਯਕੀਨੀ ਮੰਨਿਆ ਜਾ ਰਿਹਾ ਹੈ। ਕੈਨੇਡਾ ਦੇ ਕਈ ਕਮਰਸ਼ੀਅਲ ਬੈਂਕਾਂ ਵੱਲੋਂ ਵਿਆਜ ਦਰਾਂ ‘ਚ ਵਾਧਾ ਨਾਂ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਸੀ ਪਰ ਰੁਜ਼ਗਾਰ ਖੇਤਰ ਦੇ ਅੰਕੜਿਆਂ ਤੋਂ ਬਾਅਦ ਉਨ੍ਹਾਂ ਵਲੋਂ ਵੀ ਭਵਿੱਖਬਾਣੀ ਬਦਲ ਦਿੱਤੀ ਗਈ।

- Advertisement -

ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਮੁਤਾਬਕ ਨਵੰਬਰ ਦੇ ਮੁਕਾਬਲੇ ਦਸੰਬਰ ‘ਚ 1 ਲੱਖ 30 ਹਜ਼ਾਰ ਵੱਧ ਕੈਨੇਡੀਅਨ ਕੰਮ ਕਰ ਰਹੇ ਸਨ। ਕਾਮਿਆਂ ਦੀ ਵਧਦੀ ਮੰਗ ਨੇ ਉਜਰਤ ਦਰਾਂ ‘ਚ ਵੀ ਵਾਧਾ ਜਾਰੀ ਰੱਖਿਆ ਅਤੇ ਕਮਾਈ 5 ਫ਼ੀਸਦੀ ਤੱਕ ਵਧ ਗਈ। ਬੈਂਕ ਆਫ਼ ਮੌਂਟਰੀਅਲ ਦੇ ਚੀਫ਼ ਇਕੌਨਮਿਸਟ ਡਗਲਸ ਪੋਰਟਰ ਨੇ ਕਿਹਾ ਕਿ ਬਿਨਾਂ ਸ਼ੱਕ ਇਕ ਲੱਖ ਤੋਂ ਵੱਧ ਨੌਕਰੀਆਂ ਕਿਸੇ ਵੱਡੀ ਪ੍ਰਾਪਤੀ ਤੋਂ ਘੱਟ ਨਹੀਂ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment